ਕੋਰੋਨਾ ਤੇ ਕੁਦਰਤ ਦੀ ਦੋਹਰੀ ਮਾਰ ਨੇ ਕਿਸਾਨਾਂ ਨੂੰ ਵੱਡੀਆਂ ਸਮੱਸਿਆਵਾਂ 'ਚ ਘੇਰਿਆ

04/20/2020 9:58:39 AM

ਰੂਪਨਗਰ (ਵਿਜੇ ਸ਼ਰਮਾ)— ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ 48 ਘੰਟਿਆਂ 'ਚ ਪੇਮੈਂਟ ਕਰਨ ਦੇ ਦਾਅਵਿਆਂ ਦੀ ਫੂਕ ਰੋਪੜ 'ਚ ਨਿਕਲਦੀ ਹੋਈ ਦਿਖਾਈ ਦੇ ਰਹੀ ਹੈ। ਬੀਤੇ ਦਿਨ ਅਚਾਨਕ ਹੋਈ ਬਾਰਸ਼ ਅਤੇ ਗੜੇਮਾਰੀ ਨੇ ਜਿੱਥੇ ਕਿਸਾਨਾਂ ਨੂੰ ਦੋਹਰੀ ਮਾਰ ਮਾਰੀ ਹੈ, ਉਥੇ ਹੀ ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ਦੇ ਜ਼ਖਮਾਂ 'ਤੇ ਮਲੱਮ ਲਾਉਣ ਦਾ ਕੰਮ ਨਾ ਕਰ ਸਕੇ। ਵਰਖਾ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਰੂਪਨਗਰ ਮੰਡੀ 'ਚ ਨੁਕਸਾਨ ਹੋਇਆ ਅਤੇ ਕਣਕ 'ਚ ਨਮੀ ਦੀ ਮਾਤਰਾ ਵਧਣ ਕਾਰਨ ਖਰੀਦ ਪ੍ਰਬੰਧਾਂ 'ਚ ਅੜਚਨਾਂ ਆ ਗਈਆਂ, ਜਿਸ ਕਾਰਨ ਕਿਸਾਨ ਵੱਡੀ ਪਰੇਸ਼ਾਨੀ 'ਚ ਘਿਰ ਗਏ। ਇਸ ਤੋਂ ਇਲਾਵਾ ਕਿਸਾਨਾਂ ਦੀ ਖੇਤਾਂ 'ਚ ਪਈ ਫਸਲ ਦਾ ਵੀ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: ਨਵਾਂਸ਼ਹਿਰ ''ਚ 72 ਸਾਲਾ ਔਰਤ ਨੇ ਕੋਰੋਨਾ ਨੂੰ ਦਿੱਤੀ ਮਾਤ, ਸਟਾਫ ਨੂੰ ਅਸੀਸਾਂ ਦਿੰਦੀ ਪਰਤੀ ਘਰ

ਰੂਪਨਗਰ ਅਨਾਜ ਮੰਡੀ ਦੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਜਾਰੀ ਕੀਤੇ ਜਾਣ ਵਾਲੇ ਪਾਸ ਬਹੁਤ ਘੱਟ ਦਿੱਤੇ ਜਾ ਰਹੇ ਹਨ, ਜਿਸ ਕਾਰਨ ਫਸਲ ਮੰਡੀਆਂ 'ਚ ਘੱਟ ਆ ਰਹੀ ਹੈ। ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਦੇ ਬਾਹਰ ਨਮੀ ਦੀ ਜਾਂਚ ਕਰਵਾਉਣ ਸਮੇਂ ਕਿਸਾਨਾਂ ਦੀ ਖੱਜਲ-ਖੁਆਰੀ ਹੋ ਰਹੀ ਹੈ ਜਦਕਿ ਅਚਾਨਕ ਪਈ ਬਾਰਸ਼ ਦੌਰਾਨ ਕਣਕ 'ਚ ਨਮੀ ਦੀ ਮਾਤਰਾ ਹੋਰ ਵਧ ਗਈ।

ਉਨ੍ਹਾਂ ਕਿਹਾ ਕਿ ਮੰਡੀ ਵਿਚ ਤਰਪਾਲਾਂ ਦਾ ਪ੍ਰਬੰਧ ਤਾਂ ਜ਼ਰੂਰ ਸੀ ਪਰ ਅਚਾਨਕ ਹੋਈ ਬਾਰਸ਼ ਦੇ ਸਾਹਮਣੇ ਇਹ ਪ੍ਰਬੰਧ ਕੰਮ ਨਾ ਆ ਸਕੇ ਜਿਸ ਕਾਰਨ ਕਣਕ ਭਿੱਜ ਗਈ। ਉਨ੍ਹਾਂ ਕਿਹਾ ਕਿ ਹੁਣ ਕਣਕ ਨੂੰ ਸੁਕਾਉਣ ਅਤੇ ਇਸ ਨੂੰ ਖਰੀਦ ਲਈ ਤਿਆਰ ਕਰਨ ਲਈ ਕਈ ਦਿਨ ਲੱਗ ਜਾਣਗੇ ਜਿਸ ਕਾਰਨ ਮੰਡੀ ਵਿਚ ਹੋਰ ਆਉਣ ਵਾਲੀ ਕਣਕ ਦੀ ਖਰੀਦ ਵੀ ਪ੍ਰਭਾਵਿਤ ਹੋਵੇਗੀ। ਉਧਰ ਜੇਕਰ ਅਦਾਇਗੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ 48 ਘੰਟਿਆਂ ਦੇ ਵਿਚ ਕਣਕ ਦੀ ਅਦਾਇਗੀ ਕਰਨ ਦਾ ਦਾਅਵਾ ਕੀਤਾ ਹੈ ਪਰ 15 ਅਪ੍ਰੈਲ ਤੋਂ ਸ਼ੁਰੂ ਹੋਈ ਕਣਕ ਦੀ ਖਰੀਦ ਦੀ ਅਦਾਇਗੀ ਅਜੇ ਤੱਕ ਕਿਸਾਨਾਂ ਨੂੰ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: ਇਨ੍ਹਾਂ ਮੁਲਾਜ਼ਮਾਂ ਨੇ ਵਧਾਈ ਪੰਜਾਬ ਪੁਲਸ ਦੀ ਸ਼ਾਨ, 12 ਦਿਨ ਦੇ ਬੱਚੇ ਦੀ ਇੰਝ ਬਚਾਈ ਜਾਨ

ਜਾਣਕਾਰੀ ਅਨੁਸਾਰ ਰੂਪਨਗਰ ਜਿਲ੍ਹੇ ਵਿਚ ਲੱਗਭੱਗ 12 ਕਰੋੜ ਦੀ ਅਦਾਇਗੀ ਨਹੀਂ ਹੋ ਪਾਈ ਜਿਸ ਕਾਰਨ ਆੜ੍ਹਤੀ ਅਤੇ ਕਿਸਾਨ ਦੋਵੇਂ ਪਰੇਸ਼ਾਨੀ ਵਿਚ ਹਨ। ਰੂਪਨਗਰ ਮੰਡੀ ਦੇ ਆੜ੍ਹਤੀ ਅਭਿਮਨਿਯੂ ਖੰਨਾ ਤੇ ਸੁਤੰਤਤ ਕੌਸ਼ਲ ਨੇ ਦੱਸਿਆ ਕਿ ਜਿੰਨੀ ਕਣਕ ਦੀ ਖਰੀਦ ਹੁਣ ਤੱਕ ਹੋ ਚੁੱਕੀ ਹੈ ਉਸ ਵਿਚੋਂ ਇਕ ਵਾਰ ਦੀ ਅਦਾਇਗੀ ਵੀ ਅਜੇ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਮਾਰ ਨੇ ਜਿੱਥੇ ਕਿ ਪਹਿਲਾਂ ਹੀ ਕਣਕ ਦਾ ਸੀਜ਼ਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਅਤੇ ਖਰੀਦ ਪ੍ਰਕ੍ਰਿਆ ਲਈ ਪ੍ਰਭਾਵਿਤ ਹੋਣ ਕਾਰਨ ਇਹ ਸੀਜ਼ਨ ਲੰਬਾ ਹੋ ਗਿਆ ਉਥੇ ਹੀ ਹੁਣ ਮੌਸਮ ਦੀ ਮਾਰ ਖਰੀਦ ਪ੍ਰਕਿਰਿਆ 'ਚ ਵੱਡੀਆਂ ਅੜਚਨਾਂ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੀ ਅਦਾਇਗੀ ਵੀ ਨਹੀਂ ਕੀਤੀ ਗਈ ਜਦਕਿ ਕਣਕ ਦੇ ਸੀਜ਼ਨ ਦੀ ਅਦਾਇਗੀ ਨਾ ਹਣ ਕਾਰਨ ਆੜ੍ਹਤੀਆਂ ਦਾ ਸਰਕਾਰ ਵੱਲ ਬਕਾਇਆ ਹੋਰ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀ ਹਾਲਾਤਾਂ ਨੂੰ ਸਮਝਦੇ ਹੋਏ ਸਰਕਾਰ ਦਾ ਸਹਿਯੋਗ ਤਾਂ ਜ਼ਰੂਰ ਦੇ ਰਹੇ ਹਨ ਪਰ ਸਰਕਾਰ ਤੇ ਪ੍ਰਸ਼ਾਸਨ ਵੀ ਆੜ੍ਹਤੀਆਂ ਤੇ ਕਿਸਾਨਾਂ ਦੀ ਸਮੱਸਿਆ ਨੂੰ ਸਮਝਣ।

ਇਹ ਵੀ ਪੜ੍ਹੋ: ਕਰਫਿਊ 'ਚ ਵਧਿਆ ਸਾਦੇ ਵਿਆਹਾਂ ਦਾ ਰੁਝਾਨ, ਐਕਟਿਵਾ 'ਤੇ ਵਿਆਹ ਕੇ ਲਿਆਇਆ ਲਾੜੀ (ਤਸਵੀਰਾਂ)

ਯਾਦ ਰਹੇ ਕਿ ਰੂਪਨਗਰ ਜ਼ਿਲੇ 'ਚ 5 ਖਰੀਦ ਏਜੰਸੀਆਂ ਕਣਕ ਦੀ ਖਰੀਦ ਦਾ ਕੰਮ ਕਰ ਰਹੀਆਂ ਹਨ ਜਿਨ੍ਹਾਂ ਵਿਚ ਮਾਰਕਫੈਡ, ਪਨਗਰੇਨ, ਪਨਸਪ, ਐੱਫ. ਸੀ. ਆਈ. ਅਤੇ ਵੇਅਰਹਾਊਸ ਵੱਲੋਂ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਉਧਰ ਇਸ ਸਬੰਧੀ ਜਦੋਂ ਜ਼ਿਲਾ ਮੰਡੀ ਅਫਸਰ ਸਤਵੀਰ ਸਿੰਘ ਮਾਵੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ 17 ਅਪ੍ਰ੍ਰੈਲ ਤੱਕ ਸਾਢੇ ਪੰਜ ਕਰੋੜ ਰੁਪਏ ਦੀ ਅਦਾਇਗੀ ਸਰਕਾਰ ਵੱਲੋਂ ਜਾਰੀ ਕੀਤੀ ਜਾਣੀ ਸੀ ਜੋ ਕਿ ਅਜੇ ਤੱਕ 1.98 ਕਰੋੜ ਦੀ ਹੀ ਹੋਈ ਹੈ। ਉਨ੍ਹਾਂ ਦਿਸਿਆ ਕਿ ਜ਼ਿਲੇ ਵਿਚ 1.50 ਕਰੋੜ ਰੁਪਏ ਪਨਗ੍ਰੇਨ ਅਤੇ 48 ਲੱਖ ਰੁਪਏ ਪਨਸਪ ਵੱਲੋਂ ਜਲਦੀ ਜਾਰੀ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਕੋਰੋਨਾ ਖਿਲਾਫ ਜੰਗ: ਹੁਣ ਪੰਜਾਬ 'ਚ 20 ਦੀ ਸ਼ਾਮ ਨੂੰ 'ਬੋਲੇ ਸੋ ਨਿਹਾਲ' ਸਣੇ 'ਹਰ-ਹਰ ਮਹਾਦੇਵ' ਦੇ ਲੱਗਣਗੇ ਜੈਕਾਰੇ

shivani attri

This news is Content Editor shivani attri