ਰਸਤਾ ਭਟਕੀ ਨਾਬਾਲਿਗਾ ਔਰਤ ਦੇ ਚੁੰਗਲ ''ਚ ਫਸੀ

07/19/2017 7:07:19 AM

ਬਠਿੰਡਾ(ਜ. ਬ.)-ਘਰੋਂ ਪਿਤਾ ਵੱਲੋਂ ਕੁੱਟਮਾਰ ਕੀਤੇ ਜਾਣ ਕਾਰਨ 15 ਸਾਲਾ ਲੜਕੀ ਮਾਂ ਨੂੰ ਮਿਲਣ ਬੱਸ ਰਾਹੀਂ ਪਿੰਡ ਪਹੁੰਚੀ ਤਾਂ ਉਹ ਇਕ ਔਰਤ ਦੇ ਚੁੰਗਲ ਵਿਚ ਫਸ ਗਈ, ਜਿਸ ਨੇ ਉਸ ਨੂੰ 2-3 ਦਿਨ ਆਪਣੇ ਘਰ ਵਿਚ ਰੱਖ ਕੇ ਅੱਗੇ ਉਸ ਨੂੰ ਦੇਹ ਵਪਾਰ ਲਈ ਵੇਚ ਦਿੱਤਾ। ਪੁਲਸ ਨੇ ਸ਼ਿਕਾਇਤ ਮਿਲਣ 'ਤੇ ਮਾਮਲਾ ਦਰਜ ਕਰ ਕੇ ਔਰਤ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਇਕ ਵਿਅਕਤੀ ਦਾ ਆਪਣੀ ਪਤਨੀ ਨਾਲ ਵਿਵਾਦ ਚੱਲ ਰਿਹਾ ਸੀ, ਇਸ ਲਈ ਉਸ ਦੀ ਪਤਨੀ ਉਸ ਨੂੰ ਛੱਡ ਕੇ ਕਿਸੇ ਹੋਰ ਨਾਲ ਰਹਿ ਰਹੀ ਸੀ।  2 ਲੜਕੀਆਂ ਤੇ ਇਕ ਲੜਕੇ ਦਾ ਪਾਲਣ-ਪੋਸ਼ਣ ਪਿਤਾ ਹੀ ਕਰ ਰਿਹਾ ਸੀ, ਜੋ ਮਜ਼ਦੂਰੀ ਕਰ ਕੇ ਬੱਚਿਆਂ ਦਾ ਢਿੱਡ ਭਰ ਰਿਹਾ ਸੀ। ਆਰਥਿਕ ਤੰਗੀ ਕਾਰਨ ਪਿਤਾ ਅਕਸਰ ਬੱਚਿਆਂ ਨਾਲ ਕੁੱਟਮਾਰ ਕਰਦਾ ਸੀ, ਜਿਸ ਕਾਰਨ ਉਸ ਦੀ 15 ਸਾਲਾ ਵੱਡੀ ਲੜਕੀ ਘਰ ਛੱਡ ਕੇ ਮਾਂ ਨੂੰ ਮਿਲਣ ਲਈ ਬੱਸ 'ਤੇ ਸਵਾਰ ਹੋ ਗਈ। ਬੱਸ ਅੱਡੇ 'ਤੇ ਪਹੁੰਚਦੇ ਹੀ ਉਹ ਰਸਤਾ ਭਟਕ ਗਈ ਤੇ ਉਹ ਉਥੋਂ ਲੰਘ ਰਹੀ ਇਕ ਔਰਤ ਜਸਮੇਲ ਕੌਰ ਪਤਨੀ ਕਰਤਾਰ ਸਿੰਘ ਦੇ ਚੁੰਗਲ ਵਿਚ ਫਸ ਗਈ। ਉਕਤ ਔਰਤ ਵਰਗਲਾ ਕੇ ਉਸ ਭੋਲੀ-ਭਾਲੀ ਲੜਕੀ ਨੂੰ ਆਪਣੇ ਨਾਲ ਘਰ ਲੈ ਗਈ, ਉਥੇ ਉਸ ਨੂੰ 2 ਦਿਨ ਆਪਣੇ ਘਰ ਰੱਖਿਆ ਅਤੇ ਪੈਸੇ ਕਮਾਉਣ ਦੇ ਲਾਲਚ 'ਚ ਉਹ ਨਾਬਾਲਗਾ ਨੂੰ ਦੇਹ ਵਪਾਰ ਦੇ ਧੰਦੇ ਵਿਚ ਧੱਕਣਾ ਚਾਹੁੰਦੀ ਸੀ। ਉਕਤ ਔਰਤ ਨੇ ਨਾਬਾਲਗਾ ਨੂੰ 45 ਸਾਲਾ ਪਾਲਾ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਗੁਰਨੇ ਕਲਾਂ ਨੂੰ ਵੇਚ ਦਿੱਤਾ।  ਉਥੇ ਮੁਲਜ਼ਮ ਪਾਲਾ ਸਿੰਘ ਨੇ ਨਾਬਾਲਗਾ ਨਾਲ ਜਬਰ-ਜ਼ਨਾਹ ਕੀਤਾ। ਜਦ ਲੜਕੀ ਘਰ ਨਹੀਂ ਪਹੁੰਚੀ ਤਾਂ ਪਿਤਾ ਨੂੰ ਉਸ ਦੀ ਚਿੰਤਾ ਹੋਣ ਲੱਗੀ। ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਪੁਲਸ ਨੂੰ ਵੀ ਸੂਚਿਤ ਕੀਤਾ। ਥਾਣਾ ਸਦਰ ਮੁਖੀ ਜਸਵਿੰਦਰ ਸਿੰਘ ਨੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਲੜਕੀ ਮਿਲ ਗਈ। 7ਵੀਂ ਕਲਾਸ ਤੱਕ ਪੜ੍ਹੀ ਨਾਬਾਲਗਾ ਲੜਕੀ ਨੇ ਪੁਲਸ ਨੂੰ ਆਪਬੀਤੀ ਸੁਣਾਈ ਤਾਂ ਪੁਲਸ ਨੇ ਜਸਮੇਲ ਕੌਰ ਦੇ ਘਰ ਛਾਪੇਮਾਰੀ ਕਰ ਕੇ ਉਸ ਨੂੰ ਹਿਰਾਸਤ 'ਚ ਲਿਆ ਅਤੇ ਲੜਕੀ ਦਾ ਮੈਡੀਕਲ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ। ਫਰਾਰ ਹੋਏ ਪਾਲਾ ਸਿੰਘ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।