ਡਾਕਘਰ ਬੀਨੇਵਾਲ ਦੀ ਏਜੰਟ ''ਤੇ ਕਰੋੜਾਂ ਦੇ ਠੱਗੀ ਦਾ ਦੋਸ਼

02/17/2018 2:49:28 AM

ਗੜ੍ਹਸ਼ੰਕਰ, (ਬੈਜ ਨਾਥ)- ਉਪ ਡਾਕਘਰ ਬੀਣੇਵਾਲ ਵਿਚ ਡਾਕਘਰ ਦੀ ਇਕ ਮਹਿਲਾ ਏਜੰਟ ਵਲੋਂ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲ ਦੀ ਘੜੀ ਏਜੰਟ ਰੂਪੋਸ਼ ਹੋ ਗਈ ਦੱਸੀ ਜਾਂਦੀ ਹੈ ਜਦ ਕਿ ਠੱਗੀ ਦਾ ਸ਼ਿਕਾਰ ਹੋਏ ਲੋਕੀਂ ਉਸ ਦੀ ਦੁਕਾਨ 'ਤੇ ਗੇੜੇ ਮਾਰ ਰਹੇ ਹਨ। ਇਹ ਰਕਮ ਕਰੋੜਾਂ ਰੁਪਏ ਵਿਚ ਹੋਣ ਦੀ ਚਰਚਾ ਹੈ। 
ਕੀ ਹੈ ਮਾਮਲਾ? : ਜਾਣਕਾਰੀ ਅਨੁਸਾਰ ਉਕਤ ਏਜੰਟ ਪਿਛਲੇ ਕਈ ਸਾਲਾਂ ਤੋਂ ਡਾਕਘਰ ਬਤੌਰ ਸੇਵਿੰਗ ਏਜੰਟ ਦੇ ਤੌਰ 'ਤੇ ਕੰਮ ਕਰਦੀ ਸੀ ਜਿਨ੍ਹਾਂ ਲੋਕਾਂ ਵੱਲੋਂ ਰੁਪਏ ਡਿਪਾਜ਼ਟ ਕਰਵਾਏ ਗਏ ਸਨ, ਉਨ੍ਹਾਂ ਦੇ ਪੈਸੇ ਕਢਵਾਉਣ ਤੇ ਜਮ੍ਹਾ ਕਰਵਾਉਣ ਦਾ ਕੰਮ ਵੀ ਏਜੰਟ ਹੀ ਕਰਦੀ ਸੀ। ਲੋਕਾਂ ਨੂੰ ਉਸ 'ਤੇ ਵਿਸ਼ਵਾਸ ਹੋ ਗਿਆ ਸੀ ਪਰ ਉਸ ਨੇ ਕਰੋੜਾਂ ਰੁਪਏ ਦਾ ਘਪਲਾ ਕਰ ਲਿਆ। ਹੌਲੀ-ਹੌਲੀ ਜਦ ਲੋਕਾਂ ਨੂੰ ਠੱਗੀ ਬਾਰੇ ਸ਼ੱਕ ਪਈ ਤਾਂ ਲੋਕਾਂ ਨੇ ਡਾਕਘਰ ਜਾ ਕੇ ਜਦ ਖਾਤੇ ਚੈੱਕ ਕਰਵਾਏ ਤਾਂ ਇਸ ਫਰਜ਼ੀਵਾੜੇ ਦਾ ਪਤਾ ਲੱਗਿਆ। 
ਅੱਜ ਮੌਕੇ 'ਤੇ ਹਾਜ਼ਰ ਲੋਕਾਂ ਨੇ ਆਪਣੇ-ਆਪਣੇ ਕੇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਧਾ ਰਾਣਾ ਬੀਣੇਵਾਲ ਦੇ 10 ਲੱਖ ਰੁਪਏ, ਸੰਯੋਗਤਾ ਦੇਵੀ ਕੋਟ ਦੇ 1.10 ਲੱਖ ਰੁਪਏ,  ਰਲੀ ਪਤਨੀ ਰਘਵੀਰ ਸਿੰਘ ਪਿੰਡ ਬੀਣੇਵਾਲ ਦੇ ਇਕ ਲੱਖ ਦਸ ਹਜ਼ਾਰ ਰੁਪਏ,.ਰਵਿੰਦਰ ਕੁਮਾਰ ਬੀਣੇਵਾਲ ਦੇ 2 ਲੱਖ ਰੁਪਏ, ਕੁਸ਼ਲ ਸਿੰਘ ਕੋਕੋਵਾਲ ਦੇ 5.5 ਲੱਖ ਰੁਪਏ, ਸੀਬੋ ਦੇਵੀ ਪੰਡੋਰੀ 42 ਹਜ਼ਾਰ ਰੁਪਏ, ਬਲਦੇਵ ਰਾਜ ਕੋਕੋਵਾਲ ਦੇ 1 ਲੱਖ 95 ਹਜ਼ਾਰ, ਦਰਸ਼ਨਾ ਦੇਵੀ ਪਿੰਡ ਪੰਡੋਗਾ(ਊਨਾ) ਦੇ 2 ਲੱਖ, ਸੁਨਾਤੀ ਦੇਵੀ ਭਵਾਨੀਪੁਰ ਦੇ 65 ਹਜ਼ਾਰ ਰੁਪਏ, ਊਸ਼ਾ ਦੇਵੀ ਦੇ 3 ਲੱਖ, ਉਰਮਿਲਾ ਦੇਵੀ ਦੇ 7 ਲੱਖ ਰੁਪਏ ਉਕਤ ਏਜੰਟ ਵਲੋਂ ਹੜੱਪ ਕਰ ਲਏ ਗਏ ਹਨ।
ਇਸ ਸਬੰਧੀ ਸੰਪਰਕ ਕਰਨ 'ਤੇ ਜ਼ਿਲਾ ਸਮਾਲ ਸੇਵਿੰਗਜ਼ ਅਫਸਰ ਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਡਾਕਘਰ ਵਿਭਾਗ ਮਾਮਲੇ ਦੀ ਪੜਤਾਲ ਕਰ ਰਿਹਾ ਹੈ ਤੇ ਏਜੰਟ ਦੇ ਨਾਲ ਡਾਕਘਰ ਦੇ ਕਰਮਚਾਰੀ ਵੀ ਜ਼ਿੰਮੇਵਾਰ ਹਨ ਜੋ ਵੀ ਦੋਸ਼ੀ ਹੋਇਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।