ਇਕ ਵਿਅਕਤੀ ਵੱਲੋਂ ਪੁਲਸ ''ਤੇ ਝੂਠਾ ਮਾਮਲਾ ਦਰਜ ਕਰਨ ਦੇ ਦੋਸ਼

07/22/2017 3:03:01 AM

ਬਠਿੰਡਾ(ਸੁਖਵਿੰਦਰ)-ਇਕ ਵਿਅਕਤੀ ਨੇ ਪੁਲਸ 'ਤੇ ਝੂਠਾ ਮਾਮਲਾ ਦਰਜ ਕਰਨ ਦੇ ਦੋਸ਼ ਲਾਉਂਦਿਆ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦਿਆਂ ਆਦੇਸ਼ ਪੁਸ਼ਪਿੰਦਰ ਸਿੰਘ ਵਾਸੀ ਚੁੱਘੇ ਕਲਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਖਿਲਾਫ ਥਾਣਾ ਨੰਦਗੜ੍ਹ ਵਿਖੇ ਪੰਚਾਇਤ ਸਕੱਤਰ ਦਾ ਮੋਟਰਸਾਈਕਲ ਖੋਹਣ ਅਤੇ ਉਸ ਦੀ ਡਿਊਟੀ ਵਿਚ ਵਿਗਨ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਉਪਰ ਲਾਏ ਗਏ ਉਕਤ ਦੋਸ਼ ਬਿਲਕੁਲ ਝੂਠੇ ਅਤੇ ਬੇਬੁਨਿਆਦ ਹਨ। ਉਸ ਨੇ ਕਦੇ ਵੀ ਕਿਸੇ ਮੁਲਾਜ਼ਮ ਦਾ ਮੋਟਰਸਾਈਕਲ ਨਹੀਂ ਖੋਹਿਆ। ਉਕਤ ਸਕੱਤਰ ਵੱਲੋਂ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਵਿਚ ਭੇਦਭਾਵ ਕੀਤਾ ਜਾ ਰਿਹਾ ਸੀ ਅਤੇ ਉਸ ਵੱਲੋਂ ਮਜ਼ਦੂਰਾਂ ਨੂੰ ਕੰਮ ਦਿਵਾਉਣ ਲਈ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਦੀ ਉਕਤ ਲੋਕ ਰੰਜਿਸ਼ ਰੱਖਦੇ ਸਨ। ਇਸ ਤੋਂ ਬਾਅਦ ਹੀ ਸਕੱਤਰ ਵੱਲੋਂ ਕੁਝ ਸਿਆਸੀ ਆਗੂਆਂ ਨਾਲ ਮਿਲ ਕੇ ਉਸ ਦੇ ਖਿਲਾਫ਼ ਉਕਤ ਝੂਠਾ ਮਾਮਲਾ ਦਰਜ ਕਰਵਾਇਆ ਗਿਆ। ਉਨ੍ਹਾਂ ਰੋਸ ਜਤਾਇਆ ਕਿ ਪੁਲਸ ਵੱਲੋਂ ਬਿਨਾਂ ਕਿਸੇ ਕਸੂਰ ਦੇ ਉਸ ਨੂੰ ਹਵਾਲਾਤ 'ਚ ਬੰਦ ਰੱਖਿਆ ਗਿਆ ਅਤੇ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।