ਤ੍ਰਿਵੇਣੀ ''ਤੇ ਠੇਕੇਦਾਰ ਨੇ ਲਾਇਆ 15 ਲੱਖ ਨਾ ਦੇਣ ਦਾ ਦੋਸ਼

11/10/2017 3:41:34 AM

ਬਠਿੰਡਾ(ਵਰਮਾ)-ਹਮੇਸ਼ਾ ਤੋਂ ਚਰਚਾ 'ਚ ਰਹਿਣ ਵਾਲੀ ਤ੍ਰਿਵੇਣੀ ਕੰਪਨੀ ਲੱਗਦਾ ਹੈ ਦਿਵਾਲੀਆਪਣ 'ਤੇ ਆ ਗਈ ਹੈ ਜਿਸ ਨੇ ਛੋਟੇ ਠੇਕੇਦਾਰਾਂ ਦਾ ਕੋਈ ਭੁਗਤਾਨ ਨਹੀਂ ਕੀਤਾ, ਬਦਲੇ 'ਚ ਠੇਕੇਦਾਰ ਨੇ ਕੰਪਨੀ ਦੀ ਜੇ. ਸੀ. ਬੀ. ਤੇ ਹੋਰ ਸਾਮਾਨ 'ਤੇ ਕਬਜ਼ਾ ਕਰ ਲਿਆ ਹੈ। ਮਾਮਲਾ ਉਸ ਵੇਲੇ ਗਰਮਾਇਆ ਜਦੋਂ 300 ਕਰੋੜ ਦਾ ਬਠਿੰਡਾ ਨਗਰ ਨਿਗਮ ਤੋਂ ਠੇਕਾ ਲੈਣ ਵਾਲੀ ਤ੍ਰਿਵੇਣੀ ਇੰਡਸਟਰੀ ਐਂਡ ਇਨਫਰਾਸਟ੍ਰੱਕਟਰ ਕੰਪਨੀ ਵਿਚ ਸਬ ਕੰਟਰੈਕਟਰ ਦਾ ਕੰਮ ਕਰਨ ਵਾਲੇ ਠੇਕੇਦਾਰ ਨੇ ਕੰਪਨੀ 'ਤੇ ਪਿਛਲੇ 8 ਮਹੀਨਿਆਂ ਤੋਂ ਕੋਈ ਭੁਗਤਾਨ ਨਾ ਕਰਨ ਦਾ ਦੋਸ਼ ਲਾਇਆ। ਉਸ ਨੇ ਕੰਪਨੀ ਦੀ ਜੇ. ਸੀ. ਬੀ., ਟਰਾਲੀ ਤੇ ਦੋ ਮੋਟਰਸਾਈਕਲਾਂ 'ਤੇ ਕਬਜ਼ਾ ਕਰ ਲਿਆ ਹੈ। ਠੇਕੇਦਾਰ ਨੇ ਧਮਕੀ ਦਿੱਤੀ ਹੈ ਕਿ ਜੇਕਰ ਤ੍ਰਿਵੇਣੀ ਨੇ ਉਸ ਖਿਲਾਫ ਕੋਈ ਕਦਮ ਉਠਾਇਆ ਤਾਂ ਉਹ ਆਤਮ-ਹੱਤਿਆ ਜਿਹਾ ਕੋਈ ਕਦਮ ਉਠਾਉਣ ਤੋਂ ਪਿੱਛੇ ਨਹੀਂ ਹਟੇਗਾ, ਜਿਸ ਦੀ ਜ਼ਿੰਮੇਵਾਰੀ ਕੰਪਨੀ ਪ੍ਰਬੰਧਕ ਦੀ ਹੋਵੇਗੀ। ਠੇਕੇਦਾਰ ਕਨੱ੍ਹਈਆ ਲਾਲ ਪਹਿਲਾਂ ਵੀ ਕੰਪਨੀ ਖਿਲਾਫ ਮੋਰਚਾ ਖੋਲ੍ਹ ਚੁੱਕੇ ਹਨ, ਜਿਸ ਨੂੰ 6 ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ। ਕੰਪਨੀ ਨੇ ਉਸ ਨੂੰ ਪੈਸੇ ਦੇਣ ਦਾ ਵਾਅਦਾ ਕਰ ਕੇ ਸਮਝੌਤਾ ਕੀਤਾ ਸੀ। ਮਾਮਲਾ ਪੁਲਸ ਤੱਕ ਵੀ ਪਹੁੰਚਿਆ। ਕਨ੍ਹੱਈਆ ਲਾਲ ਨੇ ਕਿਹਾ ਕਿ ਕੰਪਨੀ ਦੀਵਾਲੀਆਪਣ 'ਤੇ ਪਹੁੰਚ ਗਈ ਹੈ। ਇਸ ਲਈ ਕਿਸੇ ਦਾ ਭੁਗਤਾਨ ਨਹੀਂ ਕਰ ਰਹੀ, ਜਦਕਿ ਸਰਕਾਰ ਤੋਂ ਉਹ ਲਗਾਤਾਰ ਪੈਸੇ ਲੈ ਰਹੀ ਹੈ। ਸਾਡੇ ਵਰਗੇ ਛੋਟੇ ਠੇਕੇਦਾਰਾਂ ਨੂੰ ਇਕ ਰੁਪਈਆ ਵੀ ਨਹੀਂ ਦੇ ਰਹੀ। ਉਕਤ ਠੇਕੇਦਾਰ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਕੰਪਨੀ ਦੇ ਕਰਮਚਾਰੀ ਉਸ ਦੇ ਕਬਜ਼ੇ ਵਿਚ ਪਈਆਂ ਪਾਈਪਾਂ ਨੂੰ ਲੈਣ ਆਏ ਸਨ ਉਦੋਂ ਵੀ ਉਨ੍ਹਾਂ ਨੇ ਪੈਸੇ ਦੀ ਮੰਗ ਕੀਤੀ ਸੀ ਪਰ ਉਹ ਪੈਸੇ ਦੇਣ ਦਾ ਵਾਅਦਾ ਕਰ ਕੇ ਸਾਮਾਨ ਲੈ ਕੇ ਚਲੇ ਗਏ। ਠੇਕੇਦਾਰਾਂ ਦਾ ਕਹਿਣਾ ਹੈ ਕਿ ਉਹ ਆਪਣਾ ਸਭ ਕੁਝ ਵੇਚ ਕੇ ਸਾਰੇ ਪੈਸੇ ਕੰਪਨੀ ਵਿਚ ਲਾ ਚੁੱਕੇ ਹਨ, ਬਾਵਜੂਦ ਉਸ ਨੂੰ ਇਕ ਪੈਸੇ ਦਾ ਭੁਗਤਾਨ ਨਹੀਂ ਕੀਤਾ। ਉਸ ਦੇ ਘਰ ਰੋਟੀ ਪੱਕਣੀ ਮੁਸ਼ਕਲ ਹੋ ਗਈ ਹੈ। 
ਆਖਰ ਉਸ ਨੇ ਆਪਣਾ ਬਕਾਇਆ 15 ਲੱਖ ਲੈਣ ਲਈ ਕੰਪਨੀ ਦੀ ਇਕ ਜੇ. ਸੀ. ਬੀ., ਦੋ ਮੋਟਰਸਾਈਕਲ ਅਤੇ ਇਕ ਟਰੈਕਟਰ-ਟਰਾਲੀ ਜ਼ਬਤ ਕਰ ਲਈ ਹੈ।
ਇਸ ਸਬੰਧ ਵਿਚ ਤ੍ਰਿਵੇਣੀ ਕੰਪਨੀ ਦੇ ਡੀ. ਜੀ. ਐੱਮ. ਬੀਬੀ ਸ਼ਿਵਾਂਗੀ ਨੇ ਦੱਸਿਆ ਕਿ ਠੇਕੇਦਾਰ ਕਨ੍ਹੱਈਆ ਲਾਲ ਵੱਲੋਂ ਅਜੇ ਤੱਕ ਕੰਪਨੀ ਨੂੰ ਇਕ ਰੁਪਈਏ ਦਾ ਵੀ ਬਿੱਲ ਨਹੀ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਕੋਈ ਬਿੱਲ ਖੁਦ ਤਿਆਰ ਨਹੀਂ ਕਰਦੇ। ਇਹ ਕੰਮ ਵੀ ਕੰਪਨੀ ਨੂੰ ਕਰਨਾ ਪੈਂਦਾ ਹੈ। ਕਈ ਵਾਰ ਠੇਕੇਦਾਰ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਕੰਮ ਦੀ ਡਿਟੇਲ ਮੁਹੱਈਆ ਕਰਵਾਉਣ ਤਾਂ ਕਿ ਉਸ ਦਾ ਬਿੱਲ ਤਿਆਰ ਕੀਤਾ ਜਾਵੇ ਪਰ ਉਹ ਕੰਪਨੀ ਦੇ ਆਫ਼ਿਸ ਹੀ ਨਹੀਂ ਆਇਆ। ਸ਼ਿਵਾਂਗੀ ਨੇ ਦੱਸਿਆ ਕਿ ਕਨ੍ਹੱਈਆ ਲਾਲ ਨਾਲ ਵੀਰਵਾਰ ਨੂੰ ਗੱਲ ਹੋਈ ਅਤੇ ਉਸ ਨੂੰ ਕੰਪਨੀ ਦਫਤਰ ਵਿਚ ਆ ਕੇ ਬਿੱਲ ਬਣਾਉਣ ਦੀ ਗੱਲ ਕਹੀ ਗਈ ਹੈ। ਹਾਲਾਂਕਿ, ਕਨ੍ਹੱਈਆ ਲਾਲ ਨੇ ਸਾਫ ਕੀਤਾ ਕਿ ਉਸ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਸ ਦੇ ਬਿੱਲ ਬਣਵਾ ਕੇ ਉਸ ਨੂੰ ਉਸ ਦੀ ਪੈਂਡਿੰਗ ਰਾਸ਼ੀ ਦਾ ਚੈੱਕ ਕੱਟ ਕੇ ਦਿੱਤਾ ਜਾਵੇ।