ਰਾਹਤ ਭਰੀ ਖ਼ਬਰ: ਕੋਵਿਡ-19 ਸੈਂਟਰ ''ਚ ਦਾਖ਼ਲ 32 ਮਰੀਜ਼ਾਂ ਨੂੰ ਘਰਾਂ ਲਈ ਕੀਤਾ ਰਵਾਨਾ

07/01/2020 4:43:23 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ): ਜ਼ਿਲ੍ਹੇ ਦੇ ਪਿੰਡ ਥੇਹੜੀ ਵਿਖੇ ਸਥਿਤ ਕੋਵਿਡ-19 ਸੈਂਟਰ ਵਿਖੇ ਇਲਾਜ ਅਧੀਨ ਕੋਰੋਨਾ ਦੇ ਮਰੀਜ਼ਾਂ 'ਚੋਂ ਅੱਜ 32 ਮਰੀਜ਼ਾਂ ਨੂੰ ਸੂਬਾ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ ਮਰੀਜ਼ਾਂ ਨੂੰ ਹਸਪਤਾਲ ਸਟਾਫ਼ ਵਲੋਂ ਗੁਲਦਸਤੇ ਭੇਂਟ ਕਰਦਿਆਂ ਖੁਸ਼ੀ-ਖੁਸ਼ੀ ਉਨ੍ਹਾਂ ਨੂੰ ਘਰਾਂ ਲਈ ਰਵਾਨਾ ਕੀਤਾ ਗਿਆ, ਜੋ ਹੁਣ ਘਰ ਅੰਦਰ ਹੀ ਇਕਾਂਤਵਾਸ ਨਿਯਮ ਦੀ ਪਾਲਣਾ ਕਰਨਗੇ।

ਇਹ ਵੀ ਪੜ੍ਹੋ: ਸਕੂਲ ਫ਼ੀਸ ਮਾਮਲਾ: ਹਾਈਕੋਰਟ ਦੇ ਫ਼ੈਸਲੇ 'ਤੇ ਖਹਿਰਾ ਨੇ ਕੈਪਟਨ ਨੂੰ ਲਿਆ ਲੰਮੇ ਹੱਥੀਂ

ਇਹ ਜਾਣਕਾਰੀ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਵਲੋਂ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਕੋਵਿਡ-19 ਤਹਿਤ ਦਾਖ਼ਲ ਮਰੀਜ਼ਾਂ 'ਚੋਂ ਅੱਜ 32 ਮਰੀਜ਼ਾਂ ਦੀ ਮਿਸ਼ਨ ਫਤਿਹ ਤਹਿਤ ਘਰ ਵਾਪਸੀ ਕੀਤੀ ਗਈ ਹੈ, ਜਦੋਂਕਿ ਹੁਣ 14 ਕੇਸ ਐਕਟਿਵ ਬਚੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਘਰਾਂ ਨੂੰ ਜਾਣ ਵਾਲੇ ਮਰੀਜ਼ਾਂ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਹਸਪਤਾਲ ਦੇ ਪ੍ਰਬੰਧਾਂ 'ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 113 ਮਰੀਜ਼ਾਂ ਨੂੰ ਇਲਾਜ ਉਪਰੰਤ ਠੀਕ ਕਰਕੇ ਭੇਜਿਆ ਜਾ ਚੁੱਕਿਆ ਹੈ। ਉਥੇ ਹੀ ਜ਼ਿਲ੍ਹੇ ਅੰਦਰ ਕੋਰੋਨਾ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਭਰ ਅੰਦਰੋਂ ਕੋਵਿਡ-19 ਤਹਿਤ ਜਾਂਚ ਲਈ ਭੇਜੇ ਗਏ ਸੈਂਪਲਾਂ 'ਚੋਂ ਅੱਜ 237 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 522 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 177 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ 32 ਮਰੀਜ਼ਾਂ ਨੂੰ ਘਰ ਭੇਜਣ ਤੋਂ ਬਾਅਦ ਜ਼ਿਲ੍ਹੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ 14 ਰਹਿ ਗਈ ਹੈ, ਜਦੋਂਕਿ ਜ਼ਿਲ੍ਹੇ ਅੰਦਰ ਪਾਜ਼ੇਟਿਵ ਕੇਸਾਂ ਦੀ ਗਿਣਤੀ 127 ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਭਰ ਅੰਦਰੋਂ ਹੁਣ ਤੱਕ ਕੁੱਲ 9048 ਵਿਅਕਤੀਆਂ ਦੀ ਸੈਂਪਲਿੰਗ ਹੋ ਚੁੱਕੀ ਹੈ, ਜਿਸ ਵਿੱਚੋਂ 8399 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।

ਇਹ ਵੀ ਪੜ੍ਹੋ: ਪੁਲਸ ਵਲੋਂ ਕੇ.ਐੱਲ.ਐੱਫ.ਦੇ ਅੱਤਵਾਦੀ ਮਡਿਊਲ ਦਾ ਪਰਦਾਫਾਸ਼, ਜਾਂਚ 'ਚ ਸਾਹਮਣੇ ਆਈਆਂ ਇਹ ਗੱਲਾਂ

Shyna

This news is Content Editor Shyna