ਮੁੱਖ ਮੰਤਰੀ ਨੇ ਸ਼ਹੀਦ ਗੱਜਣ ਦੀ ਅਰਥੀ ਨੂੰ ਦਿੱਤਾ ਮੋਢਾ, ਪਰਿਵਾਰਕ ਮੈਂਬਰਾਂ ਨਾਲ ਚਿਖਾ ਨੂੰ ਦਿਖਾਈ ਅਗਨੀ

10/13/2021 6:40:21 PM

ਪਚਰੰਡਾ (ਰੂਪਨਗਰ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਸਿਪਾਹੀ ਗੱਜਣ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦਾ ਸਸਕਾਰ ਅੱਜ ਰੂਪਨਗਰ ਜ਼ਿਲ੍ਹੇ ਵਿਚ ਉਨਾਂ ਦੇ ਜੱਦੀ ਪਿੰਡ ਪਚਰੰਡਾ ਵਿਖੇ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ ਗਿਆ। ਮੁੱਖ ਮੰਤਰੀ ਨੇ ਸ਼ਹੀਦ ਦੀ ਅਰਥੀ ਨੂੰ ਮੋਢਾ ਦਿੱਤਾ, ਜਿਨ੍ਹਾਂ ਨਾਲ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਵੀ ਸ਼ਾਮਲ ਹੋਏ। ਇਸ ਦੌਰਾਨ ਮੁੱਖ ਮੰਤਰੀ ਨੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਅਰਦਾਸ ਵਿਚ ਵੀ ਸ਼ਾਮਲ ਹੋਏ। ਉਨ੍ਹਾਂ ਨੇ ਸ਼ਹੀਦ ਦੇ ਪਿਤਾ ਅਤੇ ਭਤੀਜੇ ਨਾਲ ਸੂਰਬੀਰ ਸੈਨਿਕ ਦੀ ਚਿਖਾ ਨੂੰ ਅਗਨੀ ਵੀ ਦਿਖਾਈ। ਸ਼ਹੀਦ ਗੱਜਣ ਸਿੰਘ ਨੇ 11 ਅਕਤੂਬਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਵਿਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਲਾਸਾਨੀ ਕੁਰਬਾਨੀ ਦੇ ਦਿੱਤੀ।

ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਗੱਜਣ ਸਿੰਘ ਦੀ ਲਾਮਿਸਾਲ ਕੁਰਬਾਨੀ ਬਾਕੀ ਸੈਨਿਕਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਆਪਣੀ ਡਿਊਟੀ ਹੋਰ ਵੀ ਸਮਰਪਿਤ ਭਾਵਨਾ ਅਤੇ ਵਚਨਬੱਧਤਾ ਨਾਲ ਨਿਭਾਉਣ ਲਈ ਸਦਾ ਪ੍ਰੇਰਿਤ ਕਰਦੀ ਰਹੇਗੀ।

ਦੱਸਣਯੋਗ ਹੈ ਕਿ  ਜੰਮੂ-ਕਸ਼ਮੀਰ ਦੇ ਪੁੰਛ ’ਚ ਅੱਤਵਾਦੀਆਂ ਨਾਲ ਸੋਮਵਾਰ ਨੂੰ ਮੁਕਾਬਲੇ ਦੌਰਾਨ ਸ਼ਹੀਦ ਹੋਏ ਗੱਜਣ ਸਿੰਘ ਦੀ ਅੱਜ ਮਿ੍ਰਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਪਚਰੰਡਾ ਵਿਖੇ ਪਹੁੰਚੀ। ਸ਼ਹੀਦ ਦੀ ਸ਼ਹਾਦਤ ਬਾਰੇ ਪਤਾ ਲੱਗਣ ’ਤੇ ਜਿੱਥੇ ਪਰਿਵਾਰ ’ਚ ਸੋਗ ਦੀ ਲਹਿਰ ਛਾਈ ਹੋਈ ਹੈ, ਉਥੇ ਹੀ ਪੂਰੇ ਇਲਾਕੇ ’ਚ ਗਮਗੀਨ ਮਾਹੌਲ ਬਣਿਆ ਹੋਇਆ ਹੈ। ਦੇਸ਼ ਦੇ ਲਈ ਆਪਣੀ ਕੁਰਬਾਨੀ ਦੇਣ ਵਾਲੇ ਗੱਜਣ ਸਿੰਘ ਨੂੰ ਉਨ੍ਹਾਂ ਦੀ ਸ਼ਹਾਦਤ ’ਤੇ ਉਨ੍ਹਾਂ ਦੇ ਪਰਿਵਾਰ ਨੂੰ ਕਾਫ਼ੀ ਮਾਣ ਵੀ ਹੈ। 

ਗੱਜਣ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਸੈਲਾਬ ਉਮੜਿਆ । ਚੂੜੇ ਵਾਲੇ ਹੱਥਾਂ ਨਾਲ ਸ਼ਹੀਦ ਦੀ ਪਤਨੀ ਨੇ ਆਪਣੇ ਫ਼ੌਜੀ ਪਤੀ ਨੂੰ ਸਲੂਟ ਮਾਰਦੇ ਹੋਏ ਆਖ਼ਰੀ ਵਿਦਾਈ ਦਿੱਤੀ। ਮਾਹੌਲ ਵੇਖ ਹਰ ਕਿਸੇ ਦੀ ਅੱਖ ਨਮ ਸੀ।

Anuradha

This news is Content Editor Anuradha