ਮੇਨ ਬਾਜ਼ਾਰ ''ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ

09/09/2017 7:43:15 AM

ਪੱਟੀ(ਪਾਠਕ)-ਵੀਰਵਾਰ ਨੂੰ ਪੱਟੀ ਦੇ ਮੇਨ ਬਾਜ਼ਾਰ ਵਿਚ ਗੁਰਦੁਆਰਾ ਬਾਬਾ ਹਿੰਮਤ ਸਿੰਘ ਮਾਰਕੀਟ ਵਿਖੇ ਗੁਰਦੁਆਰਾ ਕਮੇਟੀ ਦੀ ਇਕ ਧਿਰ ਵੱਲੋਂ ਦੂਜੀ ਧਿਰ 'ਤੇ ਦੁਕਾਨ ਦੀ ਮੁੜ ਬੋਲੀ ਕਰਾਉਣ ਦੇ ਦੋਸ਼ ਲਾਉਂਦੇ ਹੋਏ ਮਾਰਕੀਟ ਵਿਚ ਗੁੰਡਾਗਰਦੀ ਕਰਦਿਆਂ ਤੇਜ਼ਧਾਰ ਹਥਿਆਰਾਂ ਨਾਲ ਕਾਂਗਰਸ ਦੇ ਬੀ. ਸੀ. ਸੈੱਲ ਦੇ ਪ੍ਰਧਾਨ ਸਮੇਤ ਚਾਰ ਲੋਕਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਥਾਣਾ ਮੁਖੀ ਨੇ ਘਟਨਾ ਸਥਾਨ 'ਤੇ ਪੁੱਜ ਕੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੌਲ ਦਿਖਾਈ ਦਿੱਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਰਾਜਯੋਧਬੀਰ ਸਿੰਘ ਤੇ ਸਰਪ੍ਰਸਤ ਪ੍ਰਿੰ. ਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਵਿਚ 11 ਮੈਂਬਰ ਹਨ ਤੇ 4 ਕਮੇਟੀ ਮੈਂਬਰਾਂ ਵੱਲੋਂ ਕਮੇਟੀ ਅਧੀਨ ਇਕ ਦੁਕਾਨ ਇਕ 1 ਲੱਖ ਰੁਪਏ ਵਿਚ ਕਿਸੇ ਨੂੰ ਦੇ ਦਿੱਤੀ ਗਈ ਸੀ ਪਰ ਜਦ ਉਨ੍ਹਾਂ ਨੂੰ ਉਕਤ ਦੁਕਾਨ ਦੇਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ 2 ਸਤੰਬਰ ਨੂੰ ਉਕਤ ਦੁਕਾਨ ਦੀ ਬਾਕੀ ਕਮੇਟੀ ਮੈਂਬਰਾਂ ਦੀ ਸਹਿਮਤੀ ਨਾਲ ਬੋਲੀ ਕਰਵਾਈ, ਜੋ ਕਿ 7 ਲੱਖ 50 ਹਜ਼ਾਰ ਰੁਪਏ 'ਤੇ ਗਈ ਅਤੇ ਉਨ੍ਹਾਂ ਦੁਕਾਨ ਉਕਤ ਬੋਲੀਕਾਰ ਨੂੰ ਦੇ ਦਿੱਤੀ, ਜਿਸ ਕਰਕੇ 4 ਮੈਂਬਰਾਂ ਨੇ ਬੋਲੀ ਦਾ ਵਿਰੋਧ ਕੀਤਾ ਤੇ ਜਬਰਨ ਦੁਕਾਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।  ਅੱਜ ਸਵੇਰੇ 9.40 ਵਜੇ ਗੁਰਮੀਤ ਸਿੰਘ, ਕਸ਼ਮੀਰ ਸਿੰਘ, ਪੱਪੂ, ਬਿੱਟੂ, ਗੁਰਬਚਨ ਸਿੰਘ ਸਮੇਤ ਡੇਢ ਦਰਜਨ ਦੋਂ ਵੱਧ ਨੌਜਵਾਨਾਂ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ, ਨੇ ਆਉਂਦਿਆਂ ਹੀ ਦੁਕਾਨ 'ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਕਮੇਟੀ ਦੇ ਸਰਪ੍ਰਸਤ ਪ੍ਰਿੰ. ਚਰਨ ਸਿੰਘ ਦੀ ਮਾਰਕੁੱਟ ਕਰਨ ਤੋਂ ਬਾਅਦ ਉਸ ਦੀ ਪੱਗ ਲਾਹ ਦਿੱਤੀ। ਇਸ ਤੋਂ ਇਲਾਵਾ ਜਸਪਾਲ ਸਿੰਘ ਡਾਲੇਕੇ ਪ੍ਰਧਾਨ ਕਾਂਗਰਸ ਬੀ. ਸੀ. ਸੈੱਲ, ਬਲਦੇਵ ਸਿੰਘ ਅਤੇ ਹਰਦੇਵ ਸਿੰਘ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਇਲਾਜ ਪੱਟੀ ਦੇ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ। ਇਹ ਸਾਰੀ ਘਟਨਾ ਸਾਹਮਣੇ ਦੁਕਾਨਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਕੈਦ ਹੋ ਗਈ ਹੈ। ਥਾਣਾ ਮੁਖੀ ਹਰਦੀਪ ਸਿੰਘ ਸੰਧੂ ਕਿਹਾ ਕਿ ਜ਼ਖਮੀ ਵਿਅਕਤੀਆਂ ਦੇ ਬਿਆਨ ਦਰਜ ਕਰ ਲਏ ਹਨ। ਉਨ੍ਹਾਂ ਕਿਹਾ ਕਿ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।