CT ਇੰਸਟੀਚਿਊਟ ਤੋਂ ਫੜੇ ਗਏ ਤਿੰਨੋਂ ਅੱਤਵਾਦੀਆਂ ਨੂੰ ਲੈ ਕੇ ਸਾਹਮਣੇ ਆਈਆਂ ਹੈਰਾਨ ਕਰਦੀਆਂ ਗੱਲਾਂ

10/11/2018 7:02:26 PM

ਜਲੰਧਰ (ਜ. ਬ.)— ਸੀ. ਟੀ. ਇੰਸਟੀਚਿਊਟ 'ਚੋਂ ਗ੍ਰਿਫਤਾਰ ਹੋਏ ਤਿੰਨੇ ਅੱਤਵਾਦੀ ਧਰਮ ਪ੍ਰਚਾਰਕ, ਪਾਕਿਸਤਾਨੀ ਸਮਰਥਕਾਂ, ਕੱਟੜਪੰਥੀਆਂ ਅਤੇ ਅੱਤਵਾਦੀਆਂ ਨੂੰ ਲੰਬੇ ਸਮੇਂ ਤੋਂ ਐੱਫ. ਬੀ. 'ਤੇ ਫਾਲੋ ਕਰ ਰਹੇ ਸਨ। ਇਸ ਦੇ ਨਾਲ ਹੀ ਕਈ ਹੋਰ ਹੈਰਾਨ ਕਰਦੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ। ਤਿੰਨਾਂ ਅੱਤਵਾਦੀਆਂ ਨੇ ਧਰਮ ਪ੍ਰਚਾਰਕ ਜ਼ਾਕਿਰ ਨਾਇਕ ਦੇ ਕਈ ਪੇਜਾਂ ਨੂੰ ਲਾਈਕ ਕੀਤਾ ਹੋਇਆ ਹੈ। ਜ਼ਾਕਿਰ ਨਾਇਕ ਉਹ ਹੈ, ਜਿਸ 'ਤੇ ਐੱਨ. ਆਈ.ਏ. ਦੀ ਨਜ਼ਰ ਹੈ ਕਿਉਕਿ ਸ਼ੱਕ ਹੈ ਕਿ ਉਸ ਨੂੰ ਅੱਤਵਾਦੀ ਸੰਗਠਨਾਂ ਵੱਲੋਂ ਫੰਡਿੰਗ ਕੀਤੀ ਜਾਂਦੀ ਹੈ। ਅੱਤਵਾਦੀ ਜ਼ਾਹਿਦ ਗੁਲਜ਼ਾਰ ਨੇ ਕੁਝ ਸਮਾਂ ਪਹਿਲਾਂ ਆਪਣੇ ਦੋਸਤਾਂ ਨਾਲ ਇਕ ਫੋਟੋ ਐੱਫ. ਬੀ. 'ਤੇ ਪੋਸਟ ਕੀਤੀ ਤੇ ਕੈਪਸ਼ਨ ਵਿਚ ਲਿਖਿਆ ਕਿ ਆਈ ਐੱਮ ਹੇਅਰ ਫਾਰ ਯੂ ਐਂਡ ਪਰੂਵ ਇਟ। ਅੱਤਵਾਦੀ ਜ਼ਾਹਿਦ ਗੁਲਜ਼ਾਰ, ਮੁਹੰਮਦ ਇਦਰੀਸ ਸ਼ਾਹ ਅਤੇ ਯੂਸੁਫ ਰਫੀਕ ਭੱਟ ਨੇ ਫੇਸਬੁੱਕ 'ਚ ਦਿਲ ਦਿਲ ਪਾਕਿਸਤਾਨ ਅਤੇ ਦਿ ਗ੍ਰੇਟ ਪਾਕਿਸਤਾਨ ਜਿਹੇ ਐੱਫ. ਬੀ. ਅਕਾਊਂਟ ਨੂੰ ਲਾਈਕ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੂੰ ਫਾਲੋ ਕਰ ਰਹੇ ਹਨ। ਤਿੰਨੇ ਆਪਣੇ ਧਰਮ ਦਾ ਪ੍ਰਚਾਰ ਵੀ ਕਰਦੇ ਸਨ।

ਅੱਤਵਾਦੀਆਂ ਦੇ ਹੱਬ ਵਿਚ ਬੀਤਿਆ ਬਚਪਨ
ਗ੍ਰਿਫਤਾਰ ਹੋਏ ਤਿੰਨੇ ਅੱਤਵਾਦੀ ਜੇ. ਐਂਡ. ਕੇ. ਦੇ ਅਵੰਤੀਪੁਰਾ, ਪੁਲਵਾਮਾ ਅਤੇ ਨੂਰਪੋਰਾ (ਪੁਲਵਾਮਾ) ਦੇ ਰਹਿਣ ਵਾਲੇ ਹਨ। ਇਨ੍ਹਾਂ ਇਲਾਕਿਆਂ ਨੂੰ ਅੱਤਵਾਦੀਆਂ ਦਾ ਹੱਬ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਇਲਾਕਿਆਂ 'ਚ ਪੱਥਰਬਾਜ਼ਾਂ ਤੋਂ ਲੈ ਕੇ ਅੱਤਵਾਦੀਆਂ ਦੇ ਸਮਰਥਕ ਬਹੁ ਗਿਣਤੀ 'ਚ ਰਹਿੰਦੇ ਹਨ। ਇਥੇ ਇਹ ਤਿੰਨੇ ਅੱਤਵਾਦੀ ਆਪਣਾ ਬਚਪਨ ਬਿਤਾ ਚੁੱਕੇ ਹਨ ਅਤੇ ਇਸ ਕਾਰਨ ਤਿੰਨਾਂ ਦਾ ਝੁਕਾਅ ਅੱਤਵਾਦੀ ਸੰਗਠਨਾਂ ਵੱਲ ਹੋਇਆ।

ਪੜ੍ਹੇ-ਲਿਖੇ ਕਸ਼ਮੀਰੀ ਨੌਜਵਾਨਾਂ ਨੂੰ ਨਾਲ ਜੋੜਨ ਦਾ ਸੀ ਪਲਾਨ
ਤਿੰਨਾਂ ਅੱਤਵਾਦੀਆਂ ਦੇ ਮਨਸੂਬੇ ਕਾਫੀ ਖਤਰਨਾਕ ਸਨ। ਇਨ੍ਹਾਂ ਦਾ ਮਨਸੂਬਾ ਧਰਮ ਪ੍ਰਚਾਰ ਤੋਂ ਇਲਾਵਾ ਆਪਣੇ ਜਾਲ ਵਿਚ ਫਸਾਏ ਕਸ਼ਮੀਰੀ ਨੌਜਵਾਨਾਂ ਨੂੰ ਸੰਗਠਨ ਨਾਲ ਜੋੜਨਾ ਸੀ ਪਰ ਉਹ ਸਿਰਫ ਉਨ੍ਹਾਂ ਕਸ਼ਮੀਰੀ ਨੌਜਵਾਨਾਂ ਨੂੰ ਆਪਣੇ ਨਾਲ ਜੋੜਦੇ ਸਨ ਜੋ ਪੜ੍ਹਨ-ਲਿਖਣ 'ਚ ਹੋਣਹਾਰ ਹੋਣ। ਇਸ ਦਾ ਕਾਰਨ ਕਿਤੇ ਵੀ ਜਾ ਕੇ ਨੌਕਰੀ ਕਰਨ ਤੋਂ ਬਾਅਦ ਉਸ ਸ਼ਹਿਰ ਦੀ ਆਸਾਨੀ ਨਾਲ ਰੇਕੀ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਸੀ।

ਕਸ਼ਮੀਰ 'ਚ ਟ੍ਰੇਨਿੰਗ ਲੈਣ ਦਾ ਵੀ ਸ਼ੱਕ
ਪੁਲਸ ਨੂੰ ਸ਼ੱਕ ਹੈ ਕਿ ਇਨ੍ਹਾਂ ਅੱਤਵਾਦੀਆਂ ਨੇ ਕਸ਼ਮੀਰ ਵਿਚ ਵੀ ਟ੍ਰੇਨਿੰਗ ਲਈ ਹੋ ਸਕਦੀ ਹੈ। ਉਨ੍ਹਾਂ ਕੋਲੋਂ ਬਰਾਮਦ ਏ. ਕੇ. 47, ਪਿਸਤੌਲ ਤੇ ਵਿਸਫੋਟਕ ਸਮੱਗਰੀ ਦਾ ਮਿਲਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਅੱਤਵਾਦੀਆਂ ਨੇ ਪੂਰੀ ਟ੍ਰੇਨਿੰਗ ਤੋਂ ਬਾਅਦ ਹੀ ਸਾਰਾ ਸਾਮਾਨ ਆਪਣੇ ਕੋਲ ਮੰਗਵਾਇਆ ਹੋਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਪਣੇ ਸੰਗਠਨ ਨਾਲ ਜੁੜਨ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਵੀ ਟ੍ਰੇਨਿੰਗ ਲਈ ਅੱਗੇ ਭੇਜਣਾ ਸੀ।