ਤਬਲੀਗੀ ਸਮਾਗਮ ''ਚ ਹਿੱਸਾ ਲੈਣ ਵਾਲੇ ਫਗਵਾੜਾ ਦੇ 11 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ

04/07/2020 1:06:21 PM

ਫਗਵਾੜਾ (ਹਰਜੋਤ)— ਦਿੱਲੀ ਵਿਖੇ ਹੋਏ ਤਬਲੀਗੀ ਸਮਾਗਮ 'ਚ ਹਿੱਸਾ ਲੈਣ ਲਈ ਗਏ ਫਗਵਾੜਾ ਦੇ 11 ਵਿਅਕਤੀ ਜਿਨ੍ਹਾਂ ਦੇ ਸਿਹਤ ਵਿਭਾਗ ਨੇ ਸੈਂਪਲ ਲਏ ਸਨ, ਦੀ ਨੈਗੇਟਿਵ ਰਿਪੋਰਟ ਆਉਣ ਮਗਰੋਂ ਸਿਹਤ ਵਿਭਾਗ ਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ। ਇਸ ਸਬੰਧੀ ਸਿਹਤ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਡਾ. ਪ੍ਰਿਤਪਾਲ ਸਿੰਘ ਵੱਲੋਂ ਫਗਵਾੜਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਪਾਂਸ਼ਟਾ ਦੇ ਐੱਸ. ਐੱਮ. ਓ ਡਾ. ਕਾਂਤਾ, ਐੱਸ. ਐੱਮ. ਓ. ਫਗਵਾੜਾ ਕਮਲ ਕਿਸ਼ੋਰ ਅਤੇ ਕਮਲਜੀਤ ਸਿੰਘ ਹੈਲਥ ਸੁਪਰਵਾਈਜ਼ਰ ਸ਼ਾਮਲ ਸਨ। ਇਸ ਦੌਰਾਨ ਉਕਤ ਅਧਿਕਾਰੀਆਂ ਨੇ ਪਿੰਡ ਪਲਾਹੀ ਅਤੇ ਗੁਰੂ ਤੇਗ ਬਹਾਦਰ ਨਗਰ ਟਿੱਬੀ ਵਿਖੇ ਜਾ ਕੇ ਇਨ੍ਹਾਂ ਦੇ ਘਰਾਂ ਦਾ ਜਾਇਜ਼ਾ ਲਿਆ ਅਤੇ ਇਨ੍ਹਾਂ ਨੂੰ 14 ਦਿਨਾਂ ਲਈ ਘਰ ਰਹਿਣ ਲਈ ਕਿਹਾ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਹਲਕੇ 'ਚ ਲੈਣ ਵਾਲੇ ਲੋਕ ਹੋ ਜਾਣ ਸਾਵਧਾਨ, ਅੰਮ੍ਰਿਤਸਰ ਦੀ ਇਹ ਖਬਰ ਉਡਾਏਗੀ ਹੋਸ਼

ਐੱਸ. ਐੱਮ. ਓ. ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਦਿੱਲੀ ਜਾਣ ਵਾਲੇ ਵਿਅਕਤੀਆਂ 'ਚ 10 ਪਿੰਡ ਪਲਾਹੀ ਦੇ ਹੀ ਸਨ। ਜਿਨ੍ਹਾਂ 'ਚ ਸਾਹਿਦ ਸਿਦਕ, ਯਾਸ਼ੂ ਜੁੰਮਾ, ਇਰਫਾਨ, ਫੋਰਹਨ, ਅਜਾਜ, ਜਾਇਦ, ਸੱਜਦਾਉਦੀਨ, ਮੁਹੰਮਦ ਯੁਸਵ, ਸੋਇਵ ਅਬਦੁਲ ਤੇ ਜਾਫ਼ਿਰ ਹੁਸੈਨ, ਨਸੀਮ ਮੁਹੰਮਦ ਇਲਮਾਸ ਸ਼ਾਮਲ ਹਨ। ਇਸੇ ਦੌਰਾਨ ਇੱਥੋਂ ਦੇ ਨਵੇਂ ਆਏ ਏ. ਡੀ. ਸੀ. ਰਾਜੀਵ ਵਰਮਾ, ਐੱਸ. ਡੀ. ਐੱਮ. ਗੁਰਵਿੰਦਰ ਸਿੰਘ ਜੌਹਲ ਅਤੇ ਐੱਸ. ਪੀ. ਮਨਵਿੰਦਰ ਸਿੰਘ ਨੇ ਬੀਤੇ ਦਿਨ ਸਿਵਲ ਹਸਪਤਾਲ ਜਾ ਕੇ ਸਿਵਲ ਹਸਪਤਾਲ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਆਈਸੋਲੇਸ਼ਨ ਵਾਰਡ ਚੈੱਕ ਕੀਤੇ।

ਇਹ ਵੀ ਪੜ੍ਹੋ: ਕਰਫਿਊ ਦੌਰਾਨ ਜਲੰਧਰ 'ਚ ਵੱਡੀ ਵਾਰਦਾਤ, ਪੁਲਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ

ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਆਈਸੋਲੇਸ਼ਨ ਵਾਰਡ 'ਚ ਉਨ੍ਹਾਂ ਕੋਲ 2 ਵੈਨਟੀਲੇਟਰ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਰਡ ਤੋਂ ਇਲਾਵਾ ਹਸਪਤਾਲ 'ਚ ਡਲਿਵਰੀ ਕੇਸ, ਡਾਇਲਸਿਸ ਦਾ ਕੰਮ ਅਤੇ ਹੋਰ ਰੋਜ਼ਾਨਾ ਦੇ ਚੈੱਕਅਪ ਵੀ ਆਮ ਦੀ ਤਰ੍ਹਾਂ ਚਾਲੂ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਮਰੀਜ਼ ਲੋੜ ਪੈਣ 'ਤੇ ਇਨ੍ਹਾਂ ਸਹੂਲਤਾਂ ਦਾ ਲਾਭ ਲੈ ਸਕਦਾ ਹੈ।
ਸ਼ਹਿਰ ਵਾਸੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ : ਐੱਸ. ਐੱਚ. ਓ. ਬਰਾੜ
ਸਿਟੀ ਪੁਲਸ ਨੇ ਕਰਮਚਾਰੀਆਂ ਦੇ ਬੈਠਣ ਲਈ ਕੀਤਾ 9 ਬੂਥਾਂ ਦਾ ਪ੍ਰਬੰਧ

ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਏ ਕਰਫਿਊ ਦੌਰਾਨ ਫਗਵਾੜਾ ਪੁਲਸ ਨੇ ਹੁਣ ਪੂਰੀ ਤਰ੍ਹਾਂ ਸ਼ਹਿਰ ਨੂੰ ਸੀਲ ਕੀਤਾ ਹੋਇਆ ਹੈ ਅਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਨਜ਼ਰ ਆ ਰਹੇ ਹਨ। ਪੰਜਾਬ ਪੁਲਸ ਦੇ ਕਰਮਚਾਰੀ ਜੋ ਸੜਕਾਂ 'ਤੇ ਡਿਊਟੀਆਂ ਕਰ ਰਹੇ ਹਨ, ਇਨ੍ਹਾਂ ਦੇ ਯੋਗ ਢੰਗ ਨਾਲ ਡਿਊਟੀ ਕਰਨ ਲਈ ਥਾਣਾ ਸਿਟੀ ਦੇ ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਨੇ ਇਨ੍ਹਾਂ ਲਈ ਟੈਂਟ ਲਗਵਾ ਕੇ ਬੂਥ ਬਣਵਾ ਦਿੱਤੇ ਹਨ।

ਇਹ ਵੀ ਪੜ੍ਹੋ: ਸਿਹਤ ਮੰਤਰੀ ਨੇ ਮੰਨਿਆ, ਭਾਈ ਨਿਰਮਲ ਸਿੰਘ ਦੇ ਮੁੱਢਲੇ ਇਲਾਜ 'ਚ ਹੋਈ ਸੀ ਕੋਤਾਹੀ

ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰ 'ਚ 9 ਬੂਥ ਬਣਾ ਕੇ ਇਨ੍ਹਾਂ 'ਚ ਟੇਬਲ ਤੇ ਕੁਰਸੀਆਂ ਦਾ ਪ੍ਰਬੰਧ ਕਰ ਦਿੱਤਾ ਹੈ ਤਾਂ ਜੋ ਧੁੱਪ ਅਤੇ ਖਰਾਬ ਮੌਸਮ ਦੌਰਾਨ ਕਰਮਚਾਰੀ ਇਕ ਥਾਂ ਬੈਠ ਕੇ ਆਪਣੀ ਡਿਊਟੀ ਕਰ ਸਕਣ। ਉਨ੍ਹਾਂ ਦੱਸਿਆ ਕਿ ਪੁਲਸ ਕਰਮੀਆਂ ਨੂੰ ਡਿਊਟੀ ਕਰਨ ਲਈ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਵੱਲੋਂ ਇਹ ਬੂਥ ਬਣਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਅਤੇ ਪੁਲਸ ਪ੍ਰਸ਼ਾਸਨ ਇਸ ਔਖੀ ਘੜੀ 'ਚ ਉਨ੍ਹਾਂ ਦੀ ਮਦਦ ਲਈ ਡਟ ਕੇ ਖੜ੍ਹਾ ਹੈ।

ਬੈਂਕਾਂ ਬਾਹਰ ਲੱਗੀਆਂ ਲੰਬੀਆਂ ਲਾਈਨਾਂ ਨੇ ਯਾਦ ਕਰਵਾਏ 'ਨੋਟਬੰਦੀ' ਦੇ ਦਿਨ
ਕਰਫਿਊ ਦੌਰਾਨ ਬੈਂਕਾਂ ਦੇ ਖੁਲ੍ਹਣ ਨਾਲ ਲੋਕਾਂ ਨੇ ਕਾਫੀ ਸੁੱਖ ਦਾ ਸਾਹ ਲਿਆ ਅਤੇ ਬੈਂਕਾਂ ਦੇ ਬਾਹਰ ਬਹੁਤ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਕਈ ਬੈਂਕਾਂ ਦੇ ਬਾਹਰ ਤਾਂ ਇਹ ਲਾਈਨਾਂ 100-150 ਫੁੱਟ ਬਾਹਰ ਤਕ ਲੱਗੀਆਂ ਨਜ਼ਰ ਆ ਰਹੀਆਂ ਸਨ। ਬੈਂਕਾਂ ਦੇ ਬਾਹਰ ਇੰਨੀਆਂ ਲੰਬੀਆਂ ਲਾਈਨਾਂ ਦੇਖ ਕੇ ਸਭ ਨੂੰ 'ਨੋਟਬੰਦੀ' ਵਾਲੇ ਹਾਲਾਤ ਯਾਦ ਆ ਗਏ। ਬੇਸ਼ੱਕ ਲੋਕਾਂ ਵੱਲੋਂ ਕੋਰੋਨਾ ਵਾਇਰਸ ਤੋਂ ਬੱਚਣ ਲਈ ਇਕ ਦੂਸਰੇ ਤੋਂ ਸਮਾਜਿਕ ਦੂਰੀ ਬਣਾਈ ਜਾ ਰਹੀ ਹੈ ਪਰ ਫਿਰ ਵੀ ਬੈਂਕਾਂ ਦੇ ਬਾਹਰ ਲੋਕਾਂ ਦੀ ਭੀੜ ਨਜ਼ਰ ਆਈ।

ਇਹ ਵੀ ਪੜ੍ਹੋ: ਕੈਪਟਨ ਵੱਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ

ਮੰਡੀ 'ਚ ਖੁਦ ਡਟੇ ਰਹੇ ਐੱਸ. ਡੀ. ਐੱਮ.
ਐਤਵਾਰ ਦੀ ਛੁੱਟੀ ਤੋਂ ਬਾਅਦ ਸੋਮਵਾਰ ਨੂੰ ਜਿਉਂ ਹੀ ਮੰਡੀ ਖੁੱਲ੍ਹੀ ਤਾਂ ਕਾਫੀ ਭੀੜ ਦੇਖਣ ਨੂੰ ਮਿਲੀ ਅਤੇ ਐੱਸ. ਡੀ. ਐੱਮ. ਗੁਰਵਿੰਦਰ ਸਿੰਘ ਜੌਹਲ ਇਸ ਮੌਕੇ ਮੰਡੀ 'ਚ ਖੁਦ ਰੇਟਾਂ 'ਤੇ ਨਜ਼ਰ ਰੱਖ ਰਹੇ ਸਨ ਤਾਂ ਜੋ ਲੋਕਾਂ ਨੂੰ ਭਾਅ ਸਿਰ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਸਕਣ। ਐੱਸ. ਡੀ. ਐੱਮ. ਨੇ ਦੱਸਿਆ ਕਿ ਮੰਡੀ 'ਚ ਕਿਸੇ ਵੀ ਤਰ੍ਹਾਂ ਦੀ ਕਾਲਾ ਬਾਜ਼ਾਰੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਮੰਡੀ 'ਚ ਮੌਜੂਦ ਹਨ ਅਤੇ ਜੇਕਰ ਕੋਈ ਵੀ ਕਾਲਾ ਬਾਜ਼ਾਰੀ ਕਰਦਾ ਹੈ ਤਾਂ ਇਸ ਦੀ ਤੁਰੰਤ ਸੂਚਨਾ ਉਨ੍ਹਾਂ ਨੂੰ ਦਿੱਤੀ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕੋਰੋਨਾ ਤੋਂ ਬਚਣ ਲਈ ਹੁਸ਼ਿਆਰਪੁਰ ਦੇ 1163 ਪਿੰਡਾਂ ਨੇ ਅਪਣਾਇਆ ਇਹ ਉਪਰਾਲਾ

ਇਹ ਵੀ ਪੜ੍ਹੋ: ਕਰਫਿਊ ਦੌਰਾਨ ਲੋੜਵੰਦਾਂ ਦੀਆਂ ਫਰਮਾਇਸ਼ਾਂ ਸੁਣ ਸਮਾਜ ਸੇਵੀ ਸੰਸਥਾਵਾਂ ਵੀ ਹੋਈਆਂ ਹੈਰਾਨ

shivani attri

This news is Content Editor shivani attri