ਕੋਰੋਨਾ ਆਫਤ ਦੇ ਚੱਲਦੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਬਰਨਾਲਾ ਤੇ ਪੱਟੀ ਜੇਲਾਂ ਇਕਾਂਤਵਾਸ ਐਲਾਨੀਆਂ

04/17/2020 7:18:04 PM

ਚੰਡੀਗੜ੍ਹ (ਰਮਨਜੀਤ) : ਕੋਵਿਡ-19 ਸੰਕਟ ਦੇ ਮੱਦੇਨਜ਼ਰ ਸੂਬੇ ਦੀਆਂ ਜੇਲਾਂ 'ਚ ਅਹਿਤਿਹਾਤ ਵਰਤਣ ਲਈ ਪੰਜਾਬ ਸਰਕਾਰ ਨੇ ਅਹਿਮ ਕਦਮ ਚੁੱਕਦਿਆਂ ਬਰਨਾਲਾ ਅਤੇ ਪੱਟੀ ਜੇਲਾਂ ਨੂੰ ਏਕਾਂਤਵਾਸ ਵਜੋਂ ਐਲਾਨ ਦਿੱਤਾ ਹੈ। ਇਹ ਖੁਲਾਸਾ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਨੇ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਰੰਧਾਵਾ ਨੇ ਦੱਸਿਆ ਕਿ ਬਰਨਾਲਾ ਅਤੇ ਪੱਟੀ ਜੇਲਾਂ 'ਚ ਬੰਦ 412 ਕੈਦੀਆਂ ਨੂੰ ਸੂਬੇ ਦੀਆਂ ਹੋਰਨਾਂ ਜੇਲਾਂ 'ਚ ਤਬਦੀਲ ਕਰ ਦਿੱਤਾ ਗਿਆ ਹੈ। ਕੋਈ ਵੀ ਨਵਾਂ ਕੈਦੀ ਏਕਾਂਤਵਾਸ ਐਲਾਨੀਆਂ ਇਨ੍ਹਾਂ ਦੋਵਾਂ ਜੇਲਾਂ 'ਚ ਹੀ ਪਰੀ ਮੈਡੀਕਲ ਜਾਂਚ ਤੋਂ ਬਾਅਦ ਭੇਜਿਆ ਜਾਵੇਗਾ। 

ਉਨ੍ਹਾਂ ਕਿਹਾ ਕਿ ਇਹ ਕਦਮ ਸੂਬੇ ਦੀਆਂ ਜੇਲਾਂ ਨੂੰ ਕੋਰੋਨਾ ਵਾਇਰਸ ਦੇ ਕਿਸੇ ਵੀ ਸੰਭਾਵੀ ਖਤਰੇ ਤੋਂ ਬਚਣ ਲਈ ਅਹਿਤਿਹਾਤ ਵਜੋਂ ਚੁੱਕਿਆ ਗਿਆ ਹੈ। ਜੇਲ ਮੰਤਰੀ ਨੇ ਦੱਸਿਆ ਕਿ ਬਰਨਾਲਾ ਜੇਲ ਦੇ 100 ਕੈਦੀ ਨਵੀਂ ਜੇਲ ਨਾਭਾ ਅਤੇ 202 ਕੈਦੀ ਜ਼ਿਲਾ ਜੇਲ ਬਠਿੰਡਾ ਅਤੇ ਪੱਟੀ ਸਬ ਜੇਲ ਦੇ 110 ਕੈਦੀ ਜ਼ਿਲਾ ਜੇਲ ਸ੍ਰੀ ਮੁਕਤਸਰ ਸਾਹਿਬ ਤਬਦੀਲ ਕਰ ਦਿੱਤੇ ਗਏ ਹਨ। ਇਨ੍ਹਾਂ 412 ਕੈਦੀਆਂ ਨੂੰ ਚੈੱਕਅਪ ਕਰਕੇ ਤਬਦੀਲ ਕੀਤਾ ਗਿਆ ਹੈ। ਹੁਣ ਕੋਈ ਵੀ ਨਵਾਂ ਕੈਦੀ ਦੋਵੇਂ ਜੇਲਾਂ ਨੂੰ ਛੱਡ ਕੇ ਕਿਸੇ ਹੋਰ ਜੇਲ 'ਚ ਨਹੀਂ ਭੇਜਿਆ ਜਾਵੇਗਾ। ਏਕਾਂਤਵਾਸ ਐਲਾਨੀਆ ਬਰਨਾਲਾ ਤੇ ਪੱਟੀ ਜੇਲ 'ਚ ਆਉਣ ਵਾਲੇ ਨਵੇਂ ਕੈਦੀ ਨੂੰ ਕੋਵਿਡ-19 ਪ੍ਰੋਟੋਕਾਲ ਤੇ ਸਿਹਤ ਸਲਾਹਕਾਰੀਆਂ ਅਨੁਸਾਰ ਪੂਰੀ ਤਰ੍ਹਾਂ ਜਾਂਚ ਕਰ ਕੇ ਭੇਜਿਆ ਜਾਵੇਗਾ।

Gurminder Singh

This news is Content Editor Gurminder Singh