ਪੰਜਾਬ ਵਿਚ ਨਗਰ-ਨਿਗਮ ਚੋਣਾਂ ਦਾ ਐਲਾਨ, ਚੋਣ ਜ਼ਾਬਤਾ ਲਾਗੂ

01/16/2021 6:19:52 PM

ਚੰਡੀਗੜ੍ਹ - ਸੂਬਾ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਵੱਲੋਂ ਅੱਜ ਇਥੇ 08 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਇਹ ਚੋਣਾਂ 14 ਫਰਵਰੀ ਨੂੰ ਕਰਵਾਈਆਂ ਜਾਣਗੀਆਂ। ਐਲਾਨ ਹੋਣ ਦੇ ਨਾਲ ਹੀ ਸੂਬੇ ਦੇ ਸਾਰੇ ਚੋਣ ਹਲਕਿਆਂ ਵਿਚ `ਆਦਰਸ਼ ਚੋਣ ਜ਼ਾਬਤਾ` ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਚੋਣ ਜ਼ਾਬਤਾ ਲਾਗੂ ਰਹੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਫਗਵਾੜਾ ਦੇ  ਈ.ਆਰ.ਓ. ਵਲੋਂ ਤਿਆਰ ਕੀਤੀਆਂ ਗਈਆਂ ਵੋਟਰ ਸੂਚੀਆਂ ਵਿਚ ਕਮੀਆਂ ਸਾਹਮਣੇ ਆਈਆਂ ਹਨ ਜਿਸ ਕਾਰਨ ਵੋਟਰ ਸੂਚੀਆਂ ਦੁਬਾਰਾ ਤਿਆਰ ਕਰਨ ਉਪਰੰਤ ਹੀ ਨਗਰ ਨਿਗਮ ਫਗਵਾੜਾ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਕੇਂਦਰ ਨਾਲ ਬੈਠਕਾਂ ਬੇਨਤੀਜਾ ਰਹਿਣ ’ਤੇ ਕਿਸਾਨ ਅੰਦੋਲਨ ਹੋ ਸਕਦੈ ਭਿਆਨਕ

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਗਪਾਲ ਸਿੰਘ ਸੰਧੂ ਨੇ ਕਿਹਾ ਕਿ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 30 ਜਨਵਰੀ 2021 ਤੋਂ ਸ਼ੁਰੂ ਹੋਵੇਗੀ ਅਤੇ 3 ਫਰਵਰੀ 2021 ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ 2021 ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ 5 ਫਰਵਰੀ 2021 ਹੈ ਅਤੇ ਇਸੇ ਤਾਰੀਖ਼ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਚੋਣ ਪ੍ਰਚਾਰ ਮਿਤੀ 12 ਫਰਵਰੀ 2021 ਨੂੰ ਸ਼ਾਮ 5 ਵਜੇ ਤੱਕ ਕੀਤਾ ਜਾ ਸਕੇਗਾ। ਵੋਟਾਂ ਪੈਣ ਦਾ ਕੰਮ ਮਿਤੀ 14 ਫਰਵਰੀ 2021 ਨੂੰ ਸਵੇਰੇ 08.00 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ 17 ਫਰਵਰੀ 2021ਨੂੰ ਕੀਤੀ ਜਾਏਗੀ। ਚੋਣਾਂ ਕਰਵਾਉਣ ਲਈ 145 ਰਿਟਰਨਿੰਗ ਅਫ਼ਸਰ ਅਤੇ 145 ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਚੋਣਾਂ ਨੂੰ ਨਿਰਪੱਖਤਾ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ 30 ਆਈ.ਏ.ਐੱਸ./ਪੀ.ਸੀ.ਐਸ. ਨੂੰ ਚੋਣ ਅਬਜ਼ਰਵਰ ਅਤੇ 6 ਆਈ.ਪੀ.ਐੱਸ. ਅਧਿਕਾਰੀਆਂ ਨੂੰ ਪੁਲਸ ਆਬਜ਼ਰਵਰ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਸੁਮੇਧ ਸੈਣੀ ਤੇ ਉਮਰਾਨੰਗਲ ਖ਼ਿਲਾਫ਼ ਚਲਾਨ ਪੇਸ਼

ਉਨ੍ਹਾਂ ਕਿਹਾ ਕਿ ਸੂਬੇ ਵਿਚ 08 ਨਗਰ ਨਿਗਮਾਂ ਲਈ 400 ਅਤੇ 109 ਨਗਰ ਕੌਂਸਲਾਂ / ਨਗਰ ਪੰਚਾਇਤਾਂ ਲਈ 1902 ਮੈਂਬਰ ਚੁਣੇ ਜਾਣਗੇ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਊਂਸੀਪਲ ਚੋਣਾਂ ਵਿਚ ਬੀਬੀਆਂ ਲਈ 50% ਰਾਖਵਾਂਕਰਨ ਦਿੱਤਾ ਗਿਆ ਹੈ। ਸੰਧੂ ਨੇ ਇਹ ਵੀ ਦੱਸਿਆ ਕਿ ਯੋਗਤਾ ਮਿਤੀ 01-01-2020 ਅਨੁਸਾਰ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਵੋਟਰ ਸੂਚੀਆਂ ਅਪਡੇਟ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਵੋਟਰਾਂ ਨੂੰ ਵੋਟਿੰਗ ਪ੍ਰਕਿਰਿਆ ਵਿਚ ਪੂਰੇ ਵੱਧ ਚੜ੍ਹ ਕੇ  ਅਤੇ ਇਮਾਨਦਾਰੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ ਟਿੱਕਰੀ ਬਾਰਡਰ ਤੋਂ ਆਈ ਇਕ ਹੋਰ ਬੁਰੀ ਖ਼ਬਰ

ਇਨ੍ਹਾਂ ਚੋਣਾਂ ਲਈ ਸੂਬੇ ਵਿਚ 20,49,777 ਪੁਰਸ਼, 18,65,354 ਬੀਬੀਆਂ ਅਤੇ 149 ਟ੍ਰਾਂਸਜੈਂਡਰ ਵੋਟਰਾਂ ਦੇ ਨਾਲ ਕੁੱਲ 39,15,280 ਰਜਿਸਟਰਡ ਵੋਟਰ ਹਨ। ਚੋਣ ਕਮਿਸ਼ਨ ਵੱਲੋਂ 4102 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ ਅਤੇ 18000 ਕਰਮਚਾਰੀਆਂ ਦੀ ਚੋਣ ਡਿਊਟੀ ਲਗਾਈ ਜਾਵੇਗੀ। ਇਹ ਚੋਣਾਂ ਈ.ਵੀ.ਐੱਮ. ਰਾਹੀਂ ਹੋਣਗੀਆਂ। ਇਸ ਮੰਤਵ ਲਈ 7000 ਈ.ਵੀ.ਐਮਜ਼ ਦਾ ਪ੍ਰਬੰਧ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ...ਤੇ ਹੁਣ ਰੁੱਸਿਆਂ ਨੂੰ ਮਨਾਉਣ 'ਚ ਲੱਗਾ ਅਕਾਲੀ ਦਲ

Gurminder Singh

This news is Content Editor Gurminder Singh