ਅਨਾਰਦਾਣਾ ਚੌਕ ''ਚ ਹੋਈ ਖੂਨੀ ਝੜਪ, 5 ਜ਼ਖਮੀ

07/18/2017 1:30:18 AM

ਪਟਿਆਲਾ(ਬਲਜਿੰਦਰ)-ਬਾਅਦ ਦੁਪਹਿਰ ਸ਼ਹਿਰ ਦੇ ਅਨਾਰਦਾਣਾ ਚੌਕ ਵਿਚ 2 ਗਰੁੱਪਾਂ ਦਰਮਿਆਨ ਖੂਨੀ ਝੜਪ ਹੋ ਗਈ। ਇਸ ਵਿਚ ਇੱਕ ਧੜੇ ਦੇ 5 ਵਿਅਕਤੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜ਼ਖਮੀਆਂ ਦੀ ਪਛਾਣ ਹਰਦੀਪ ਸ਼ਰਮਾ ਪੁੱਤਰ ਅੰਮ੍ਰਿਤਪਾਲ ਵਾਸੀ ਸ਼ੇਰ ਮਾਜਰਾ, ਦੀਪਕ ਸ਼ਰਮਾ ਪੁੱਤਰ ਤਰਸੇਮ ਚੰਦ ਵਾਸੀ ਸ਼ੇਰ ਮਾਜਰਾ, ਹਰਵਿੰਦਰ ਸਿੰਘ ਜੋਈ ਪੁੱਤਰ ਜੱਗਾ ਵਾਸੀ ਧੀਰੂ ਨਗਰ, ਚਮਕੌਰ ਸਿੰਘ ਪੁੱਤਰ ਸੰਤ ਸਿੰਘ ਵਾਸੀ ਖੇੜਾ ਜੱਟਾਂ ਅਤੇ ਅਮਰ ਕਲਿਆਣ ਦੇ ਰੂਪ ਵਿਚ ਹੋਈ। ਘਟਨਾ ਦੀ ਸੂਚਨਾ ਮਿਲਦੇ ਹੀ ਐੈੱਸ. ਪੀ. ਸਿਟੀ ਕੇਸਰ ਸਿੰਘ ਧਾਲੀਵਾਲ, ਡੀ. ਐੈੱਸ. ਪੀ. ਸੌਰਵ ਜਿੰਦਲ, ਐੈੱਸ. ਐੈੱਚ. ਓ. ਕੋਤਵਾਲੀ ਇੰਸਪੈਕਟਰ ਰਾਹੁਲ ਕੌਸ਼ਲ, ਐੈੱਸ. ਐੈੱਚ. ਓ. ਡਵੀਜ਼ਨ ਨੰਬਰ 2 ਸੁਰਿੰਦਰ ਭੱਲਾ ਅਤੇ ਥਾਣਾ ਤ੍ਰਿਪੜੀ ਦੇ ਐੈੱਸ. ਐੈੱਚ. ਓ. ਇੰਸਪੈਕਟਰ ਰਾਜੇਸ਼ ਮਲਹੋਤਰਾ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਆਉਂਦੇ ਹੀ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਅਤੇ ਬਾਕੀ ਹਿੱਸਿਆਂ ਨੂੰ ਘੇਰ ਲਿਆ। ਕੁਝ ਦਿਨ ਪਹਿਲਾਂ ਹੋਏ ਝਗੜੇ ਨੂੰ ਦੇਖਦੇ ਹੋਏ ਪੁਲਸ ਨੇ ਉਥੋਂ ਬਾਹਰੀ ਵਿਅਕਤੀਆਂ ਨੂੰ ਤੁਰੰਤ ਭਜਾ ਦਿੱਤਾ। ਦੂਜੇ ਪਾਸੇ ਅਨਾਰਦਾਣਾ ਚੌਕ ਵਿਚ ਵੀ ਵੱਡੀ ਗਿਣਤੀ 'ਚ ਪੁਲਸ ਤਾਇਨਾਤ ਕਰ ਦਿੱਤੀ ਗਈ।  ਮਿਲੀ ਜਾਣਕਾਰੀ ਮੁਤਾਬਕ ਅੱਜ ਪਹਿਲਾਂ ਜੋਈ ਗਰੁੱਪ ਨੇ ਇੱਕ ਵਿਦਿਆਰਥੀ ਆਗੂ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ। ਉਹ ਆਗੂ ਚੰਡੀਗੜ੍ਹ ਦੀ ਵਿਦਿਆਰਥੀ ਯੂਨੀਅਨ ਦਾ ਸੀ। ਉਸ ਨੇ ਬਾਅਦ ਵਿਚ ਆਪਣੇ ਸਾਥੀਆਂ ਨਾਲ ਸੰਪਰਕ ਕਰ ਕੇ ਕੁਝ ਸਾਥੀ ਬੁਲਾਏ ਅਤੇ ਬਾਕੀ ਸਥਾਨਕ ਸਾਥੀਆਂ ਨਾਲ ਸੰਪਰਕ ਦੇ ਬਾਅਦ ਦੁਪਹਿਰ ਮੁੜ ਇਨ੍ਹਾਂ ਵਿਅਕਤੀਆਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਤੇਜ਼ਧਾਰ ਹਥਿਆਰਾਂ ਤੋਂ ਇਲਾਵਾ ਸੋਢੇ ਦੀਆਂ ਬੋਤਲਾਂ ਵੀ ਚੱਲੀਆਂ। ਹਸਪਤਾਲ ਪਹੁੰਚੇ ਐੈੱਸ. ਪੀ. ਸਿਟੀ ਕੇਸਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਲੜਾਈ ਦਾ ਪੁਰਾਣੇ ਝਗੜੇ ਨਾਲ ਕੋਈ ਲੈਣ-ਦੇਣ ਨਹੀਂ ਹੈ। ਇਹ ਗਰੁੱਪ ਪਹਿਲਾਂ ਸਵੇਰੇ ਆਪਸ-ਵਿਚ ਭਿੜੇ ਅਤੇ ਬਾਅਦ ਦੁਪਹਿਰ ਫਿਰ ਦੋਵਾਂ ਵਿਚ ਝਗੜਾ ਹੋਇਆ, ਜਿਸ ਵਿਚ ਕੁਝ ਵਿਅਕਤੀ ਜ਼ਖਮੀ ਹੋਏ ਹਨ। ਉਨ੍ਹਾਂ ਦੇ ਬਿਆਨ ਦਰਜ ਕਰ ਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।