ਕੋਰੋਨਾ ਕਹਿਰ : ਪੰਜਾਬ 'ਚ ਹੁਣ ਤੱਕ 91 ਕੇਸ ਆਏ ਸਾਹਮਣੇ, 7 ਮੌਤਾਂ, ਜਾਣੋ ਤਾਜ਼ਾ ਹਾਲਾਤ

04/07/2020 11:28:05 AM

ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਦਿਨੋਂ-ਦਿਨ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਸ ਨੇ ਲੋਕਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 91 ਕੇਸ ਸਾਹਮਣੇ ਆ ਚੁੱਕੇ ਹਨ ਅਤੇ 7 ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਪੰਜਾਬ 'ਚ ਕੋਰੋਨਾ ਵਾਇਰਸ ਦੇ ਇੰਫੈਕਸ਼ਨ ਨੂੰ ਰੋਕਣ ਲਈ ਸਰਕਾਰ ਵਲੋਂ ਲਾਇਆ ਗਿਆ ਕਰਫਿਊ 15ਵੇਂ ਦਿਨ 'ਚ ਪੁੱਜ ਗਿਆ ਹੈ। ਲੋਕ ਆਪਣੇ ਘਰਾਂ 'ਚ ਰਹਿਣ ਲਈ ਮਜ਼ਬੂਰ ਹਨ ਅਤੇ ਜਿਹੜੇ ਲੋਕ ਸਰਕਾਰ ਦੇ ਹੁਕਮਾਂ ਨੂੰ ਨਹੀਂ ਮੰਨ ਰਹੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮੋਗਾ 'ਚ ਕੋਰੋਨਾ ਵਾਇਰਸ ਦੀ ਦਸਤਕ, 22 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ


ਜਾਣੋ ਸੂਬੇ ਦੇ ਤਾਜ਼ਾ ਹਾਲਾਤ
ਸੂਬੇ 'ਚ ਹੁਣ ਤੱਕ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 91 ਤੱਕ ਪੁੱਜ ਗਈ ਹੈ, ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਮਰੀਜ਼ ਮੋਹਾਲੀ ਜ਼ਿਲੇ ਦੇ ਸਾਹਮਣੇ ਆਏ ਹਨ। ਮੰਗਲਵਾਰ ਨੂੰ ਮੋਹਾਲੀ ਜ਼ਿਲੇ 'ਚ ਕੋਰੋਨਾ ਵਾਇਰਸ ਦੇ 7 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ ਮਾਨਸਾ 'ਚ 2 ਕੇਸ ਅਤੇ ਮੋਗਾ 'ਚ ਕੋਰੋਨਾ ਵਾਇਰਸ ਦਾ ਪਹਿਲਾ ਅਤੇ ਪਠਾਨਕੋਟ 'ਚ ਦੂਜਾ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਕੁੱਲ ਮਿਲਾ ਕੇ ਮੋਹਾਲੀ 'ਚ ਕੋਰੋਨਾ ਦੇ 26 ਪਾਜ਼ੇਟਿਵ ਕੇਸ, ਨਵਾਂਸ਼ਹਿਰ 'ਚ 19, ਹੁਸ਼ਿਆਰਪੁਰ 'ਚ 7, ਜਲੰਧਰ 'ਚ 6, ਲੁਧਿਆਣਾ 'ਚ 6, ਅੰਮ੍ਰਿਤਸਰ 'ਚ 10, ਪਟਿਆਲਾ 'ਚ 1, ਰੋਪੜ 'ਚ 3 ਕੇਸ, ਮਾਨਸਾ 'ਚ 5 ਕੇਸ, ਪਠਾਨਕੋਟ 'ਚ 2, ਫਰੀਦਕੋਟ 'ਚ 1, ਬਰਨਾਲਾ 'ਚ 1, ਕਪੂਰਥਲਾ 'ਚ 1, ਫਤਿਹਗੜ੍ਹ ਸਾਹਿਬ 'ਚ 2 ਅਤੇ ਮੋਗਾ 'ਚ ਕੋਰੋਨਾ ਵਾਇਰਸ ਦਾ ਇਕ ਕੇਸ ਸਾਹਮਣੇ ਆ ਚੁੱਕਾ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲੇ 'ਚ 'ਕੋਰੋਨਾ' ਦਾ ਸਭ ਤੋਂ ਵੱਧ ਕਹਿਰ, 7 ਨਵੇਂ ਕੇਸ, 26 'ਤੇ ਪੁੱਜਾ ਅੰਕੜਾ
ਪੰਜਾਬ 'ਚ ਹੁਣ ਤੱਕ 7 ਲੋਕਾਂ ਦੀ ਮੌਤ
ਸਭ ਤੋਂ ਪਹਿਲਾਂ 18 ਮਾਰਚ ਨੂੰ ਨਵਾਂਸ਼ਹਿਰ ਜ਼ਿਲੇ ਦੇ ਪਿੰਡ ਪਠਲਾਵਾ ਦੇ ਬਜ਼ੁਰਗ ਦੀ ਮੌਤ ਹੋਈ, ਜੋ ਬੀਤੇ ਦਿਨੀਂ ਜਰਮਨੀ ਤੋਂ ਵਾਇਆ ਇਟਲੀ ਹੁੰਦਾ ਹੋਇਆ ਆਇਆ ਸੀ। ਦੂਜੀ ਮੌਤ 29 ਮਾਰਚ ਨੂੰ ਨਵਾਂਸ਼ਹਿਰ ਦੇ ਪਾਠੀ ਦੇ ਸੰਪਰਕ 'ਚ ਆਉਣ ਵਾਲੇ ਹੁਸ਼ਿਆਰਪੁਰ ਦੇ ਇਕ ਵਿਅਕਤੀ ਦੀ ਹੋਈ, ਜੋ ਅੰਮ੍ਰਿਤਸਰ 'ਚ ਭਰਤੀ ਸੀ। ਤੀਜੇ ਮਾਮਲੇ 'ਚ 30 ਮਾਰਚ ਨੂੰ ਲੁਧਿਆਣਾ ਦੀ 42 ਸਾਲਾ ਔਰਤ ਦੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਦਮ ਤੋੜ ਦਿੱਤਾ ਹੈ। 31 ਮਾਰਚ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਭਰਤੀ ਮੋਹਾਲੀ ਦੇ 65 ਸਾਲਾ ਬਜ਼ੁਰਗ ਦੀ ਚੌਥੀ ਮੌਤ ਹੋ ਗਈ, ਜਦੋਂ ਕਿ 3 ਅਪ੍ਰੈਲ ਨੂੰ 5ਵੀਂ ਮੌਤ ਅੰਮ੍ਰਿਤਸਰ ਦੇ ਸਾਬਕਾ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਹੋਈ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ ਤੋੜਿਆ। 5 ਅਪ੍ਰੈਲ ਨੂੰ ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ 69 ਸਾਲਾਂ ਦੀ ਔਰਤ ਨੇ ਦਮ ਤੋੜ ਦਿੱਤਾ, ਜੋ ਕਿ ਪੰਜਾਬ 'ਚ ਛੇਵੀਂ ਮੌਤ ਸੀ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਭਰਤੀ ਪਠਾਨਕੋਟ ਜ਼ਿਲੇ ਦੇ ਸੁਜਾਨਪੁਰ ਦੀ 75 ਸਾਲਾ ਔਰਤ ਦੀ ਵੀ ਮੌਤ ਹੋ ਗਈ ਸੀ। ਇਸ ਤਰ੍ਹਾਂ ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 7 ਮੌਤਾਂ ਹੋ ਚੁੱਕੀਆਂ ਹਨ।
ਭਾਰਤ 'ਚ 4281 ਹੋਈ ਪੀੜਤਾਂ ਦੀ ਗਿਣਤੀ, 111 ਮੌਤਾਂ
ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 693 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 4281 ਹੋ ਗਈ ਹੈ। ਸਿਹਤ ਮੰਤਰਾਲੇ ਨੇ ਸੋਮਵਾਰ ਰਾਤ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲੇ ਦੇ ਬੁਲਾਰੇ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਤੋਂ ਸੋਮਵਾਰ ਸ਼ਾਮ ਤੱਕ ਦੇਸ਼ 'ਚ ਕੋਰੋਨਾ ਦੇ 693 ਤੋਂ ਜ਼ਿਆਦਾ ਮਾਮਲੇ ਆਏ ਹਨ ਅਤੇ ਹੁਣ ਤੱਕ ਕੋਰੋਨਾ ਨਾਲ 111 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਇਕ ਪਰਵਾਸੀ ਸਮੇਤ 319 ਲੋਕਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਭਾਰਤ 'ਚ 'ਕੋਰੋਨਾ' ਪਸਾਰ ਰਿਹਾ ਤੇਜ਼ੀ ਨਾਲ ਪੈਰ, 114 ਲੋਕਾਂ ਦੀ ਮੌਤ


 

Babita

This news is Content Editor Babita