ਸਬ-ਰਜਿਸਟਰਾਰ ਦਫਤਰ ਦੇ ਦੋ ਕਲਰਕਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ''ਚ 2-2 ਸਾਲ ਦੀ ਕੈਦ

03/24/2018 5:50:31 AM

ਲੁਧਿਆਣਾ(ਮਹਿਰਾ)-ਨਗਰ ਦੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਦਰਜ ਕੇਸ 'ਚ ਆਪਣਾ ਇਕ ਅਹਿਮ ਫੈਸਲਾ ਸੁਣਾਉਂਦੇ ਹੋਏ ਸਬ-ਰਜਿਸਟਰਾਰ ਦਫਤਰ ਦੇ ਦੋ ਕਲਰਕਾਂ ਸਮੇਤ ਇਕ ਨਿੱਜੀ ਏਜੰਟ ਨੂੰ ਕੈਦ ਦੀ ਸਜ਼ਾ ਸੁਣਾਈ ਹੈ। ਉਪਰੋਕਤ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਜ਼ਿਲਾ ਅਟਾਰਨੀ ਰਵਿੰਦਰ ਕੁਮਾਰ ਅਬਰੋਲ ਅਤੇ ਕੇਸ ਵਿਚ ਸਰਕਾਰੀ ਵਕੀਲ ਰਮਨਦੀਪ ਕੌਰ ਗਿੱਲ ਨੇ ਦੱਸਿਆ ਕਿ ਐਡੀਸ਼ਨਲ ਸੈਸ਼ਨ ਜੱਜ ਤਰਨਤਾਰਨ ਸਿੰਘ ਬਿੰਦਰਾ ਦੀ ਅਦਾਲਤ ਨੇ ਅੱਜ ਭ੍ਰਿਸ਼ਟਾਚਾਰ ਦੇ ਬਹੁ-ਚਰਚਿਤ ਕੇਸ ਦਾ ਨਿਪਟਾਰਾ ਕਰਦੇ ਹੋਏ ਸਬ-ਰਜਿਸਟਰਾਰ ਦਫਤਰ ਪੱਛਮੀ ਦੇ 2 ਕਲਰਕਾਂ ਪਰਵਿੰਦਰਜੀਤ ਸਿੰਘ ਅਤੇ ਭੀਮ ਸਿੰਘ ਨੂੰ 2-2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ, ਜਦੋਂਕਿ ਦਫਤਰ 'ਚ ਪ੍ਰਾਈਵੇਟ ਤੌਰ 'ਤੇ ਕੰਮ ਕਰ ਰਹੇ ਇਕ ਹੋਰ ਦੋਸ਼ੀ ਬੰਟੀ ਕੁਮਾਰ ਨਿਵਾਸੀ ਪਿੰਡ ਸੁਨੇਤ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।  ਰਮਨਦੀਪ ਕੌਰ ਨੇ ਦੱਸਿਆ ਕਿ ਅਦਾਲਤ ਨੇ ਦੋਸ਼ੀਆਂ ਨੂੰ ਇਕ-ਇਕ ਹਜ਼ਾਰ ਰੁਪਏ ਜੁਰਮਾਨਾ ਵੀ ਅਦਾ ਕਰਨ ਦਾ ਹੁਕਮ ਦਿੱਤਾ ਹੈ।
ਸਰਕਾਰੀ ਵਕੀਲ ਨੇ ਇਹ ਲਾਏ ਸਨ ਦੋਸ਼
ਸਰਕਾਰੀ ਵਕੀਲ ਰਮਨਦੀਪ ਕੌਰ ਗਿੱਲ ਨੇ ਅਦਾਲਤ ਵਿਚ ਬਹਿਸ ਕਰਦੇ ਹੋਏ ਕਿਹਾ ਕਿ ਪੁਲਸ ਨੇ ਦੋਸ਼ੀਆਂ ਨੂੰ ਦੋਸ਼ੀ ਸਾਬਤ ਕਰਨ ਲਈ ਸਾਰੇ ਸਬੂਤ ਜੁਟਾਏ ਹਨ ਅਤੇ ਅਦਾਲਤ ਵਿਚ ਸਾਬਿਤ ਵੀ ਕੀਤੇ ਹਨ ਅਤੇ ਸਬੂਤਾਂ ਤੋਂ ਸਾਫ ਪਤਾ ਲਗਦਾ ਹੈ ਕਿ ਉਪਰੋਕਤ ਦੋਸ਼ੀਆਂ ਦੀ ਆਪਸ 'ਚ ਮਿਲੀਭਗਤ ਸੀ ਅਤੇ ਉਨ੍ਹਾਂ ਨੇ ਸਬ-ਰਜਿਸਟਰਾਰ ਦਫਤਰ ਵਿਚ ਬੰਟੀ ਕੁਮਾਰ ਨੂੰ ਬਤੌਰ ਏਜੰਟ ਤਾਇਨਾਤ ਕਰ ਰੱਖਿਆ ਸੀ ਅਤੇ ਰਿਸ਼ਵਤ ਦੀ ਰਾਸ਼ੀ ਉਸ ਰਾਹੀਂ ਵਸੂਲ ਕੀਤੀ ਜਾਂਦੀ ਸੀ। ਅਦਾਲਤ 'ਚ ਦੋਸ਼ੀਆਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਅਤੇ ਕਿਹਾ ਕਿ ਇਸ ਕੇਸ ਵਿਚ ਉਨ੍ਹਾਂ ਦਾ ਕੋਈ ਹੱਥ ਨਹੀਂ ਹੈ ਅਤੇ ਪੁਲਸ ਨੇ ਉਨ੍ਹਾਂ ਨੂੰ ਬੇਵਜ੍ਹਾ ਇਸ ਕੇਸ ਵਿਚ ਫਸਾਇਆ ਹੈ ਪਰ ਅਦਾਲਤ 'ਚ ਉਪਰੋਕਤ ਦੋਸ਼ੀ ਆਪਣੇ ਪੱਖ ਵਿਚ ਕੋਈ ਵੀ ਠੋਸ ਗਵਾਹ ਜਾਂ ਸਬੂਤ ਪੇਸ਼ ਕਰਨ ਵਿਚ ਅਸਫਲ ਰਹੇ। ਜੱਜ ਤਰਨਤਾਰਨ ਸਿੰਘ ਬਿੰਦਰਾ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਪਰੋਕਤ ਦੋਸ਼ੀਆਂ ਨੂੰ ਭ੍ਰਿਸ਼ਟਾਚਾਰ ਐਕਟ ਤਹਿਤ ਦੋਸ਼ੀ ਪਾਉਂਦੇ ਹੋਏ ਉਨ੍ਹਾਂ ਨੂੰ ਉਪਰੋਕਤ ਸਜ਼ਾ ਸੁਣਾਈ। ਇਸ ਕੇਸ 'ਚ ਹਰਮਿੰਦਰ ਸਿੰਘ ਸਿੱਧੂ ਨਾਇਬ ਤਹਿਸੀਲਦਾਰ ਪੱਛਮੀ ਵਿਰੁੱਧ ਪੁਲਸ ਵੱਲੋਂ ਚਲਾਨ ਪੇਸ਼ ਨਹੀਂ ਕੀਤਾ ਗਿਆ ਸੀ, ਕਿਉਂਕਿ ਸਰਕਾਰ ਵੱਲੋਂ ਉਸ 'ਤੇ ਕੇਸ ਚਲਾਉਣ ਦੇ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਸੀ। 
ਇਹ ਹੈ ਮਾਮਲਾ
ਪੁਲਸ ਥਾਣਾ ਵਿਜੀਲੈਂਸ ਬਿਊਰੋ ਵੱਲੋਂ 5 ਅਪ੍ਰੈਲ 2013 ਨੂੰ ਸ਼ਿਕਾਇਤਕਰਤਾ ਨੂੰ ਨੀਰਜ ਰਤਨ ਨਿਵਾਸੀ ਪਵਿੱਤਰ ਨਗਰ, ਹੈਬੋਵਾਲ ਕਲਾਂ, ਲੁਧਿਆਣਾ ਦੀ ਸ਼ਿਕਾਇਤ 'ਤੇ ਤਹਿਸੀਲਦਾਰ ਅਰਵਿੰਦਰ ਪਾਲ ਸਿੰਘ ਅਤੇ ਉਪਰੋਕਤ ਦੋਸ਼ੀਆਂ ਦੇ ਵਿਰੁੱਧ ਭ੍ਰਿਸ਼ਟਾਚਾਰ ਅਧਿਨਿਯਮ ਤਹਿਤ ਕੇਸ ਦਰਜ ਕੀਤਾ ਗਿਆ ਸੀ। ਵਿਜੀਲੈਂਸ ਪੁਲਸ ਮੁਤਾਬਕ ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਦੋਸ਼ ਲਾਇਆ ਕਿ ਉਸ ਨੇ ਆਪਣੀ ਇਕ ਪ੍ਰਾਪਰਟੀ ਸਬੰਧੀ ਰਜਿਸਟਰੀ ਕਰਵਾਉਣੀ ਸੀ ਅਤੇ ਇਸ ਸਬੰਧੀ ਉਹ ਸਬ-ਰਜਿਸਟਰਾਰ ਦਫਤਰ ਪੱਛਮੀ ਵਿਚ ਕੰਮ ਕਰ ਰਹੇ ਬੰਟੀ ਨਾਮੀ ਉਪਰੋਕਤ ਦੋਸ਼ੀ ਨੂੰ ਮਿਲਿਆ ਅਤੇ ਰਜਿਸਟਰੀ ਕਰਵਾਉਣ ਸਬੰਧੀ ਗੱਲ ਕੀਤੀ, ਜਿਸ 'ਤੇ ਬੰਟੀ ਕੁਮਾਰ ਨਾਮੀ ਉਪਰੋਕਤ ਦੋਸ਼ੀ ਨੇ ਉਸ ਨੂੰ ਕਿਹਾ ਕਿ ਉਹ ਤਹਿਸੀਲਦਾਰ ਦੇ ਨਾਲ ਨਿੱਜੀ ਤੌਰ 'ਤੇ ਏਜੰਟ ਵਜੋਂ ਕੰਮ ਕਰ ਰਿਹਾ ਹੈ ਅਤੇ ਲੋਕਾਂ ਦੀਆਂ ਰਜਿਸਟਰੀਆਂ ਕਰਵਾਉਣ ਬਦਲੇ ਰੁਪਏ ਦੇ ਕੇ ਤਹਿਸੀਲਦਾਰ ਨੂੰ ਵੀ ਦਿੰਦਾ ਹੈ। 
ਉਸ ਨੇ ਦੱਸਿਆ ਕਿ ਹਰ ਰਜਿਸਟਰੀ ਕਰਵਾਉਣ ਬਦਲੇ 2000 ਰੁਪਏ ਰਿਸ਼ਵਤ ਵਜੋਂ ਵਸੂਲੇ ਜਾਂਦੇ ਹਨ ਅਤੇ ਜੇਕਰ ਇਸ ਤੋਂ ਜ਼ਿਆਦਾ ਦੀ ਕੋਈ ਰਜਿਸਟਰੀ ਹੁੰਦੀ ਹੈ ਤਾਂ ਉਸ ਨੂੰ 2 ਫੀਸਦੀ ਦੇ ਹਿਸਾਬ ਨਾਲ ਰੁਪਏ ਲੈ ਕੇ ਕਰਵਾਈ ਜਾਂਦੀ ਹੈ ਅਤੇ ਜੇਕਰ ਕੋਈ ਵਿਅਕਤੀ ਰੁਪਏ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਦਫਤਰ 'ਚ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਵਾਰ-ਵਾਰ ਗੇੜੇ ਕਢਵਾ ਕੇ ਉਸ ਨੂੰ ਰੁਪਏ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ। 
ਇਸ ਤਰ੍ਹਾਂ ਆਇਆ ਗ੍ਰਿਫਤ 'ਚ
ਸ਼ਿਕਾਇਤਕਰਤਾ ਨੇ ਬਾਅਦ 'ਚ ਆਉਣ ਦੀ ਗੱਲ ਕਹਿ ਕੇ ਇਸ ਸਬੰਧੀ ਆਪਣੀ ਸ਼ਿਕਾਇਤ ਵਿਜੀਲੈਂਸ ਪੁਲਸ ਦੇ ਕੋਲ ਕਰ ਦਿੱਤੀ, ਜਿਨ੍ਹਾਂ ਨੇ ਪੂਰੀ ਯੋਜਨਾ ਬਣਾ ਕੇ ਸ਼ਿਕਾਇਤਕਰਤਾ ਨੂੰ ਰਜਿਸਟਰੀ ਕਰਵਾਉਣ ਲਈ ਤਹਿਸੀਲਦਾਰ ਦਫਤਰ 'ਚ ਭੇਜ ਦਿੱਤਾ ਅਤੇ ਬੰਟੀ ਕੁਮਾਰ ਨਾਮੀ ਉਕਤ ਪ੍ਰਾਈਵੇਟ ਕਲਰਕ ਨੂੰ ਉਸ ਤੋਂ 2000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਬਾਅਦ 'ਚ ਵਿਜੀਲੈਂਸ ਪੁਲਸ ਨੇ ਕੇਸ ਦੀ ਜਾਂਚ ਕਰਦੇ ਹੋਏ ਇਸ ਕੇਸ ਸਬੰਧੀ ਤਹਿਸੀਲਦਾਰ ਪੱਛਮੀ ਅਰਵਿੰਦਰ ਪਾਲ ਸਿੰਘ ਅਤੇ ਉਪਰੋਕਤ ਨੂੰ ਕਲਰਕਾਂ ਪਰਵਿੰਦਰਜੀਤ ਸਿੰਘ ਅਤੇ ਭੀਮ ਸਿੰਘ ਨੂੰ ਵੀ ਇਸ 'ਚ ਨਾਮਜ਼ਦ ਕਰ ਲਿਆ।
ਸ਼ਿਕਾਇਤਕਰਤਾ ਤੋਂ ਵੀ ਕੀਤੀ ਸੀ ਦੋ ਹਜ਼ਾਰ ਰੁਪਏ ਦੀ ਮੰਗ
ਸ਼ਿਕਾਇਤਕਰਤਾ ਮੁਤਾਬਕ ਦੋਸ਼ੀ ਨੇ ਉਸ ਤੋਂ ਵੀ ਦੋ ਹਜ਼ਾਰ ਰਿਸ਼ਵਤ ਦੀ ਮੰਗ ਕੀਤੀ ਅਤੇ ਕਿਹਾ ਕਿ ਉਸ ਦਾ ਕੰਮ ਉਹ ਹੱਥੋਂ ਹੱਥ ਕਰਵਾ ਦੇਵੇਗਾ।