ਕੌਂਸਲਰ ਰੌਨੀ ਨੇ ਹਾਰੇ ਕਾਂਗਰਸੀ ਨੀਟਾ ''ਤੇ ਲਾਇਆ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼

05/12/2018 6:35:27 AM

ਜਲੰਧਰ, (ਖੁਰਾਣਾ)— ਗੋਪਾਲ ਨਗਰ ਵਾਰਡ ਤੋਂ ਜਿੱਤੇ ਕੌਂਸਲਰ ਦਵਿੰਦਰ ਸਿੰਘ ਰੌਨੀ ਨੇ ਅੱਜ ਇਸੇ ਵਾਰਡ ਤੋਂ ਹਾਰੇ ਕਾਂਗਰਸੀ ਉਮੀਦਵਾਰ ਰਾਕੇਸ਼ ਕੁਮਾਰ ਨੀਟਾ 'ਤੇ ਦੋਸ਼ ਲਾਇਆ ਕਿ ਉਸ ਨੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। 
ਜ਼ਿਕਰਯੋਗ ਹੈ ਕਿ ਸਵੇਰੇ ਇਸ ਵਾਰਡ 'ਚ ਪੈਂਦੇ ਕਰਾਰ ਖਾਂ ਮੁਹੱਲਾ ਰੋਡ 'ਤੇ ਵਸੀ ਜੈਨ ਕਾਲੋਨੀ 'ਚ ਸੜਕਾਂ 'ਤੇ ਪੈਚਵਰਕ ਕਰਵਾਉਣ ਨੂੰ ਲੈ ਕੇ ਦੋਵੇਂ ਧਿਰਾਂ ਆਪਸ 'ਚ ਭਿੜ ਗਈਆਂ ਤੇ ਇਸ ਮਾਮਲੇ ਨੂੰ ਲੈ ਕੇ ਖਾਸ ਵਿਵਾਦ ਹੋਇਆ। ਕੌਂਸਲਰ ਰੌਨੀ ਨੇ ਦੱਸਿਆ ਕਿ ਉਨ੍ਹਾਂ ਨੇ ਕੱਲ ਮੇਅਰ ਨਾਲ ਮਿਲ ਕੇ ਵਾਰਡ ਦੀਆਂ ਸੜਕਾਂ 'ਤੇ ਪੈਚਵਰਕ ਕਰਵਾਉਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਮੇਅਰ ਨੇ ਪੈਚਵਰਕ ਲਗਵਾਉਣ ਲਈ ਇਕ ਗੱਡੀ ਭੇਜ ਦਿੱਤੀ। ਹਾਲੇ ਕੰਮ ਸ਼ੁਰੂ ਹੀ ਹੋਇਆ ਸੀ ਕਿ ਨਿਗਮ ਚੋਣਾਂ 'ਚ ਹਾਰੇ ਕਾਂਗਰਸੀ ਉਮੀਦਵਾਰ ਰਾਕੇਸ਼ ਕੁਮਾਰ ਨੀਟਾ ਨੇ ਵਿਵਾਦ ਸ਼ੁਰੂ ਕਰ ਦਿੱਤਾ ਤੇ ਗੱਡੀ ਨੂੰ ਵਾਪਸ ਨਿਗਮ ਭੇਜ ਦਿੱਤਾ। ਕੌਂਸਲਰ ਰੌਨੀ ਨੇ ਕਿਹਾ ਕਿ ਉਹ ਉਸ ਇਲਾਕੇ 'ਚ ਜਿੱਤੇ ਹੋਏ ਕੌਂਸਲਰ ਹਨ ਤੇ ਵਾਰਡ ਦਾ ਵਿਕਾਸ ਕਰਵਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਪਰ ਨਿਗਮ ਅਧਿਕਾਰੀ ਦਬਾਅ 'ਚ ਆ ਕੇ ਸੱਤਾ ਪੱਖ ਦੇ ਆਗੂਆਂ ਨੂੰ ਮਹੱਤਵ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੈਚਵਰਕ ਵਾਰਡ ਦੀਆਂ ਸਾਰੀਆਂ ਸੜਕਾਂ 'ਤੇ ਹੋਣਾ ਸੀ ਤੇ ਇਹ ਉਨ੍ਹਾਂ ਦੇ ਘਰ ਦਾ ਕੰਮ ਨਹੀਂ ਸੀ ਪਰ ਫਿਰ ਵੀ ਉਸ 'ਚ ਵਿਘਨ ਪਾਇਆ ਗਿਆ ਤੇ ਗੱਡੀਆਂ ਨੂੰ ਵਾਪਸ ਭੇਜ ਦਿੱਤਾ ਗਿਆ। ਕੌਂਸਲਰ ਰੌਨੀ ਨੇ ਦੱਸਿਆ ਕਿ ਬਾਅਦ ਦੁਪਹਿਰ ਉਨ੍ਹਾਂ ਨੇ ਦੁਬਾਰਾ ਗੱਡੀ ਨੂੰ ਮੰਗਵਾ ਕੇ ਪੈਚਵਰਕ ਕਰਵਾਇਆ।

ਇਸ ਦੌਰਾਨ ਕੌਂਸਲਰ ਰੌਨੀ ਨੇ ਏ. ਸੀ. ਪੀ. ਮਨਜੀਤ ਸਿੰਘ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਕਿ ਵਿਵਾਦ ਤੋਂ ਬਾਅਦ ਨੀਟਾ ਉਨ੍ਹਾਂ ਦੇ ਘਰ ਦੇ ਸਾਹਮਣਿਓਂ ਲੰਘਿਆ ਤੇ ਗੇਟ 'ਤੇ ਖੜ੍ਹੀ ਉਨ੍ਹਾਂ ਦੀ ਪਤਨੀ ਨੂੰ ਧਮਕੀ ਦੇ ਕੇ ਗਿਆ ਕਿ ਰੌਨੀ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ।
ਕੀ ਕਹਿਣਾ ਹੈ ਨੀਟਾ ਦਾ- ਉੱਥੇ ਦੂਜੇ ਪਾਸੇ ਕਾਂਗਰਸੀ ਆਗੂ ਰਾਕੇਸ਼ ਕੁਮਾਰ ਨੀਟਾ ਨੇ ਸਾਰੇ ਦੋਸ਼ਾਂ ਨੂੰ ਆਧਾਰ ਰਹਿਤ ਦੱਸਦੇ ਹੋਏ ਇਸ ਨੂੰ ਪਬਲੀਸਿਟੀ ਸਟੰਟ ਕਰਾਰ ਦਿੱਤਾ ਹੈ ਤੇ ਕਿਹਾ ਕਿ ਨਾ ਤਾਂ ਉਨ੍ਹਾਂ ਨੇ ਕੰਮ ਰੁਕਵਾਇਆ ਤੇ ਨਾ ਹੀ ਕਿਸੇ ਨੂੰ ਧਮਕੀ ਦਿੱਤੀ। ਉਨ੍ਹਾਂ 'ਤੇ ਮਨਘੜਤ ਦੋਸ਼ ਲਾਏ ਜਾ ਰਹੇ ਹਨ।