ਨਾਬਾਲਗ ਨਾਲ ਕੁੱਟਮਾਰ ਤੇ ਛੇੜਛਾੜ ਕਰਨ ਤੋਂ ਰੋਕਿਆ ਤਾਂ ਘਰਾਂ ''ਚ ਦਾਖਲ ਹੋ ਕੇ ਕੀਤੀ ਭੰਨ-ਤੋੜ

11/15/2017 5:38:14 AM

ਲੁਧਿਆਣਾ(ਰਾਮ)-ਘਰ 'ਚ ਦਾਖਲ ਹੋ ਕੇ ਇਕ 14 ਸਾਲਾ ਨਾਬਾਲਗ ਲੜਕੀ ਨਾਲ ਕਥਿਤ ਕੁੱਟਮਾਰ ਤੇ ਅਸ਼ਲੀਲ ਹਰਕਤਾਂ ਕਰਨ ਤੋਂ ਰੋਕਣਾ ਇਕ ਗੁਆਂਢੀ ਪਰਿਵਾਰ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਇਕ ਨੌਜਵਾਨ ਨੇ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਉਕਤ ਗੁਆਂਢੀ ਪਰਿਵਾਰ ਅਤੇ ਲੜਕੀ ਦੇ ਘਰ 'ਚ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਦਿਆਂ ਘਰ ਦੀ ਵੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ। ਮਾਮਲਾ ਥਾਣਾ ਡਵੀਜ਼ਨ ਨੰ. 7 ਦੇ ਅਧੀਨ ਆਉਂਦੀ ਈ. ਡਬਲਿਊ. ਐੱਸ. ਕਾਲੋਨੀ ਦਾ ਹੈ। ਸੋਨੀਆ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲਾ ਇਕ ਪ੍ਰਦੀਪ ਨਾਂ ਦਾ ਨੌਜਵਾਨ ਕਥਿਤ ਨਸ਼ੇ ਦੀ ਹਾਲਤ 'ਚ ਘਰ 'ਚ ਇਕੱਲੀ ਇਕ 14 ਸਾਲਾ ਨਾਬਾਲਗ ਲੜਕੀ ਦੇ ਘਰ 'ਚ ਦਾਖਲ ਹੋ ਗਿਆ, ਜਿਸ ਨੇ ਲੜਕੀ ਨਾਲ ਕਥਿਤ ਛੇੜਛਾੜ ਕਰਦੇ ਹੋਏ ਲੜਕੀ ਦੀ ਕੁੱਟਮਾਰ ਕੀਤੀ। ਜਦਕਿ ਲੜਕੀ ਦੇ ਮਾਤਾ-ਪਿਤਾ ਆਪਣੇ ਕੰਮਾਂ 'ਤੇ ਗਏ ਹੋਏ ਸਨ। ਜਦੋਂ ਉਹ ਉਕਤ ਨੌਜਵਾਨ ਨੂੰ ਰੋਕਣ ਲਈ ਗਏ ਤਾਂ ਲੜਕੇ ਦੀ ਮਾਂ ਤੇ ਭੈਣ ਨੇ ਉਨ੍ਹਾਂ ਨੂੰ ਹੀ ਕਥਿਤ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਇਸ 'ਤੇ ਜਦੋਂ ਸ਼ਾਮ ਨੂੰ ਪੂਰੇ ਮੁਹੱਲੇ ਦੇ ਲੋਕ ਇਕੱਠਾ ਹੋ ਕੇ ਥਾਣਾ ਪੁਲਸ ਨੂੰ ਸ਼ਿਕਾਇਤ ਕਰਨ ਲਈ ਗਏ ਤਾਂ ਪੁਲਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ, ਜਿਸ ਦੇ ਬਾਅਦ ਰਾਤ ਨੂੰ ਕਰੀਬ 8 ਵਜੇ ਉਕਤ ਪ੍ਰਦੀਪ ਨਾਂ ਦੇ ਨੌਜਵਾਨ ਨੇ ਡੇਢ ਦਰਜਨ ਦੇ ਕਰੀਬ ਹੋਰ ਨੌਜਵਾਨਾਂ ਨਾਲ ਉਨ੍ਹਾਂ ਦੇ ਘਰਾਂ 'ਚ ਦਾਖਲ ਹੋ ਕੇ ਜਿੱਥੇ ਉਨ੍ਹਾਂ ਦੀ ਕੁੱਟਮਾਰ ਕੀਤੀ, ਉਥੇ ਹੀ ਘਰ 'ਚ ਪਏ ਹੋਏ ਸਾਮਾਨ ਦੀ ਵੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ। 
ਸੋਨੀਆ ਨੇ ਦੋਸ਼ ਲਾਇਆ ਕਿ ਉਕਤ ਹਮਲਾਵਰ ਨੌਜਵਾਨ ਉਸ ਦੇ ਪਤੀ ਦੇ ਗਲੇ 'ਚੋਂ ਸੋਨੇ ਦੀ ਚੇਨ ਵੀ ਖੋਹ ਕੇ ਲੈ ਗਏ। ਉਸ ਦੇ ਪਤੀ, ਦਿਓਰ ਅਤੇ ਉਸ ਨੂੰ ਵੀ ਕਾਫੀ ਸੱਟਾਂ ਲੱਗੀਆਂ। ਥਾਣਾ ਪੁਲਸ ਵੱਲੋਂ ਉਕਤ ਹਮਲਾਵਰਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਉਹ ਸ਼ਰੇਆਮ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਜਦੋਂ ਇਸ ਸਬੰਧੀ ਦੂਸਰੀ ਧਿਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ। ਥਾਣਾ ਪੁਲਸ ਵੱਲੋਂ ਦੋਵਾਂ ਧਿਰਾਂ ਦੀ ਸ਼ਿਕਾਇਤ ਲੈਣ ਦੇ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।