ਬਿਜਲੀ ਦਾ ਬਿੱਲ ਅਪਡੇਟ ਨਾ ਹੋਣ ਦਾ ਝਾਂਸਾ ਦੇ ਕੇ ਕ੍ਰੈਡਿਟ ਕਾਰਡ ਦੀ ਮੰਗੀ ਡਿਟੇਲ, ਫਿਰ ਖਾਤੇ ’ਚੋਂ ਕੱਢੇ 51000 ਰੁਪਏ

06/20/2023 12:58:46 PM

ਜਲੰਧਰ (ਜ. ਬ.): ਵ੍ਹਟਸਐਪ ’ਤੇ ਬਿਜਲੀ ਦਾ ਬਿੱਲ ਅਪਡੇਟ ਨਾ ਹੋਣ ਅਤੇ ਰਾਤ ਨੂੰ ਬਿਜਲੀ ਦਾ ਕੁਨੈਕਸ਼ਨ ਕੱਟ ਦੇਣ ਦਾ ਮੈਸੇਜ ਕਰਨ ਤੋਂ ਬਾਅਦ ਫੋਨ ’ਤੇ ਸੰਪਰਕ ਕਰ ਕੇ ਕ੍ਰੈਡਿਟ ਕਾਰਡ ਦੀ ਡਿਟੇਲ ਲੈ ਕੇ 2 ਨੌਸਰਬਾਜ਼ਾਂ ਨੇ 51 ਹਜ਼ਾਰ 173 ਰੁਪਏ ਟਰਾਂਸਫਰ ਕਰ ਲਏ। ਪੀੜਤ ਨੇ ਤੁਰੰਤ ਆਪਣਾ ਕ੍ਰੈਡਿਟ ਕਾਰਡ ਬਲਾਕ ਕਰਵਾਇਆ ਅਤੇ ਫਿਰ ਪੁਲਸ ਨੂੰ ਸ਼ਿਕਾਇਤ ਦਿੱਤੀ। ਸਾਈਬਰ ਕ੍ਰਾਈਮ ਯੂਨਿਟ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਪੀੜਤ ਵਿਅਕਤੀ ਦੇ ਖਾਤੇ ਵਿਚੋਂ ਪਹਿਲਾਂ ਰਾਂਚੀ ਦੇ ਵਿਅਕਤੀ ਦੇ ਬੈਂਕ ਖਾਤੇ ਵਿਚ ਪੈਸੇ ਟਰਾਂਸਫਰ ਕੀਤੇ ਗਏ ਅਤੇ ਬਾਅਦ ਵਿਚ ਕੋਲਕਾਤਾ ਦੇ ਇਕ ਬੈਂਕ ਖਾਤੇ ਵਿਚ ਟਰਾਂਸਫਰ ਹੋਏ। ਪੁਲਸ ਨੇ ਦੋਵਾਂ ਬੈਂਕ ਅਕਾਊਂਟਸ ਹੋਲਡਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੰਜੀਵ ਜਿੰਦਲ ਪੁੱਤਰ ਰਾਜ ਕੁਮਾਰ ਜਿੰਦਲ ਨਿਵਾਸੀ ਮਾਸਟਰ ਤਾਰਾ ਸਿੰਘ ਨਗਰ ਨੇ ਦੱਸਿਆ ਕਿ 11 ਜੁਲਾਈ 2022 ਨੂੰ ਉਸਦੇ ਵ੍ਹਟਸਐਪ ਨੰਬਰ ’ਤੇ ਇਕ ਮੈਸੇਜ ਆਇਆ ਸੀ ਕਿ ਉਨ੍ਹਾਂ ਦਾ ਬਿਜਲੀ ਦਾ ਬਿੱਲ ਅਪਡੇਟ ਨਹੀਂ ਹੈ ਅਤੇ ਜੇਕਰ ਉਨ੍ਹਾਂ ਤੁਰੰਤ ਬਿੱਲ ਨਾ ਭਰਿਆ ਤਾਂ ਅੱਜ ਰਾਤ ਨੂੰ ਉਨ੍ਹਾਂ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਮੈਸੇਜ ਵਿਚ ਸੰਪਰਕ ਕਰਨ ਲਈ ਇਕ ਮੋਬਾਇਲ ਨੰਬਰ ਵੀ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਜੀ, ਤੁਸੀਂ ਜਲੰਧਰ ਆਉਂਦੇ-ਜਾਂਦੇ ਰਿਹਾ ਕਰੋ, ਤਾਂ ਹੀ ਨਗਰ ਨਿਗਮ ਵੀ ਸ਼ਹਿਰ ਦੀ ਸਫ਼ਾਈ ਕਰਵਾਉਂਦਾ ਰਹੇਗਾ    

ਸੰਜੀਵ ਜਿੰਦਲ ਨੇ ਜਦੋਂ ਉਕਤ ਨੰਬਰ ’ਤੇ ਫੋਨ ਕੀਤਾ ਤਾਂ ਫੋਨ ਚੁੱਕਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਉਹ ਬਿਜਲੀ ਦਾ ਕੁਨੈਕਸ਼ਨ ਲੱਗਾ ਹੈ। ਖੁਦ ਨੂੰ ਪਾਵਰਕਾਮ ਦਾ ਮੁਲਾਜ਼ਮ ਦੱਸਣ ਵਾਲੇ ਨੇ ਸੰਜੀਵ ਜਿੰਦਲ ਤੋਂ ਬਿੱਲ ਦਾ ਭੁਗਤਾਨ ਕਰਨ ਲਈ ਕ੍ਰੈਡਿਟ ਕਾਰਡ ਦੀ ਡਿਟੇਲ ਮੰਗੀ। ਜਿਉਂ ਹੀ ਸੰਜੀਵ ਨੇ ਉਸਨੂੰ ਡਿਟੇਲ ਦਿੱਤੀ ਤਾਂ ਤੁਰੰਤ ਉਸਨੂੰ ਮੈਸੇਜ ਆਇਆ ਕਿ ਉਨ੍ਹਾਂ ਦੇ ਖਾਤੇ ਵਿਚੋਂ 51 ਹਜ਼ਾਰ 173 ਰੁਪਏ ਟਰਾਂਸਫਰ ਹੋਏ ਹਨ। ਸੰਜੀਵ ਨੇ ਦੱਸਿਆ ਕਿ ਉਨ੍ਹਾਂ ਆਪਣਾ ਕ੍ਰੈਡਿਟ ਕਾਰਡ ਬਲਾਕ ਕਰਵਾ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ। ਸਾਈਬਰ ਕ੍ਰਾਈਮ ਯੂਨਿਟ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜਿਸ ਖਾਤੇ ਵਿਚ ਪੈਸੇ ਟਰਾਂਸਫਰ ਹੋਏ ਹਨ, ਉਹ ਰਾਂਚੀ ਦੇ ਹੇਹਲ ਇਲਾਕਾ ਨਿਵਾਸੀ ਰਾਜ ਕੁਮਾਰ ਲੋਹਰਾ ਪੁੱਤਰ ਗਣੇਸ਼ ਲੋਹਰਾ ਦੇ ਨਾਂ ’ਤੇ ਹੈ, ਜਦੋਂ ਕਿ ਕੁਝ ਪੈਸੇ ਰਾਜੀਵ ਦਾਸ ਨਿਵਾਸੀ ਕੋਲਕਾਤਾ ਦੇ ਬੈਂਕ ਖਾਤੇ ਵਿਚ ਵੀ ਟਰਾਂਸਫਰ ਹੋਏ ਹਨ। ਪੁਲਸ ਨੇ ਰਾਜ ਕੁਮਾਰ ਲੋਹਰਾ ਅਤੇ ਰਾਜੀਵ ਦਾਸ ਖ਼ਿਲਾਫ਼ ਧਾਰਾ 420, ਆਈ. ਟੀ. ਐਕਟ ਅਧੀਨ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪੁਲਸ ਨੇ 5 ਦਿਨ ’ਚ ਕੀਤੇ 799 ਚਲਾਨ ਪੇਸ਼, ਵਧ ਰਹੀਆਂ ਅਪਰਾਧੀਆਂ ਦੀਆਂ ਮੁਸ਼ਕਿਲਾਂ, ਹੁਣ ਮਿਲੇਗਾ ਪੀੜਤ ਨੂੰ ਨਿਆਂ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha