ਟਰਾਂਸਫਾਰਮਰ ਚੋਰਾਂ ਨੇ ਇਲਾਕੇ ''ਚ ਮਚਾਈ ਹਾਹਾਕਾਰ

12/20/2017 4:12:04 AM

ਬਰੇਟਾ(ਸਿੰਗਲਾ)-ਸਥਾਨਕ ਇਲਾਕੇ ਦੇ ਕਿਸਾਨਾਂ 'ਚ ਅੱਜਕਲ ਟਿਊਬਵੈੱਲ ਕੁਨੈਕਸ਼ਨ ਦੇ ਟਰਾਂਸਫਾਰਮਰਾਂ ਦੀਆਂ ਆਏ ਦਿਨ ਹੋ ਰਹੀਆਂ ਚੋਰੀਆਂ ਨੂੰ ਲੈ ਕੇ ਭਾਰੀ ਨਿਰਾਸ਼ਾ ਹੈ। ਪਿਛਲੀ ਰਾਤ ਕਿਸਾਨ ਭਗਵਾਨ ਸਿੰਘ ਪੁੱਤਰ ਈਸ਼ਰ ਸਿੰਘ ਉਰਫ ਸੁਖਦੇਵ ਸਿੰਘ ਅਤੇ ਗੁਲਾਬ ਸਿੰਘ ਪੁੱਤਰ ਹੀਰਾ ਸਿੰਘ ਕਾਹਨਗੜ੍ਹ ਦੇ ਖੇਤੋਂ ਟਰਾਂਸਫਾਰਮਰ ਚੋਰੀ ਹੋ ਗਏ ਹਨ। ਇਸ ਮੌਕੇ ਕਿਸਾਨ ਭਗਵਾਨ ਸਿੰਘ ਤੇ ਮੱਖਣ ਸਿੰਘ ਨੇ ਦੱਸਿਆ ਕਿ ਉਹ ਇਸ ਗੱਲ ਨੂੰ ਲੈ ਕੇ ਅਕਸਰ ਆਪਣੇ ਖੇਤਾਂ 'ਚ ਰਾਤ ਸਮੇਂ ਗੇੜਾ ਮਾਰਦੇ ਰਹਿੰਦੇ ਹਨ ਪਰ ਪਿਛਲੀ ਰਾਤ ਉਹ ਕਿਤੇ ਰਿਸ਼ਤੇਦਾਰੀ 'ਚ ਗਏ ਹੋਏ ਸਨ। ਚੋਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਹਰ ਰੋਜ਼ ਕਿਸੇ ਨਾ ਕਿਸੇ ਟਰਾਂਸਫਾਰਮਰ ਨੂੰ ਤੋੜ ਕੇ ਉਸ 'ਚੋਂ ਤਾਂਬਾ ਕੱਢ ਕੇ ਲੈ ਜਾਂਦੇ ਹਨ। ਇਸ ਚੋਰੀ ਦੀ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਬਿਜਲੀ ਦਫਤਰ ਦੇ ਜੇ. ਈ. ਗੁਰਚਰਨ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਦੱਸਿਆ ਕਿ ਜੋ 16 ਹਾਰਸ ਪਾਵਰ ਦਾ ਟਰਾਂਸਫਾਰਮਰ ਹੈ, ਇਸ 'ਚ ਲਗਭਗ 15-16 ਕਿਲੋ ਤਾਂਬਾ ਹੁੰਦਾ ਹੈ, ਜਿਸ ਨੂੰ ਚੋਰ ਚੋਰੀ ਕਰ ਕੇ 2 ਨੰਬਰ 'ਚ ਵੇਚਦੇ ਹਨ। ਮਹਿਕਮੇ ਵੱਲੋਂ ਇਸ ਦੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਚੋਰੀ ਕੀਤਾ ਤਾਂਬਾ ਕਿਥੇ ਵੇਚਿਆ ਜਾ ਰਿਹਾ ਹੈ ਤਾਂ ਜੋ ਚੋਰ ਅਤੇ ਖਰੀਦਣ ਵਾਲੇ 'ਤੇ ਸਖਤ ਕਾਰਵਾਈ ਕੀਤੀ ਜਾ ਸਕੇ। ਨਾਲ ਹੀ ਉਨ੍ਹਾਂ ਇਲਾਕੇ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀ ਚੋਰੀ ਦੀ ਭਿਣਕ ਪੈਣ 'ਤੇ ਤੁਰੰਤ ਮਹਿਕਮੇ ਨੂੰ ਸੂਚਿਤ ਕਰ ਕੇ ਕਿਸਾਨਾਂ ਅਤੇ ਮਹਿਕਮੇ ਦੀ ਮਦਦ ਕਰਨ।