ਹੁਸ਼ਿਆਰਪੁਰ 'ਚ 'ਕੋਰੋਨਾ' ਦਾ ਕਹਿਰ ਜਾਰੀ, ਹੁਣ ਮੁਕੇਰੀਆਂ 'ਚੋਂ ਮਿਲੇ 3 ਨਵੇਂ ਪਾਜ਼ੇਟਿਵ ਕੇਸ

05/24/2020 4:06:09 PM

ਹੁਸ਼ਿਆਰਪੁਰ/ਦਸੂਹਾ/ਮੁਕੇਰੀਆਂ (ਝਾਵਰ, ਘੁੰਮਣ)— ਟਾਂਡਾ ਦੇ ਪਿੰਡ ਨੰਗਲੀ ਜਲਾਲਪੁਰ 'ਚੋਂ ਇਕ ਕੋਰੋਨਾ ਦਾ ਪਾਜ਼ੇਟਿਵ ਕੇਸ ਮਿਲਣ ਤੋਂ ਬਾਅਦ ਹੁਣ ਮੁਕੇਰੀਆਂ ਨੇੜੇ ਪੈਂਦੇ ਪਿੰਡ ਪਾਰਿਕਾ ਵਿਖੇ ਤਿੰਨ ਪਾਜ਼ੇਟਿਵ ਕੇਸ ਪਾਏ ਗਏ ਹਨ। ਇਸ ਦੇ ਨਾਲ ਹੀ ਜ਼ਿਲਾ ਹੁਸ਼ਿਆਰਪੁਰ 'ਚ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦਾ ਅੰਕੜਾ 107 ਤੱਕ ਪਹੁੰਚ ਗਿਆ ਹੈ।

ਐੱਸ. ਐੱਮ. ਓ. ਬੁੱਢਾਬੜ ਜਤਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੇ ਦੋ ਦਿਨ ਪਹਿਲਾਂ ਸੈਂਪਲ ਲਏ ਸਨ। ਪਾਜ਼ੇਟਿਵ ਕੇਸ ਆਉਣ ਵਾਲਿਆਂ 'ਚ ਜਗੀਰ ਕੌਰ ਹਰਦੀਪ ਸਿੰਘ ਅਤੇ ਪਰਮਜੀਤ ਸਿੰਘ ਸ਼ਾਮਲ ਹਨ। ਇਨ੍ਹਾਂ ਨੂੰ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਗਿਆ ਹੈ।

ਇਨ੍ਹਾਂ ਤਿੰਨਾਂ ਦਾ ਸੰਬੰਧ ਵੀ ਟਾਂਡਾ ਵਿਖੇ ਪਿੰਡ ਨੰਗਲੀ ਜਲਾਲਪੁਰ 'ਚ ਕੋਰੋਨਾ ਕਾਰਨ ਮਰੇ ਵਿਅਕਤੀ ਨਾਲ ਦੱਸਿਆ ਜਾ ਰਿਹਾ ਹੈ। ਐੱਸ. ਡੀ. ਐੱਮ. ਮੁਕੇਰੀਆਂ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੂਰੀ ਚੌਕਸੀ ਵਰਤਦੇ ਹੋਏ ਪੂਰੇ ਪਿੰਡ ਨੂੰ ਸੀਲ ਕਰਦਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਤਿੰਨਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਲੇ ਵਿਚ ਕੋਵਿਡ-19 ਸਬੰਧੀ ਸਥਿਤੀ ਬਾਰੇ ਜਾਣਕਾਰੀ ਦਿੰੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੇ ਲਏ ਗਏ ਸੈਂਪਲਾਂ ਵਿਚੋਂ 60 ਸੈਂਪਲਾਂ ਦੀ ਰਿਪੋਰਟ ਅੱਜ ਪ੍ਰਾਪਤ ਹੋ ਗਈ ਹੈ, ਜਿਸ ਵਿਚ 4 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਹੁਣ ਜ਼ਿਲੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 107 ਹੋ ਗਈ ਹੈ, ਜਿਸ ਵਿਚੋਂ 13 ਐਕਟਿਵ ਕੇਸ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 1962 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚ 1634 ਸੈਂਪਲ ਨੈਗੇਟਿਵ ਆਏ ਹਨ ਅਤੇ 192 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 29 ਸੈਂਪਲ ਇਨਵੈਲਿਡ ਪਾਏ ਗਏ ਹਨ।

shivani attri

This news is Content Editor shivani attri