6 ਮਹੀਨਿਆਂ ਤੋਂ ਕੌਂਸਲਰਾਂ ਨੂੰ ਕੂੜਾ-ਕਲੈਕਸ਼ਨ ਲਈ ਈ-ਰਿਕਸ਼ਾ ਹੀ ਨਹੀਂ ਵੰਡ ਪਾਇਆ ਨਿਗਮ

08/04/2020 8:32:47 AM

ਜਲੰਧਰ, (ਖੁਰਾਨਾ)- ਇਨ੍ਹੀਂ ਦਿਨੀਂ ਬਰਸਾਤੀ ਸੀਜ਼ਨ ਚੱਲ ਰਿਹਾ ਹੈ ਪਰ ਸ਼ਹਿਰ ਦੀ ਸਾਰੀਆਂ ਮੇਨ ਸੜਕਾਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ਵਿਚ ਬਰਸਾਤੀ ਪਾਣੀ ਮਿਕਸ ਹੋ ਕੇ ਨਰਕ ਵਰਗਾ ਨਜ਼ਾਰਾ ਪੇਸ਼ ਕਰ ਰਿਹਾ ਹੈ ਪਰ ਸ਼ਹਿਰ ਦੀ ਇਸ ਗੰਦਗੀ ਨੂੰ ਲੈ ਕੇ ਨਾ ਤਾਂ ਨਗਰ ਨਿਗਮ ਦੇ ਅਧਿਕਾਰੀ ਅਤੇ ਨਾ ਹੀ ਸੱਤਾ ਪੱਖ ਕਾਂਗਰਸ ਦੇ ਨੇਤਾ ਗੰਭੀਰ ਦਿਖ ਰਹੇ ਹਨ ਜਿਸਦਾ ਨਤੀਜਾ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਨਗਰ ਨਿਗਮ ਸ਼ਹਿਰ ਵਿਚੋਂ ਕੂੜੇ ਦੀ ਲਿਫਟਿੰਗ ਦਾ ਕੰਮ ਹੀ ਠੀਕ ਢੰਗ ਨਾਲ ਨਹੀਂ ਕਰ ਪਾ ਰਿਹਾ ਅਤੇ ਸ਼ਹਿਰ ਵਿਚੋਂ ਕੂੜੇ ਦੀ ਲਿਫਟਿੰਗ ’ਚ ਦੇਰੀ ਹੋਈ ਅਤੇ ਬਾਅਦ ਦੁਪਹਿਰ ਹੀ ਕੁਝ ਗੱਡੀਆਂ ਚੱਲੀਆਂ। ਇਕ ਪਾਸੇ ਜਿੱਥੇ ਨਿਗਮ ਪ੍ਰਸ਼ਾਸਨ ਸਾਲਿਡ ਵੇਸਟ ਮੈਨੇਜਮੈਂਟ ਨੂੰ ਲੈ ਕੇ ਬੁਰੀ ਤਰ੍ਹਾਂ ਫਲਾਪ ਹੋ ਰਿਹਾ ਹੈ, ਉਥੇ ਸਥਿਤੀ ਇਹ ਹੈ ਕਿ ਪਿਛਲੇ 6 ਮਹੀਨੇ ਤੋਂ ਜਲੰਧਰ ਨਿਗਮ ਆਪਣੇ ਕੌਂਸਲਰਾਂ ਨੂੰ ਕੂੜਾ ਕਲੈਕਸ਼ਨ ਲਈ ਈ-ਰਿਕਸ਼ਾ ਤਕ ਨਹੀਂ ਵੰਡ ਪਾਇਆ। ਜ਼ਿਕਰਯੋਗ ਹੈ ਕਿ ਜਲੰਧਰ ਦੇ ਸਾਬਕਾ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਸਵੱਛ ਭਾਰਤ ਮਿਸ਼ਨ ਦੇ ਤਹਿਤ ਅਜਿਹੇ ਕਰੀਬ 30 ਈ-ਰਿਕਸ਼ਾ ਖਰੀਦੇ ਸਨ ਅਤੇ ਉਨ੍ਹਾਂ ਦੀ ਯੋਜਨਾ ਸੀ ਕਿ ਇਨ੍ਹਾਂ ਨੂੰ ਸ਼ਹਿਰ ਦੇ ਵਪਾਰਿਕ ਖੇਤਰਾਂ ’ਚ ਚਲਾਏ ਜਾਣਗੇ ਜਿੱਥੇ ਮਾਰਕੀਟ ਸਥਿਤ ਹੈ ਅਤੇ ਇਹ ਰਿਕਸ਼ੇ ਸਬੰਧਿਤ ਸੁਸਾਇਟੀਆਂ ਜਾਂ ਐਸੋਸੀਏਸ਼ਨਾਂ ਨੂੰ ਦਿੱਤੇ ਜਾਣਗੇ।

ਬਲਕ ਵੈਸਟ ਜੇਨਰੇਟਰ ਵੱਲ ਜਾਵੇਗੀ ਕਮੇਟੀ
ਚੇਅਰਮੈਨ ਬਲਰਾਜ ਠਾਕੁਰ ਨੇ ਐਲਾਨ ਕੀਤਾ ਕਿ ਨਿਗਮ ਕੋਲ ਰਜਿਸਟਰਡ ਬਲਕ ਵੇਸਟ ਜੇਨਰੇਟਰ ਦੀ ਗਿਣਤੀ 140 ਦੇ ਕਰੀਬ ਹੈ, ਜਿਨ੍ਹਾਂ ਵਿਚੋਂ ਸਿਰਫ 35 ਸੰਸਥਾਵਾਂ ਨੇ ਆਪਣੇ ਕੰਪਲੈਕਸ ਤੋਂ ਨਿਕਲਣ ਵਾਲੇ ਕੂੜੇ ਦੀ ਮੈਨੇਜਮੈਂਟ ਦੇ ਪ੍ਰਬੰਧ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸੈਨੀਟੇਸ਼ਨ ਕਮੇਟੀ ਨਿਗਮ ਅਧਿਕਾਰੀਆਂ ਨੂੰ ਨਾਲ ਲੈ ਕੇ ਇਨ੍ਹਾਂ ਬਲਕ ਵੇਸਟ ਜੇਨਰੇਟਰ ਦੇ ਕੋਲ ਜਾਵੇਗੀ, ਜਿਨ੍ਹਾਂ ਨੇ ਪਲਾਂਟ ਨਹੀਂ ਲਾਏ ਹਨ, ਉਨ੍ਹਾਂ ਨੂੰ ਪਲਾਂਟ ਲਾਉਣ ਲਈ ਕਿਹਾ ਜਾਏਗਾ ਅਤੇ ਜਿਨ੍ਹਾਂ ਨੇ ਅਜਿਹਾ ਪ੍ਰਬੰਧ ਕਰ ਰੱਖਿਆ ਹੈ ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ।

Lalita Mam

This news is Content Editor Lalita Mam