ਨਾਜਾਇਜ਼ ਕਬਜ਼ੇ ਹਟਾਉਣ ਦੇ ਚੱਕਰ ''ਚ ਤੋੜੇ ਲੋਹੇ ਦੇ ਐਂਗਲ ਬਣੇ ਮੁਸੀਬਤ

11/20/2017 1:16:23 AM

ਰੂਪਨਗਰ, (ਵਿਜੇ)- ਨਗਰ ਕੌਂਸਲ ਵੱਲੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਤਹਿਤ ਰਾਮਲੀਲਾ ਗਰਾਊਂਡ ਨੇੜੇ ਲੋਹੇ ਦੇ ਐਂਗਲ ਤੋੜਨ ਕਾਰਨ ਹੁਣ ਇਹ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਗਰ ਕੌਂਸਲ ਨੇ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਸੀ, ਜਿਸ ਵਿਚ ਕਲਿਆਣ ਟਾਕੀਜ਼ ਦੇ ਨੇੜੇ ਬੇਲਾ ਰੋਡ 'ਤੇ ਗੁਰੂ ਨਾਨਕ ਦੇਵ ਮਾਰਕੀਟ 'ਚੋਂ ਨਾਜਾਇਜ਼ ਕਬਜ਼ੇ ਹਟਾਏ ਗਏ ਪਰ ਗੁਰੂ ਨਾਨਕ ਦੇਵ ਮਾਰਕੀਟ ਨੇੜੇ ਲੱਗੇ ਲੋਹੇ ਦੇ ਐਂਗਲ ਵੀ ਤੋੜ ਦਿੱਤੇ ਗਏ, ਜਿਸ ਦਾ ਮੌਕੇ 'ਤੇ ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਮੌਕੇ 'ਤੇ ਪਹੁੰਚ ਗਏ ਪਰ ਉਦੋਂ ਤੱਕ ਮਾਰਕੀਟ 'ਚ ਲੱਗੇ ਵਧੇਰੇ ਲੋਹੇ ਦੇ ਐਂਗਲ ਤੋੜੇ ਜਾ ਚੁੱਕੇ ਸਨ, ਜਦਕਿ ਜੋ ਐਂਗਲ ਰਹਿ ਗਏ ਹਨ, ਉਹ ਤਿੱਖੇ ਹੋ ਕੇ ਸੜਕ ਵੱਲ ਮੁੜੇ ਹੋਏ ਹਨ ਤੇ ਇਹ ਰਾਹਗੀਰਾਂ ਲਈ ਖਤਰਾ ਬਣ ਗਏ ਹਨ। ਸ਼ਹਿਰ ਵਾਸੀਆਂ ਨੇ ਇਸ ਮਾਮਲੇ 'ਚ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਲੋਹੇ ਦੇ ਐਂਗਲਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਨਹੀਂ ਤਾਂ ਰਾਤ ਸਮੇਂ ਇਥੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਟ੍ਰੈਫਿਕ ਪੁਲਸ ਬੇਖਬਰ : ਅੱਜ ਪੂਰਾ ਦਿਨ ਤੋੜੇ ਗਏ ਲੋਹੇ ਦੇ ਐਂਗਲਾਂ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਮਾਮਲੇ 'ਚ ਟ੍ਰੈਫਿਕ ਪੁਲਸ ਬੇਖਬਰ ਰਹੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਐਂਗਲਾਂ ਦੇ ਨੇੜੇ ਰਿਫਲੈਕਟਰ ਵਾਲੇ ਬੈਰੀਕੇਡ ਕੁਝ ਦਿਨਾਂ ਲਈ ਲਾਏ ਜਾਣ ਤਾਂ ਕਿ ਸਾਹਮਣਿਓਂ ਆਉਣ ਵਾਲਿਆਂ ਦਾ ਇਨ੍ਹਾਂ ਤੋਂ ਬਚਾਅ ਹੋ ਸਕੇ।