ਰੇਤ ਮਾਫ਼ੀਆ ਖਿਲਾਫ਼ ਛਾਪਾ ਮਾਰਨ ਗਈ ਪੁਲਸ ਪਾਰਟੀ ''ਤੇ ਹਮਲਾ

10/18/2017 1:26:14 AM

ਮੱਖੂ (ਧੰਜੂ)—ਸੀਨੀਅਰ ਪੁਲਸ ਕਪਤਾਨ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਮੱਖੂ ਪੁਲਸ ਵੱਲੋਂ ਪਿੰਡ ਵਸਤੀ ਜਵਾਲਾ ਸਿੰਘ ਵਾਲੀ ਦਾਖਲੀ ਕਿਲੀ ਬੋਦਲਾਂ ਵਿਖੇ ਨਾਜਾਇਜ਼ ਢੰਗ ਨਾਲ ਚੱਲ ਰਹੀ ਰੇਤ ਦੀ ਨਿਕਾਸੀ ਬੰਦ ਕਰਵਾਉਣ ਲਈ ਛਾਪਾ ਮਾਰਿਆ ਤਾਂ ਨਾਜਾਇਜ਼ ਮਾਈਨਿੰਗ ਕਰਨ ਵਾਲੇ ਅਨਸਰਾਂ ਵੱਲੋਂ ਪੁਲਸ ਪਾਰਟੀ 'ਤੇ ਹਮਲਾ ਕਰ ਕੇ ਵਰਦੀ ਪਾੜਨ ਤੋਂ ਇਲਾਵਾ ਸਰਕਾਰੀ ਗੱਡੀ ਦੀ ਭੰਨ-ਤੋੜ ਕੀਤੀ ਗਈ। ਮੱਖੂ ਥਾਣੇ ਦੇ ਇੰਚਾਰਜ ਐੱਸ. ਐੱਚ. ਓ. ਜਸਵਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਪੁਲਸ ਪਾਰਟੀ ਸਬ-ਇੰਸਪੈਕਟਰ ਸੋਨਾ ਸਿੰਘ ਦੀ ਅਗਵਾਈ 'ਚ ਵਸਤੀ ਜਵਾਲਾ ਸਿੰਘ ਵਾਲੀ ਦਾਖਲੀ ਕਿਲੀ ਬੋਦਲਾਂ ਵਿਖੇ ਪੋਕਲੇਨ ਨਾਲ ਚੱਲ ਰਹੀ ਗੈਰ-ਕਾਨੂੰਨੀ ਰੇਤ ਦੀ ਨਿਕਾਸੀ ਬੰਦ ਕਰਵਾਉਣ ਪਹੁੰਚੀ ਤਾਂ ਉਥੇ ਮੌਜੂਦ ਵਿਅਕਤੀਆਂ ਵੱਲੋਂ ਪੁਲਸ ਮੁਲਾਜ਼ਮਾਂ 'ਤੇ ਅਚਾਨਕ ਹਮਲਾ ਕਰ ਦਿੱਤਾ ਗਿਆ। ਪੁਲਸ ਵੱਲੋਂ ਇਕ ਔਰਤ ਸਣੇ ਦੋ ਵਿਅਕਤੀਆਂ ਖਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਅਤੇ ਘਟਨਾ ਸਥਾਨ ਤੋਂ ਇਕ ਫਾਰਚੂਨਰ ਗੱਡੀ ਵੀ ਬਰਾਮਦ ਕੀਤੀ। ਪੁਲਸ ਮੁਲਾਜ਼ਮ ਦੀ ਵਰਦੀ ਪਾੜਨ, ਡਿਊਟੀ 'ਚ ਵਿਘਨ ਪਾਉਣ ਤੋਂ ਇਲਾਵਾ ਬਦਸਲੂਕੀ ਕਰਨ ਅਤੇ ਰੇਤ ਦੀ ਚੋਰੀ ਦੇ ਦੋਸ਼ਾਂ ਅਧੀਨ ਮਾਮਲੇ ਦਰਜ ਕਰ ਕੇ ਜਸਵਿੰਦਰਪਾਲ ਕੌਰ ਤੇ ਸੁਖਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕਰਨ ਉਪਰੰਤ ਜੇਲ ਭੇਜਿਆ ਗਿਆ। ਥਾਣਾ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਪਹਿਲਾਂ ਵੀ ਗੈਰ-ਕਾਨੂੰਨੀ ਢੰਗ ਨਾਲ ਰੇਤ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਟਰੈਕਟਰ-ਟਰਾਲੀਆਂ ਤੇ ਪੋਕਲੇਨਾਂ ਸਮੇਤ ਕਾਬੂ ਕਰ ਕੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕਰ ਚੁੱਕੇ ਹਾਂ। ਮੁੱਖ ਅਫ਼ਸਰ ਥਾਣਾ ਮੱਖੂ ਜਸਵਰਿੰਦਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਮੱਖੂ ਇਲਾਕੇ ਅਧੀਨ ਆਉਂਦੀਆਂ ਰੇਤ ਖੱਡਾਂ 'ਚੋਂ ਗੈਰ-ਕਾਨੂੰਨੀ ਨਿਕਾਸੀ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦਿੱਤੀ ਜਾਵੇਗੀ।