ਜਲੰਧਰ 'ਚ ਕਰਫਿਊ ਦੌਰਾਨ ਮੇਲੇ ਵਰਗੇ ਹਾਲਾਤ, ਲੋਕਾਂ ਨੂੰ ਕੋਰੋਨਾ ਦਾ ਕੋਈ ਡਰ ਨਹੀਂ (ਤਸਵੀਰਾਂ)

03/31/2020 10:47:49 AM

ਜਲੰਧਰ (ਪੁਨੀਤ)— ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਲਈ ਕਰਫਿਊ 'ਚ ਦਵਾਈਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਮਨਜ਼ੁਰੀ ਦਿੱਤੀ ਗਈ ਹੈ ਪਰ ਇੰਝ ਜਾਪਦਾ ਹੈ ਕਿ ਵੱਡੀ ਗਿਣਤੀ 'ਚ ਲੋਕ ਇਸ ਰਾਹਤ ਨੂੰ ਗਲਤ ਢੰਗ ਨਾਲ ਲੈ ਰਹੇ ਹਨ, ਜੋ ਕਿ ਕਿਸੇ ਖਤਰੇ ਤੋਂ ਘੱਟ ਨਹੀਂ। ਕਰਫਿਊ ਦੌਰਾਨ ਦਵਾਈਆਂ ਦੀ ਖਰੀਦਦਾਰੀ ਦੌਰਾਨ ਦਿਲਕੂਸ਼ਾ ਮਾਰਕੀਟ ਅਤੇ ਆਲੇ-ਦੁਆਲੇ ਦੇ ਇਲਾਕੇ 'ਚ ਮੇਲੇ ਵਰਗੇ ਹਾਲਾਤ ਦੇਖਣ ਨੂੰ ਮਿਲੇ, ਜੋ ਕਿ ਕੋਰੋਨਾ ਨੂੰ ਸੱਦਾ ਦੇਣ ਤੋਂ ਘੱਟ ਨਹੀਂ ਹਨ, ਇਸ ਲਈ ਲੋਕਾਂ ਨੂੰ ਸਮਝਦਾਰੀ ਤੋਂ ਕੰਮ ਲੈਂਦਿਆਂ ਭੀੜ 'ਚ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।


ਮਾਰਕੀਟ 'ਚ ਵੇਖਣ ਵਿਚ ਆ ਰਿਹਾ ਹੈ ਕਿ ਕਈ ਲੋਕ ਬਿਨਾਂ ਕਾਰਣ ਹੀ ਘਰਾਂ ਵਿਚੋਂ ਬਾਹਰ ਨਿਕਲ ਰਹੇ ਹਨ। ਅਜਿਹੇ ਲੋਕਾਂ ਨੂੰ ਕੰਟਰੋਲ ਕਰਨਾ ਪ੍ਰਸ਼ਾਸਨ ਤੇ ਪੁਲਸ ਲਈ ਔਖਾ ਹੋ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਸ ਜਦੋਂ ਸਖਤ ਹੁੰਦੀ ਹੈ ਤਾਂ ਲੋਕ ਇਸ ਨੂੰ ਗਲਤ ਕਹਿੰਦੇ ਹਨ ਪਰ ਲੋਕ ਕੋਰੋਨਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਜੋ ਕਿ ਸਮਾਜ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਗਲੀ-ਮੁਹੱਲਿਆਂ ਵਿਚ ਅਜੇ ਵੀ ਦੂਰੀ ਬਣਾ ਕੇ ਰੱਖਣ ਲਈ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਉਥੇ ਦਵਾਈਆਂ ਆਦਿ ਦੀ ਖਰੀਦਦਾਰੀ ਕਰਦੇ ਸਮੇਂ ਵੀ ਲੋਕ ਸਹੀ ਦੂਰੀ ਨਹੀਂ ਬਣਾਉਂਦੇ। ਦਵਾਈਆਂ ਦੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਗੋਲੇ ਬਣਾਏ ਗਏ ਹਨ ਤਾਂ ਜੋ ਲੋਕ ਦੂਰੀ ਬਣਾ ਕੇ ਰੱਖਣ। ਦੇਖਣ ਵਿਚ ਆਇਆ ਹੈ ਕਿ ਜਿਥੇ ਪੁਲਸ ਤਾਇਨਾਤ ਹੁੰਦੀ ਹੈ ਉਥੇ ਲੋਕ ਗੋਲਿਆਂ ਵਿਚ ਖੜ੍ਹੇ ਹੋ ਰਹੇ ਹਨ ਤੇ ਵਾਰੀ ਸਿਰ ਅੱਗੇ ਵਧ ਰਹੇ ਹਨ ਪਰ ਜਿਥੇ ਪੁਲਸ ਨਹੀਂ ਹੁੰਦੀ ਉਥੇ ਲੋਕ ਮਨਮਰਜ਼ੀ ਕਰਦੇ ਹਨ।


ਜਾਣਕਾਰਾਂ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰ ਸਮਾਜ ਲਈ ਖਤਰਾ ਸਾਬਿਤ ਹੋ ਸਕਦੇ ਹਨ, ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਪ੍ਰਤੀ ਜ਼ਰੂਰੀ ਕਦਮ ਚੁੱਕੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨੂੰ ਆਉਣ ਤੋਂ ਰੋਕਿਆ ਜਾ ਸਕੇ ਕਿਉਂਕਿ ਕੋਰੋਨਾ ਵਾਇਰਸ ਤੋਂ ਦੂਰੀ ਹੀ ਸਭ ਤੋਂ ਵੱਡਾ ਬਚਾਅ ਹੈ।


ਘਰ ਤੋਂ ਪੈਦਲ ਜਾਣ ਦੇ ਨਿਯਮਾਂ ਦੀ ਵੀ ਹੋ ਰਹੀ ਅਣਦੇਖੀ
ਪ੍ਰਸ਼ਾਸਨ ਵੱਲੋਂ ਦਵਾਈਆਂ ਦੀ ਖਰੀਦਦਾਰੀ ਕਰਨ ਲਈ ਜਾਣ ਵਾਲੇ ਲੋਕਾਂ ਲਈ ਨਿਯਮ ਬਣਾਇਆ ਗਿਆ ਹੈ, ਇਸ ਦੇ ਤਹਿਤ ਘਰ ਤੋਂ ਸਿਰਫ ਇਕ ਵਿਅਕਤੀ ਦਵਾਈ ਖਰੀਦਣ ਲਈ ਜਾ ਸਕਦਾ ਹੈ ਤੇ ਉਕਤ ਵਿਅਕਤੀ ਨੂੰ ਪੈਦਲ ਹੀ ਜਾਣਾ ਹੋਵੇਗਾ। ਦਵਾਈ ਲੈਣ ਲਈ ਕਿਸੇ ਵਾਹਨ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਪਰ ਜੋ ਲੋਕ ਵੀ ਦਿਲਕੁਸ਼ਾ ਮਾਰਕੀਟ ਜਾਂ ਹੋਰ ਦਵਾਈ ਦੀਆਂ ਦੁਕਾਨਾਂ 'ਤੇ ਖਰੀਦਦਾਰੀ ਕਰਨ ਲਈ ਜਾ ਰਹੇ ਸਨ ਉਹ ਜਾਂ ਤਾਂ ਦੋਪਹੀਆ ਵਾਹਨਾਂ 'ਤੇ ਨਜ਼ਰ ਆ ਰਹੇ ਸਨ ਜਾਂ ਕਾਰ ਆਦਿ ਿਵਚ ਜੋ ਕਿ ਗਲਤ ਹੈ।


ਅਸ਼ਟਮੀ ਪੂਜਾ ਲਈ ਸਾਮਾਨ ਮਿਲਣ ਵਿਚ ਆ ਰਹੀਆਂ ਮੁਸ਼ਕਲਾਂ
ਬੁੱਧਵਾਰ ਨੂੰ ਅਸ਼ਟਮੀ ਪੂਜਾ ਕਰਨ ਲਈ ਸਾਮਾਨ ਮਿਲਣ ਵਿਚ ਮੁਸ਼ਕਲ ਆ ਰਹੀ ਹੈ। ਲੋਕ ਦੱਸਦੇ ਹਨ ਕਿ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਘਰਾਂ ਦੇ ਕੋਲ ਜਿਨ੍ਹਾਂ ਦੁਕਾਨਦਾਰਾਂ ਦੇ ਨੰਬਰ ਮੁਹੱਈਆ ਕਰਵਾਏ ਗਏ ਹਨ ਉਥੇ ਫੋਨ ਕੀਤਾ ਪਰ ਜ਼ਿਆਦਾਤਰ ਦੁਕਾਨਦਾਰਾਂ ਕੋਲ ਸਾਮਾਨ ਹੀ ਨਹੀਂ ਹੈ। ਉਥੇ ਮੰਦਰ ਦੇ ਬਾਹਰ ਵੀ ਦੁਕਾਨਾਂ ਬੰਦ ਹੋਣ ਕਾਰਣ ਵੀ ਸਾਮਾਨ ਨਹੀਂ ਮਿਲ ਰਿਹਾ।

shivani attri

This news is Content Editor shivani attri