ਸਬਜ਼ੀ ਵੇਚਣ ਵਾਲੇ ਤੋਂ ਲੈ ਕੇ ਇਲੈਕਟ੍ਰੀਸ਼ੀਅਨ, ਡਰਾਈਵਰ ਤੇ ਰਿਕਸ਼ਾ ਚਾਲਕ ਬਣੇ ਸ਼ਰਾਬ ਸਮੱਗਲਰ

10/01/2017 4:18:45 AM

ਲੁਧਿਆਣਾ(ਪੰਕਜ)-ਜ਼ਿਲੇ ਵਿਚ ਸ਼ਰਾਬ ਦੇ ਠੇਕਿਆਂ 'ਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸ਼ਰਾਬ ਦੇ ਮੁੱਲ ਵਿਚ ਕੀਤੇ ਗਏ ਕਈ ਗੁਣਾ ਵਾਧੇ ਨੇ ਛੋਟੇ-ਛੋਟੇ ਕੰਮ ਧੰਦਿਆਂ ਵਿਚ ਲੱਗੇ ਲੋਕਾਂ ਨੂੰ ਮੋਟੇ ਮੁਨਾਫੇ ਦੇ ਲਾਲਚ ਵਿਚ ਸ਼ਰਾਬ ਸਮੱਗਲਿੰਗ ਦੇ ਧੰਦੇ ਵਿਚ ਲਿਆ ਖੜ੍ਹਾ ਕੀਤਾ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਸਿਖਰਾਂ 'ਤੇ ਹੈ, ਜਿਸ ਦਾ ਸਬੂਤ ਪੁਲਸ ਵੱਲੋਂ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਬਰਾਮਦ 371 ਪੇਟੀਆਂ ਨਾਜਾਇਜ਼ ਸ਼ਰਾਬ ਹੈ। ਕ੍ਰਾਇਮ ਸ਼ਾਖਾ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸ਼ੁੱਕਰਵਾਰ ਨੂੰ ਕੀਤੀ ਗਈ ਛਾਪੇਮਾਰੀ ਦੌਰਾਨ ਇਹ ਖੇਪ ਫੜੀ ਗਈ ਹੈ। ਪੇਸ਼ੇ ਵਜੋਂ ਸਬਜ਼ੀ ਵੇਚਣ ਦਾ ਧੰਦਾ ਕਰਨ ਵਾਲਾ ਰਾਧੇ ਸ਼ਿਆਮ ਪੁੱਤਰ ਵਰਿੰਦਰ ਯਾਦਵ ਇਲਾਕੇ ਵਿਚ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਦਾ ਮੁੱਖ ਸਮੱਗਲਰ ਬਣ ਕੇ ਰੋਜ਼ ਦਰਜਨਾਂ ਪੇਟੀਆਂ ਸ਼ਰਾਬ ਵੇਚ ਰਿਹਾ ਸੀ। ਮੁਲਜ਼ਮ ਨੂੰ ਪੁਲਸ ਨੇ ਜਦੋਂ ਕਾਰ ਵਿਚ 15 ਪੇਟੀਆਂ ਸ਼ਰਾਬ ਲਿਆਉਂਦੇ ਹੋਏ ਗ੍ਰਿਫਤਾਰ ਕੀਤਾ ਤਾਂ ਪੁੱਛਗਿੱਛ ਦੌਰਾਨ ਉਸ ਦੇ ਘਰ ਵਿਚ 302 ਪੇਟੀਆਂ ਹੋਰ ਸ਼ਰਾਬ ਦੀ ਖੇਪ ਦੇਖ ਕੇ ਪੁਲਸ ਵੀ ਹੈਰਾਨ ਰਹਿ ਗਈ। ਘਰ ਵਿਚ ਹੀ ਪਿਛਲੇ ਇਕ ਸਾਲ ਤੋਂ ਨਾਜਾਇਜ਼ ਸ਼ਰਾਬ ਦਾ ਠੇਕਾ ਚਲਾ ਰਹੇ ਰਾਧੇ ਸ਼ਿਆਮ ਦੇ ਕੋਲ ਸ਼ਰਾਬ ਲੈਣ ਦੇ ਲਈ ਦੂਰੋਂ ਦੂਰੋਂ ਗਾਹਕ ਆਉਂਦੇ ਸਨ। ਉਧਰ, ਨਿਊ ਕੁਲਦੀਪ ਨਗਰ ਵਿਚ ਬਿਜਲੀ ਮਕੈਨਿਕ ਜਤਿੰਦਰ ਸਿੰਘ ਪੁੱਤਰ ਨਿਰੰਜਣ ਸਿੰਘ ਵੀ ਮੋਟਾ ਮੁਨਾਫਾ ਦੇਖ ਕੇ ਆਪਣਾ ਹੁਨਰ ਛੱਡ ਸ਼ਰਾਬ ਦੀ ਸਮੱਗਲਿੰਗ ਕਰਨ ਲੱਗ ਗਿਆ। ਛੋਟੇ ਹਾਥੀ 'ਤੇ ਸ਼ਰਾਬ ਦੀਆਂ 43 ਪੇਟੀਆਂ ਲੈ ਕੇ ਆਉਂਦੇ ਸਮੇਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਦੋਸ਼ੀ 'ਤੇ ਪਹਿਲਾਂ ਵੀ ਸਮੱਗਲਿੰਗ ਦੇ ਦੋ ਪਰਚੇ ਦਰਜ ਹਨ।
ਛੋਟੀ ਉਮਰ ਵਿਚ ਬਣੇ ਸਮੱਗਲਰ
ਜਿਸ ਉਮਰ ਵਿਚ ਇਨਸਾਨ ਆਪਣਾ ਭਵਿੱਖ ਸੁਨਹਿਰੀ ਬਣਾਉਣ ਦਾ ਸੁਪਨਾ ਦੇਖਦਾ ਹੈ, ਉਸ ਉਮਰ ਵਿਚ ਸ਼ਰਾਬ ਦੀ ਸਮੱਗਲਿੰਗ ਕਰ ਕੇ ਮੋਟਾ ਮੁਨਾਫਾ ਕਮਾਉਣ ਅਤੇ ਐਸ਼ ਕਰਨ ਦੇ ਚੱਕਰ ਵਿਚ ਫਸੇ ਰਾਹੁਲ ਉਮਰ 18 ਸਾਲ ਪੁੱਤਰ ਰਾਜੇਸ਼, ਰਾਜੇਸ਼ ਉਮਰ 18 ਸਾਲ ਪੁੱਤਰ ਲਕਸ਼ਮਣ ਅਤੇ ਮੋਨੂ ਉਮਰ 21 ਸਾਲ ਪੁੱਤਰ ਭੋਲਾ ਰਾਮ ਨੂੰ ਕਾਬੂ ਕਰ ਕੇ ਪੁਲਸ ਨੇ 11 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਸ਼ਰਾਬ ਦੀ ਸਮੱਗਲਿੰਗ ਕਰਨ ਵਿਚ ਲੱਗੇ ਇਨ੍ਹਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਉਹ ਰੋਜ਼ ਦਰਜਨਾਂ ਬੋਤਲਾਂ ਵੇਚ ਮੋਟਾ ਮੁਨਾਫਾ ਕਮਾ ਕੇ ਸਾਰਾ ਦਿਨ ਐਸ਼ ਕਰਦੇ ਸਨ। ਇਨ੍ਹਾਂ ਵਿਚ ਇਕ ਡਰਾਈਵਰ ਅਤੇ ਰਿਕਸ਼ਾ ਚਾਲਕ ਹੈ।