CISCE ਨੇ ਜਾਰੀ ਕੀਤਾ 12ਵੀਂ ਦਾ ਨਤੀਜਾ, ਮੈਡੀਕਲ ਦੇ ਗੌਤਮ ਜੋਜਰਾ ਨੇ ਜਲੰਧਰ ’ਚ ਕੀਤਾ ਟਾਪ

07/25/2022 4:15:45 PM

ਜਲੰਧਰ (ਵਿਨੀਤ)-ਕਾਊਂਸਿਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀ. ਆਈ. ਐੱਸ. ਸੀ. ਈ.) ਵੱਲੋਂ ਇੰਡੀਅਨ ਸਕੂਲ ਆਫ਼ ਸਰਟੀਫਿਕੇਟ (ਆਈ. ਐੱਸ. ਸੀ.) ਭਾਵ 12ਵੀਂ ਜਮਾਤ ਦਾ ਨਤੀਜਾ ਐਤਵਾਰ ਬਾਅਦ ਦੁਪਹਿਰ ਐਲਾਨਿਆ ਗਿਆ। ਆਨਲਾਈਨ ਮੋਡ ਵਿਚ ਜਾਰੀ ਹੋਏ ਉਕਤ ਨਤੀਜੇ ਵਿਚ ਸੇਂਟ ਜੋਸੇਫ਼ ਬੁਆਇਜ਼ ਸਕੂਲ ਡਿਫੈਂਸ ਕਾਲੋਨੀ ਦੇ ਮੈਡੀਕਲ ਸਟਰੀਮ ਦੇ ਵਿਦਿਆਰਥੀ ਗੌਤਮ ਜੋਜਰਾ (ਸਪੁੱਤਰ ਰਾਕੇਸ਼ ਕੁਮਾਰ ਤੇ ਵੰਦਨਾ ਰਾਣੀ) ਨੇ 96.25 ਫ਼ੀਸਦੀ ਅੰਕ ਲੈ ਕੇ ਟਾਪ ਕੀਤਾ, ਜਦਕਿ ਇਸੇ ਸਕੂਲ ਦੇ ਨਾਨ-ਮੈਡੀਕਲ ਦੇ ਵਿਦਿਆਰਥੀ ਸਮਰਵੀਰ ਸਿੰਘ ਅਤੇ ਚੇਤਨ ਬਿਸ਼ਟ ਨੇ 94.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਾਂਝੇ ਤੌਰ ’ਤੇ ਦੂਜਾ ਅਤੇ ਨਾਨ-ਮੈਡੀਕਲ ਦੇ ਹੀ ਬਿਨਵੰਤ ਸਿੰਘ ਨੇ 94 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰਕੇ ਸਫ਼ਲਤਾ ਦਾ ਝੰਡਾ ਲਹਿਰਾਇਆ। ਨਤੀਜੇ ਦੀ ਖ਼ੁਸ਼ੀ ਵਿਚ ਚਹਿਕਦੇ ਵਿਦਿਆਰਥੀਆਂ ਨੇ ਸਕੂਲ ਪਹੁੰਚ ਕੇ ਜਿੱਥੇ ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ, ਉਥੇ ਹੀ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਆਪਣੀ ਖ਼ੁਸ਼ੀ ਨੂੰ ਸਾਂਝਾ ਕੀਤਾ।

ਇਹ ਵੀ ਪੜ੍ਹੋ: ਆਦਮਪੁਰ ਵਿਖੇ ਲੰਮਾ ਪਿੰਡ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਛੱਪੜ ਦੇ ਕੰਢੇ ਤੋਂ ਅੱਧ ਸੜੀ ਮਿਲੀ ਲਾਸ਼

‘ਆਨਲਾਈਨ ਪੜ੍ਹਾਈ ਅਤੇ ਅਧਿਆਪਕਾਂ ਦੇ ਸਹਿਯੋਗ ਨੇ ਕਰਵਾਇਆ ਟਾਪ’
ਪੰਜਾਬ ਨੈਸ਼ਨਲ ਬੈਂਕ ਅੱਪਰਾ ਦੇ ਸੀਨੀਅਰ ਪ੍ਰਬੰਧਕ ਰਾਕੇਸ਼ ਕੁਮਾਰ ਅਤੇ ਵੰਦਨਾ ਰਾਣੀ ਦੇ ਬੇਟੇ ਗੌਤਮ ਜੋਜਰਾ ਨੇ 12ਵੀਂ ਦੇ ਐਲਾਨੇ ਨਤੀਜੇ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਮੈਡੀਕਲ ਸਟਰੀਮ ਵਿਚ 96.25 ਫ਼ੀਸਦੀ ਅੰਕ ਲੈ ਕੇ ਮਹਾਨਗਰ ਵਿਚ ਟਾਪ ਕੀਤਾ। ਗੌਤਮ ਮੁਤਾਬਕ ਪੇਪਰਾਂ ਦੇ ਦਿਨਾਂ ਵਿਚ ਵੀ ਉਸ ਨੇ ਹਰ ਦਿਨ ਵਾਂਗ 5-6 ਘੰਟੇ ਤੱਕ ਲਗਾਤਾਰ ਪੜ੍ਹਾਈ ਕੀਤੀ ਅਤੇ ਮਨ ਨੂੰ ਤਰੋਤਾਜ਼ਾ ਕਰਨ ਲਈ ਕਿਸ਼ੋਰ ਕੁਮਾਰ ਅਤੇ ਮੰਨਾ ਡੇ ਦੇ ਗੀਤ ਸੁਣ ਕੇ ਤਣਾਅ ਨੂੰ ਦੂਰ ਕੀਤਾ। ਸਵਿਮਿੰਗ ਦਾ ਵੀ ਉਸ ਨੂੰ ਬਹੁਤ ਸ਼ੌਕ ਹੈ। ਇਸ ਦੇ ਨਾਲ ਹੀ ਉਸ ਨੇ ਯੂ-ਟਿਊਬ ’ਤੇ ਉਸ ਦੀ ਪੜ੍ਹਾਈ ਨਾਲ ਸੰਬੰਧਤ ਅਨਅਕੈਡਮੀ ਆਨਲਾਈਨ ਚੈਨਲ ਦੀ ਹਰ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਉਸ ਵਿਚ ਦੱਸੇ ਸਿਲੇਬਸ ਅਤੇ ਟੈਸਟ ਪੇਪਰਾਂ ਨੂੰ ਪੜ੍ਹ ਕੇ ਰੋਜ਼ਾਨਾ ਰਿਵਾਈਜ਼ ਵੀ ਕੀਤਾ, ਜਿਸ ਦਾ ਉਸ ਨੂੰ ਅੱਜ ਲਾਭ ਵੀ ਹੋਇਆ। ਆਪਣੀ ਸਫ਼ਲਤਾ ਦਾ ਸਿਹਰਾ ਗੌਤਮ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਕੈਮਿਸਟਰੀ ਦੀ ਟੀਚਰ ਸੰਗੀਤਾ ਗੁਪਤਾ ਅਤੇ ਫਿਜ਼ਿਕਸ ਦੀ ਟੀਚਰ ਭਾਵਨਾ ਮੈਡਮ ਨੂੰ ਦਿੱਤਾ। ਗੌਤਮ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਉਸ ਨੇ ਡਾਕਟਰ ਬਣਨ ਦਾ ਸੁਫ਼ਨਾ ਵੇਖਿਆ ਅਤੇ ਇਕ ਸਫ਼ਲ ਨਿਊਰੋ ਸਰਜਨ ਬਣ ਕੇ ਉਹ ਸਮਾਜ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ: ਜਲੰਧਰ: ਕਰੰਟ ਲੱਗਣ ਨਾਲ 16 ਸਾਲਾ ਮੁੰਡੇ ਦੀ ਮੌਤ, ਖੰਭੇ ਨੇੜਿਓਂ ਮਿਲੀ ਲਾਸ਼, ਹੱਥ-ਪੈਰ ਹੋ ਚੁੱਕੇ ਸਨ ਨੀਲੇ

‘ਜੁੜਵਾਂ ਟਾਪਰ ਭਰਾਵਾਂ ਦੀ ਮਿਹਨਤ ਰੰਗ ਲਿਆਈ’
ਨਾਨ-ਮੈਡੀਕਲ ਸਟਰੀਮ ਦੇ ਸਮਰਵੀਰ ਸਿੰਘ ਨੇ ਐਲਾਨੇ ਨਤੀਜੇ ਵਿਚ 94.2 ਫ਼ੀਸਦੀ ਅੰਕ ਲੈ ਕੇ ਮਹਾਨਗਰ ਵਿਚ ਦੂਜਾ ਅਤੇ ੳਸ ਦੇ ਨਾਨ-ਮੈਡੀਕਲ ਸਟਰੀਮ ਦੇ ਹੀ ਜੁੜਵਾਂ ਭਰਾ ਬਿਨਵੰਤ ਸਿੰਘ ਨੇ 94 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਪਿਤਾ ਮਨਪ੍ਰੀਤ ਸਿੰਘ ਅਕਾਲ ਅਕੈਡਮੀ ਵਿਚ ਬਤੌਰ ਅਕੈਡਮਿਕ ਅਫਸਰ ਕੰਮ ਕਰ ਰਹੇ ਹਨ ਅਤੇ ਮਾਤਾ ਵਿਕਰਮ ਕੌਰ ਇਕ ਸਫ਼ਲ ਘਰੇਲੂ ਔਰਤ ਹੈ। ਦੋਵਾਂ ਜੁੜਵਾਂ ਭਰਾਵਾਂ ਦੀ ਸਫਲਤਾ ’ਤੇ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਸਮਰਵੀਰ ਸਿੰਘ ਨੇ ਦੱਸਿਆ ਕਿ ਇਕ ਹੀ ਕਲਾਸ ਵਿਚ ਜੁੜਵਾਂ ਭਰਾ ਨਾਲ ਪੜ੍ਹਨਾ ਇਕ ਖ਼ਾਸ ਤਜਰਬਾ ਰਿਹਾ। ਅਸੀਂ ਦੋਵੇਂ ਪੜ੍ਹਦੇ ਵੀ ਇਕੱਠੇ ਸੀ ਅਤੇ ਪੇਪਰਾਂ ਦੀ ਤਿਆਰੀ ਵੀ ਇਕੱਠੇ ਹੀ ਕਰਦੇ ਸੀ। ਕਦੇ ਟਿਊਸ਼ਨ ਨਹੀਂ ਰੱਖੀ ਪਰ ਆਪਣੇ ਸਿਲੇਬਸ ਨਾਲ ਸੰਬੰਧਤ ਵੱਖ-ਵੱਖ ਕਿਤਾਬਾਂ ਨੂੰ ਸਮੇਂ-ਸਮੇਂ ’ਤੇ ਪੜ੍ਹ ਕੇ ਰਿਵਾਈਜ਼ ਵੀ ਕੀਤਾ। ਰੋਬੋਟਿਕਸ ਵਿਸ਼ੇ ਵਿਚ ਸਮਰਵੀਰ ਸਿੰਘ ਦਾ ਖ਼ਾਸ ਲਗਾਅ ਹੈ। ਇਸੇ ਲਈ ਉਹ ਭਵਿੱਖ ਵਿਚ ਵੀ ਇਸ ਦਿਸ਼ਾ ਵਿਚ ਹੀ ਕੁਝ ਖਾਸ ਕਰਨਾ ਚਾਹੁੰਦਾ ਹੈ ਅਤੇ ਭਰਾ ਬਿਨਵੰਤ ਐਰੋਨਾਟਿਕਸ ਇੰਜੀਨੀਅਰ ਬਣਨਾ ਚਾਹੁੰਦਾ ਹੈ। ਦੋਵਾਂ ਦੇ ਪ੍ਰੀ-ਬੋਰਡ ਵਿਚ 93 ਫੀਸਦੀ ਅੰਕ ਸਨ।

‘ਹਰ ਵਿਸ਼ੇ ’ਤੇ ਫੋਕਸ ਰੱਖਣਾ ਜ਼ਰੂਰੀ’
ਮਹਾਨਗਰ ’ਚੋਂ ਦੂਜੇ ਨੰਬਰ 'ਤੇ ਰਹੇ ਚੇਤਨ ਬਿਸ਼ਟ ਨੇ ਕਿਹਾ ਕਿ ਆਨਲਾਈਨ ਕਲਾਸਿਜ਼ ਵਿਚ ਟੀਚਰਜ਼ ਵੱਲੋਂ ਪੜ੍ਹਾਏ ਗਏ ਹਰ ਵਿਸ਼ੇ ’ਤੇ ਫੋਕਸ ਰਹਿਣਾ ਹੀ ਸਫ਼ਲਤਾ ਦਿਵਾਉਂਦਾ ਹੈ। ਹਰ ਰੋਜ਼ 4 ਤੋਂ 5 ਘੰਟੇ ਪੜ੍ਹਨਾ ਮੇਰੀ ਰੁਟੀਨ ਵਿਚ ਸ਼ਾਮਲ ਸੀ ਅਤੇ ਪ੍ਰੀਖਿਆ ਦੇ ਦਿਨਾਂ ਵਿਚ ਸੋਸ਼ਲ ਸਾਈਟਸ ਤੋਂ ਦੂਰੀ ਬਣਾਉਣਾ ਹੀ ਬਿਹਤਰ ਰਹਿੰਦਾ ਹੈ। ਹਰ ਰੋਜ਼ ਪੜ੍ਹਾਈ ਕਰਨ ਦੇ ਨਾਲ-ਨਾਲ ਫਿਜ਼ੀਕਲ ਐਕਟੀਵਿਟੀਜ਼ ਵੀ ਲਾਜ਼ਮੀ ਹਨ। ਪਿਤਾ ਕਰਨਲ ਰੋਹਿਤ ਬਿਸ਼ਟ ਅਤੇ ਮਾਤਾ ਮਹਿਮਾ ਵੀ ਬੇਟੇ ਦੀ ਸਫ਼ਲਤਾ ਤੋਂ ਖ਼ੁਸ਼ ਹਨ। ਚੇਤਨ ਨੇ ਆਪਣੀ ਸਫਲਤਾ ਲਈ ਟੀਚਰ ਸੰਗੀਤਾ ਗੁਪਤਾ, ਅਨੁਰਾਧਾ ਸ਼ਰਮਾ ਅਤੇ ਉਤਕਰਸ਼ ਸਰ ਦਾ ਵੀ ਧੰਨਵਾਦ ਕੀਤਾ। ਚੇਤਨ ਭਵਿੱਖ ਵਿਚ ਕੰਪਿਊਟਰ ਇੰਜੀਨੀਅਰ ਬਣੇਗਾ।

ਇਹ ਵੀ ਪੜ੍ਹੋ: ਜਲੰਧਰ: ਲਾਂਬੜਾ ਵਿਖੇ ਵਿਅਕਤੀ ਦਾ ਗਲਾ ਵੱਢ ਕੇ ਸੁੱਟੀ ਖ਼ੂਨ ਨਾਲ ਲਥਪਥ ਲਾਸ਼ ਬਰਾਮਦ, ਫ਼ੈਲੀ ਸਨਸਨੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri