ਚੋਰਾਂ ਨੇ ਸ਼ਰਾਬ ਦੇ ਠੇਕੇ ਤੇ ਲਾਟਰੀ ਸਟਾਲ ਨੂੰ ਬਣਾਇਆ ਨਿਸ਼ਾਨਾ

11/18/2017 4:19:57 AM

ਜਲੰਧਰ(ਮਹੇਸ਼)—ਚੁਗਿੱਟੀ ਫਲਾਈਓਵਰ ਚੌਕ 'ਚ ਚੋਰਾਂ ਨੇ ਵੀਰਵਾਰ ਨੂੰ ਅੱਧੀ ਰਾਤ ਨੂੰ ਇਕ ਸ਼ਰਾਬ ਦੇ ਠੇਕੇ ਤੇ ਲਾਟਰੀ ਸਟਾਲ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਕਰੀਬ 50 ਹਜ਼ਾਰ ਰੁਪਏ ਦੀ ਕੀਮਤੀ ਸ਼ਰਾਬ ਤੇ 15 ਹਜ਼ਾਰ ਦੀ ਨਕਦੀ 'ਤੇ ਹੱਥ ਸਾਫ ਕਰ ਲਿਆ। ਚੋਰੀ ਦੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਉਕਤ ਸ਼ਰਾਬ ਦੇ ਠੇਕੇ 'ਚ ਕੰਮ ਕਰਦੇ ਰੋਮੀ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸਨੇ ਰੋਜ਼ ਦੀ ਤਰ੍ਹਾਂ ਦੇਰ ਰਾਤ ਠੇਕਾ ਬੰਦ ਕੀਤਾ ਸੀ। ਸਵੇਰੇ ਤੜਕੇ ਆ ਕੇ ਦੇਖਿਆ ਤਾਂ ਸ਼ਟਰ ਚੁੱਕਿਆ ਹੋਇਆ ਸੀ ਅਤੇ ਤਾਲੇ ਟੁੱਟੇ ਹੋਏ ਸਨ। ਉਨ੍ਹਾਂ ਦੱਸਿਆ ਕਿ ਚੋਰ ਗੱਲੇ ਵਿਚ ਪਏ 5 ਹਜ਼ਾਰ ਰੁਪਏ ਤੇ ਮਹਿੰਗੀ ਸ਼ਰਾਬ ਚੁੱਕ ਕੇ ਲੈ ਗਏ ਹਨ। ਇਸ ਤਰ੍ਹਾਂ ਠੇਕੇ ਨੇੜੇ ਲਾਟਰੀ ਸਟਾਲ ਦਾ ਵੀ ਸ਼ਟਰ ਚੁੱਕਿਆ ਹੋਇਆ ਸੀ। ਦੁਕਾਨ ਦੇ ਮਾਲਕ ਮਨੀ ਅਰੋੜਾ ਨੇ ਦੱਸਿਆ ਕਿ ਚੋਰ 10 ਹਜ਼ਾਰ ਰੁਪਏ ਦੀ ਨਕਦੀ ਅਤੇ 1 ਐੱਲ. ਸੀ. ਡੀ. ਲੈ ਗਏ ਹਨ। ਵਾਰਦਾਤ ਵਾਲੀ ਜਗ੍ਹਾ 'ਤੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਕੱਢ ਕੇ ਪੁਲਸ ਨੇ ਜਾਂਚ ਕੀਤੀ ਤਾਂ ਉਸ ਵਿਚ ਦਿਸ ਰਿਹਾ ਹੈ ਕਿ ਦੋ ਵਿਅਕਤੀ ਰੇਹੜੀ 'ਤੇ ਸ਼ਰਾਬ ਲੱਦ ਕੇ ਲਿਜਾ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਫੁਟੇਜ ਦੀ ਮਦਦ ਨਾਲ ਪੁਲਸ ਦਾ ਚੋਰਾਂ ਤਕ ਪਹੁੰਚਣਾ ਆਸਾਨ ਹੋ ਜਾਵੇਗਾ।