ਭੁਲੱਥ ਹਲਕੇ ''ਚ ਧੁੱਸੀ ਬੰਨ੍ਹ ਨੂੰ ਆਈ ਤਰੇੜ, ਵਿਭਾਗ ਵੱਲੋਂ ਬੰਨ੍ਹ ਦੀ ਮਜ਼ਬੂਤੀ ਲਈ ਕਾਰਜ ਜਾਰੀ

08/26/2023 2:28:06 AM

ਬੇਗੋਵਾਲ (ਰਜਿੰਦਰ) : ਭੁਲੱਥ ਹਲਕੇ 'ਚ ਬਿਆਸ ਦਰਿਆ ਵਿੱਚ ਆਏ ਹੜ੍ਹ ਦੌਰਾਨ ਮੰਡ ਤਲਵੰਡੀ ਕੂਕਾ ਵਿਖੇ ਧੁੱਸੀ ਬੰਨ੍ਹ ਨੂੰ ਤਰੇੜ ਆ ਗਈ ਹੈ, ਜਿਸ ਦਾ ਪਤਾ ਲੱਗਦੇ ਹੀ ਫੌਰੀ ਤੌਰ 'ਤੇ ਡਰੇਨੇਜ ਵਿਭਾਗ ਦੇ ਅਧਿਕਾਰੀ ਪਹੁੰਚੇ ਅਤੇ ਬੰਨ੍ਹ ਦੀ ਮਜ਼ਬੂਤੀ ਲਈ ਕੰਮ ਸ਼ੁਰੂ ਕੀਤਾ।

ਦੱਸ ਦੇਈਏ ਕਿ 16 ਅਗਸਤ ਨੂੰ ਭੁਲੱਥ ਹਲਕੇ 'ਚ ਪੈਂਦੇ ਬਿਆਸ ਦਰਿਆ ਵਿੱਚ ਹੜ੍ਹ ਆ ਗਿਆ ਸੀ। ਇਸ ਦੌਰਾਨ ਹੜ੍ਹ ਦਾ ਪਾਣੀ ਧੁੱਸੀ ਬੰਨ੍ਹ ਨੂੰ ਲੱਗ ਗਿਆ। ਉਸ ਦਿਨ ਦਰਿਆ 'ਚ ਢਾਈ ਲੱਖ ਕਿਊਸਿਕ ਤੱਕ ਪਾਣੀ ਚੱਲ ਰਿਹਾ ਸੀ, ਜਿਸ ਤੋਂ ਬਾਅਦ ਦਿਨੋ-ਦਿਨ ਪਾਣੀ ਘਟਦਾ ਜਾ ਰਿਹਾ ਹੈ ਪਰ ਅਜੇ ਵੀ ਦਰਿਆ ਤੋਂ ਧੁੱਸੀ ਬੰਨ੍ਹ ਤੱਕ ਪਾਣੀ ਚੱਲ ਰਿਹਾ ਹੈ। ਇਸੇ ਦਰਮਿਆਨ ਬੇਗੋਵਾਲ ਇਲਾਕੇ 'ਚ ਪੈਂਦੇ ਮੰਡ ਤਲਵੰਡੀ ਕੂਕਾ ਵਿਖੇ ਧੁੱਸੀ ਬੰਨ੍ਹ ਨੂੰ ਤਰੇੜ ਆ ਗਈ ਹੈ। ਮੌਕੇ 'ਤੇ ਡਰੇਨੇਜ ਵਿਭਾਗ ਦੇ ਐੱਸ.ਡੀ.ਓ. ਖੁਸ਼ਮਿੰਦਰ ਐੱਸ., ਜੇ.ਈ. ਜਸਵਿੰਦਰ ਸਿੰਘ ਤੇ ਜੇ.ਈ. ਹਰਦੀਪ ਸਿੰਘ ਆਪਣੀ ਟੀਮ ਨਾਲ ਬੰਨ੍ਹ ਦੀ ਮਜ਼ਬੂਤੀ 'ਚ ਜੁਟੇ ਹੋਏ ਸਨ।

ਇਹ ਵੀ ਪੜ੍ਹੋ : ਚਿੱਟੇ ਨੇ ਖੋਹ ਲਿਆ ਮਾਂ ਦਾ ਇਕਲੌਤਾ ਪੁੱਤ, 3 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਰੋ-ਰੋ ਪਾ ਰਹੀਆਂ ਦੁਹਾਈਆਂ

ਗੱਲਬਾਤ ਦੌਰਾਨ ਡਰੇਨੇਜ ਵਿਭਾਗ ਦੇ ਐੱਸ.ਡੀ.ਓ. ਖੁਸ਼ਮਿੰਦਰ ਨੇ ਦੱਸਿਆ ਕਿ ਧੁੱਸੀ ਬੰਨ੍ਹ ਦੇ ਹੇਠੋਂ ਪਿਛਲੇ ਸਮੇਂ ਦੌਰਾਨ ਗੈਸ ਪਾਈਪ ਲੰਘਾਈ ਗਈ ਹੈ, ਜਿੱਥੋਂ ਪਾਣੀ ਲੱਗਣ ਕਰਕੇ ਬੰਨ੍ਹ ਨੂੰ ਕੁਝ ਤਰੇੜ ਆ ਗਈ ਹੈ। ਹੁਣ ਸਾਡੇ ਵੱਲੋਂ ਇੱਥੇ ਬੰਨ੍ਹ ਨੂੰ ਪੈਰਾਂ ਤੋਂ ਮਜ਼ਬੂਤ ਕਰ ਦਿੱਤਾ ਗਿਆ ਹੈ ਤਾਂ ਕਿ ਬੰਨ੍ਹ ਨੂੰ ਪਾਣੀ ਦੀ ਢਾਅ ਨਾ ਲੱਗੇ। ਇੱਥੇ ਮਿੱਟੀ ਦੇ ਬੈਗ ਦੋਵੇਂ ਪਾਸੇ ਲਗਾ ਦਿੱਤੇ ਗਏ ਹਨ ਤੇ ਹੋਰ ਕੰਮ ਜਾਰੀ ਹੈ। ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਹੁਣ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਬਹੁਤ ਘਟਿਆ ਹੈ। ਅੱਜ 1 ਲੱਖ 33 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ। ਬਾਰਿਸ਼ ਦੌਰਾਨ ਪਾਣੀ ਵਧਣ ਸਬੰਧੀ ਕੀਤੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜੇਕਰ ਪਿਛਲੇ ਇਲਾਕਿਆਂ ਵਿੱਚ ਬਾਰਿਸ਼ ਹੁੰਦੀ ਹੈ ਤਾਂ ਦਰਿਆ 'ਚ ਪਾਣੀ ਵਧਣ ਦੀ ਸੰਭਾਵਨਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh