ਕਰਫਿਊ ''ਚ ਢਿੱਲ ਸਮੇਂ ਢਿੱਲੀਆਂ ਹੋਈਆਂ ਲੋਕਾਂ ਦੀਆਂ ਜੇਬਾਂ

08/27/2017 4:51:17 PM


ਮੋਗਾ(ਪਵਨ ਗਰੋਵਰ/ਗੋਪੀ ਰਾਊਕੇ) - ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬੀਤੇ ਕੱਲ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਕਰ ਕੇ ਅੱਜ ਮਾਲਵੇ ਦੇ 10 ਜ਼ਿਲਿਆਂ 'ਚ ਸੁਰੱਖਿਆ ਕਾਰਨਾਂ ਕਰ ਕੇ ਲਾਏ ਗਏ ਕਰਫਿਊ ਦੌਰਾਨ ਮੋਗਾ ਸ਼ਹਿਰ 'ਚ ਜਦੋਂ ਸਵੇਰੇ 10 ਤੋਂ 11 ਵਜੇ ਤੇ ਦੇਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਕਰਫਿਊ ਵਿਚ ਢਿੱਲ ਦਿੱਤੀ ਗਈ ਤਾਂ ਮਿਲੇ ਸਮੇਂ ਦੌਰਾਨ ਸ਼ਹਿਰੀਆਂ ਨੇ ਮਹਿੰਗੇ ਮੁੱਲ ਦੀਆਂ ਸਬਜ਼ੀਆਂ ਦੀ ਖਰੀਦ ਕੀਤੀ, ਜਿਸ ਨਾਲ ਦੁਕਾਨਦਾਰਾਂ ਦੀ ਚਾਂਦੀ ਰਹੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਸ਼ਹਿਰੀ ਨੇ ਅੱਜ ਸਬਜ਼ੀਆਂ ਖਰੀਦਣ ਤੋਂ ਪਹਿਲਾਂ ਉਨ੍ਹਾਂ ਦਾ ਰੇਟ ਪੁੱਛਣ ਦੀ ਬਜਾਏ ਪਹਿਲਾਂ ਸਬਜ਼ੀ ਦੀ ਖਰੀਦ ਕੀਤੀ ਤੇ ਫਿਰ ਚੁੱਪ ਵੱਟੀ ਬੈਠੇ ਦੁਕਾਨਦਾਰ ਵੱਲੋਂ ਜਿੰਨੇ ਪੈਸੇ ਮੰਗੇ ਉਨੇ ਹੀ ਦੇ ਦਿੱਤੇ। 
ਜਾਣਕਾਰੀ ਅਨੁਸਾਰ 2 ਦਿਨ ਪਹਿਲਾਂ 25 ਤੋਂ 30 ਰੁਪਏ ਕਿਲੋ ਵਿਕਣ ਵਾਲੀ ਸ਼ਿਮਲਾ ਮਿਰਚ ਅੱਜ ਮੋਗਾ ਮੰਡੀ 'ਚ 80 ਰੁਪਏ ਕਿਲੋ ਤੱਕ ਵਿਕੀ, ਜਦਕਿ ਹਰੇ ਮਟਰ 100 ਰੁਪਏ, ਟਮਾਟਰ 100 ਰੁਪਏ, ਆਲੂ 30 ਰੁਪਏ, ਗੋਭੀ 60 ਰੁਪਏ, ਪਿਆਜ਼ 50 ਰੁਪਏ ਪ੍ਰਤੀ ਕਿਲੋ ਤੱਕ ਵਿਕੇ। ਸਬਜ਼ੀ ਵਿਕ੍ਰੇਤਾ ਰਾਮ ਕ੍ਰਿਸ਼ਨ ਦਾ ਕਹਿਣਾ ਸੀ ਕਿ 2 ਦਿਨਾਂ ਤੋਂ ਮੋਗਾ ਮੰਡੀ 'ਚ ਵਿਕਣ ਲਈ ਸਬਜ਼ੀਆਂ ਦੀ ਆਮਦ ਨਹੀਂ ਹੋਈ, ਜਿਸ ਕਾਰਨ ਦੁਕਾਨਦਾਰਾਂ ਵੱਲੋਂ ਪਹਿਲਾਂ ਦੀ ਸਟੋਰ ਕੀਤੀ ਸਬਜ਼ੀ ਦੀ ਵੇਚ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ 2-3 ਦਿਨ ਲਗਾਤਾਰ ਕਰਫਿਊ ਦੀ ਸਥਿਤੀ ਬਣੀ ਰਹੀ ਤਾਂ ਲੋਕਾਂ ਨੂੰ ਲੋੜ ਅਨੁਸਾਰ ਸਬਜ਼ੀਆਂ ਮੁਹੱਈਆ ਕਰਵਾਉਣੀਆਂ ਮੁਸ਼ਕਿਲ ਹੋਣਗੀਆਂ ਤੇ ਦੁਕਾਨਦਾਰ ਕੋਲ ਮੋਗਾ ਮੰਡੀ 'ਚ ਸਬਜ਼ੀਆਂ ਦਾ ਪਿਆ ਲਗਭਗ ਸਾਰਾ ਸਟਾਕ ਖ਼ਤਮ ਹੋ ਗਿਆ ਹੈ। 

ਬਚਿਆ-ਖੁਚਿਆ ਸਭ ਮਾਲ ਗਾਇਬ
ਸ਼ਹਿਰ ਦੇ ਵਿਚਕਾਰ ਪੁਰਾਣੀ ਦਾਣਾ ਮੰਡੀ ਵਿਖੇ ਕਰਫਿਊ 'ਚ ਢਿੱਲ ਦੇ ਸਮੇਂ ਮੇਲੇ ਵਾਲਾ ਮਾਹੌਲ ਬਣ ਗਿਆ। ਆਮ ਤੌਰ 'ਤੇ ਸਬਜ਼ੀਆਂ ਖਰੀਦਣ ਸਮੇਂ ਚੰਗੀ ਤਰ੍ਹਾਂ ਪਰਖ ਕਰਨ ਵਾਲੇ ਗਾਹਕਾਂ ਦੇ ਨਖਰੇ ਕਰਫਿਊ ਦੀ ਢਿੱਲ ਸਮੇਂ ਦੁਕਾਨਦਾਰਾਂ ਦੇ ਸਾਹਮਣੇ ਨਹੀਂ ਚੱਲੇ। ਇੱਥੋਂ ਤੱਕ ਕਿ ਕਈ ਦੁਕਾਨਦਾਰਾਂ ਨੇ ਪਿਛਲੇ ਦਿਨਾਂ ਦਾ ਬਚਿਆ-ਖੁਚਿਆ ਮਾਲ ਵੀ ਗਾਹਕਾਂ ਨੂੰ ਮਹਿੰਗੇ ਭਾਅ 'ਤੇ ਵੇਚਿਆ।

ਭਾਵੇਂ ਮਹਿੰਗੀ ਹੀ ਸੀ, ਸਬਜ਼ੀ ਤਾਂ ਮਿਲੀ
ਸਬਜ਼ੀਆਂ ਦੀ ਖਰੀਦ ਕਰ ਰਹੇ ਸ਼ਿਵ ਟੰਡਨ ਨੇ ਕਿਹਾ ਕਿ ਸ਼ਹਿਰ 'ਚ ਪੈਦਾ ਹੋਏ ਦਹਿਸ਼ਤ ਵਾਲੇ ਮਾਹੌਲ ਨੂੰ ਦੇਖ ਕੇ ਇੰਝ ਲੱਗਦਾ ਸੀ ਜਿਵੇਂ ਲੋਕ ਹੁਣ ਮੁੱਢਲੀਆਂ ਲੋੜਾਂ ਵਾਲੀਆਂ ਚੀਜ਼ਾਂ ਤੋਂ ਵੀ ਵਾਂਝੇ ਹੋਣਗੇ ਪਰ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਇਕ ਘੰਟਾ ਅਤੇ ਬਾਅਦ 'ਚ 2 ਘੰਟਿਆਂ ਦੀ ਢਿੱਲ ਨੇ ਘਰਾਂ 'ਚ ਖਾਣ-ਪੀਣ ਵਾਲੀਆਂ ਵਸਤੂਆਂ ਦੀ ਪਹੁੰਚ ਕਰਵਾ ਦਿੱਤੀ। ਉਸ ਨੇ ਕਿਹਾ ਕਿ ਭਾਵੇਂ ਉਸ ਨੂੰ ਮਹਿੰਗੇ ਭਾਅ 'ਚ ਸਬਜ਼ੀ ਖਰੀਦਣੀ ਪਈ ਪਰ ਫਿਰ ਵੀ ਉਹ ਸ਼ੁੱਕਰ ਗੁਜ਼ਾਰ ਹੈ ਕਿ ਚਲੋ ਘਰ ਦਾ ਸਿਸਟਮ ਤਾਂ ਚੱਲਦਾ ਰਹੇਗਾ।