ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੀਆਂ ਵਧੀਆਂ ਮੁਸ਼ਕਲਾਂ, ਅਦਾਲਤ ਨੇ ਪੁਲਸ ਨੂੰ ਦਿੱਤਾ ਅਲਟੀਮੇਟਮ

05/21/2023 5:38:37 AM

ਕੋਟਾ (ਭਾਸ਼ਾ): ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ PM ਮੋਦੀ ਬਾਰੇ ਵਿਵਾਦਤ ਟਿੱਪਣੀ ਨੂੰ ਲੈ ਕੇ ਮੁਸੀਬਤਾਂ ਵਿਚ ਘਿਰਦੇ ਜਾ ਰਹੇ ਹਨ। ਰਾਜਸਥਾਨ 'ਚ ਇੱਥੇ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਕੋਟਾ ਪੁਲਸ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਟਿੱਪਣੀ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ਼ FIR ਦਰਜ ਕਰੇ ਜਾਂ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦੀ ਕਾਰਵਾਈ ਦਾ ਸਾਹਮਣਾ ਕਰੇ। ਅਦਾਲਤ ਨੇ ਕੋਟਾ ਦੇ ਐੱਸ.ਪੀ. ਨੂੰ ਨਿਰਦੇਸ਼ ਦਿੱਤਾ ਕਿ ਉਹ 23 ਮਈ ਨੂੰ ਰੰਧਾਵਾ ਦੇ ਖ਼ਿਲਾਫ਼ FIR ਦੀ ਇਕ ਕਾਪੀ ਨਾਲ ਹਾਜ਼ਰ ਹੋਣ ਜਾਂ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦੀ ਕਾਰਵਾਈ ਦਾ ਸਾਹਮਣਾ ਕਰਨ। 

ਇਹ ਖ਼ਬਰ ਵੀ ਪੜ੍ਹੋ - ਕਰਨਾਟਕ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਾਲੇ ਦਿਨ ਹੀ 5 ਗਰੰਟੀਆਂ ਨੂੰ ਮਿਲੀ ਮਨਜ਼ੂਰੀ, ਕੈਬਨਿਟ ਨੇ ਲਾਈ ਮੋਹਰ

ਇਸ ਵਿਚਾਲੇ ਕੋਟਾ ਸ਼ਹਿਰ ਦੀ ਪੁਲਸ ਨੇ ਜ਼ਿਲ੍ਹਾ ਜੱਜ ਦੀ ਅਦਾਲਤ ਵਿਚ ਇਕ ਰੀਵੀਜ਼ਨ ਪਟੀਸ਼ਨ ਦਾਇਰ ਕੀਤੀ ਅਤੇ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (ਏ.ਸੀ.ਜੇ.ਐੱਮ.) ਦੀ ਅਦਾਲਤ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਜਿਸ ਵਿਚ ਰੰਧਾਵਾ ਨੂੰ ਕੇਸ ਦਰਜ ਕਰਨ ਵਿਚ ਅਸਫ਼ਲ ਰਹਿਣ ਲਈ ਹੁਕਮਾਂ ਦੀ ਉਲੰਘਣਾ ਦੀ ਕਾਰਵਾਈ ਦਾ ਸਾਹਮਣਾ ਕਰਨ ਲਈ ਕਿਹਾ ਗਿਆ ਹੈ। ਪੁਲਸ ਨੇ ਕਿਹਾ ਕਿ ਬਿਆਨ ਜੈਪੁਰ ਵਿਚ ਦਿੱਤਾ ਗਿਆ ਸੀ ਅਤੇ ਮਾਮਲਾ ਕੋਟਾ ਪੁਲਸ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ ਹੈ। ਕੋਟਾ ਦੇ ਐੱਸਪੀ (ਸਿਟੀ) ਮਹਾਵੀਰ ਨਗਰ ਥਾਣੇ ਦੇ ਅਧਿਕਾਰ ਖੇਤਰ ਦੇ ਅਧਿਕਾਰੀ ਦੇ ਨਾਲ ਸ਼ਨੀਵਾਰ ਨੂੰ ਏ.ਸੀ.ਜੇ.ਐੱਮ. ਅਦਾਲਤ-6 ਦੇ ਸਾਹਮਣੇ ਪੇਸ਼ ਹੋਏ ਅਤੇ ਦੱਸਿਆ ਕਿ ਇਹ ਮਾਮਲਾ ਕੋਟਾ ਥਾਣੇ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ। ਹਾਲਾਂਕਿ ਅਦਾਲਤ ਨੇ ਪੁਲਿਸ ਅਧਿਕਾਰੀਆਂ ਨੂੰ 23 ਮਈ ਨੂੰ ਰੰਧਾਵਾ ਵਿਰੁੱਧ ਐੱਫ.ਆਈ.ਆਰ. ਦੀ ਕਾਪੀ ਨਾਲ ਪੇਸ਼ ਹੋਣ ਲਈ ਜ਼ੁਬਾਨੀ ਨਿਰਦੇਸ਼ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਕੇਂਦਰ ਨੇ ਵਧਾਈਆਂ LG ਦੀਆਂ 'ਸ਼ਕਤੀਆਂ', ਕੇਜਰੀਵਾਲ ਨੇ ਲਾਇਆ ਸੁਪਰੀਮ ਕੋਰਟ ਦਾ ਫ਼ੈਸਲਾ ਪਲਟਣ ਦਾ ਦੋਸ਼

ਭਾਜਪਾ ਵਿਧਾਇਕ ਮਦਨ ਦਿਲਾਵਰਦੇ ਵਕੀਲ ਮਨੋਜ ਪੁਰੀ ਨੇ ਕਿਹਾ, "ਅਦਾਲਤ ਨੇ ਕੋਟਾ ਦੇ ਐੱਸ.ਪੀ. 'ਤੇ ਨਾਰਾਜ਼ਗੀ ਜਤਾਈ। ਅਦਾਲਤ ਨੇ ਐੱਸਪੀ (ਸਿਟੀ) ਨੂੰ ਰੰਧਾਵਾ ਖ਼ਿਲਾਫ਼ ਐੱਫ.ਆਈ.ਆਰ. ਦੀ ਕਾਪੀ ਨਾਲ 23 ਮਈ ਨੂੰ ਅਦਾਲਤ ਵਿਚ ਪੇਸ਼ ਹੋਣ ਜਾਂ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦੀ ਕਾਰਵਾਈ ਦਾ ਸਾਹਮਣਾ ਕਰਨ ਲਈ ਕਿਹਾ ਹੈ।" ਦੱਸ ਦੇਈਏ ਕਿ ਭਾਜਪਾ ਦੇ ਸੂਬਾ ਜਨਰਲ ਸਕੱਤਰ ਤੇ ਰਾਮਗੰਜ ਮੰਡੀ ਤੋਂ ਵਿਧਾਇਕ ਦਿਲਾਵਰ ਨੇ 18 ਮਾਰਚ ਨੂੰ ਰੰਧਾਵਾ ਦੇ ਖ਼ਿਲਾਫ਼ ਮਹਾਵੀਰ ਨਗਰ ਪੁਲਸ ਥਾਣੇ ਵਿਚ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਗ਼ਲਤ ਭਾਸ਼ਾ ਦੀ ਵਰਤੋਂ ਕਰਨ ਅਤੇ ਉਨ੍ਹਾਂ ਦੇ ਕਤਲ ਲਈ ਉਕਸਾਉਣ ਦਾ ਦੋਸ਼ ਲਗਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra