ਅੰਮ੍ਰਿਤਸਰ : ਲੋਕ ਨਹੀਂ ਹੋਏ ਜਾਗਰੂਕ ਤਾਂ ਹਰ ਘਰ ਤੱਕ ਪਹੁੰਚੇਗਾ 'ਕੋਰੋਨਾ'

06/09/2020 5:52:45 PM

ਅੰਮ੍ਰਿਤਸਰ (ਦਿਲਜੀਤ ਸ਼ਰਮਾ) : ਕੋਰੋਨਾ ਵਾਇਰਸ ਦਿਨ-ਬ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਇੱਕ ਪਾਸੇ ਸਰਕਾਰ ਢਿੱਲ ਦੇ ਰਹੀ ਹੈ ਤਾਂ ਉਥੇ ਹੀ ਦੂਜੇ ਪਾਸੇ ਇਹ ਮਹਾਮਾਰੀ ਲੋਕਾਂ ਨੂੰ ਆਪਣੀ ਗ੍ਰਿਫਤ 'ਚ ਲੈਂਦੀ ਜਾ ਰਹੀ ਹੈ। ਸੋਮਵਾਰ ਨੂੰ ਹਾਲਤ ਉਸ ਸਮੇਂ ਖੌਫਨਾਕ ਹੋ ਗਏ, ਜਦੋਂ ਪਾਜ਼ੇਟਿਵ ਆਏ 3 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਜਿੱਥੇ ਇੱਕ 8 ਮਹੀਨੇ ਦਾ ਬੱਚਾ ਵੀ ਸ਼ਾਮਲ ਸੀ, ਉਥੇ ਹੀ 18 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹਾਲਤ ਭਿਆਨਕ ਹੋ ਗਈ ਹੈ। ਫਿਲਹਾਲ ਹੁਣ ਜ਼ਿਲ੍ਹੇ 'ਚ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ ਅਤੇ ਮਰੀਜ਼ਾਂ ਦਾ ਆਂਕੜਾ 502 ਹੋ ਗਿਆ ਹੈ। ਜਾਣਕਾਰੀ ਲਈ ਦੱਸਣਾ ਬਣਦਾ ਹੈ ਕਿ ਜ਼ਿਲ੍ਹੇ 'ਚ ਕੋਰੋਨਾ ਵਿਦੇਸ਼ ਤੋਂ ਆਏ ਲੋਕਾਂ ਦੇ ਰਾਹੀਂ ਸ਼ੁਰੂ ਹੋਇਆ ਸੀ ਅਤੇ ਇਸ ਤੋਂ ਬਾਅਦ ਦੇਸ਼ ਦੇ ਦੂਜੇ ਹਿੱਸਿਆਂ 'ਚ ਫਸੇ ਲੋਕਾਂ ਦੀ ਵਾਪਸੀ ਨੇ ਇਸ ਨੂੰ ਹੋਰ ਵਧਾ ਦਿੱਤਾ। ਇਸ ਤੋਂ ਬਾਅਦ ਮਰੀਜ਼ਾਂ ਨੂੰ ਘਰ ਭੇਜਣ ਲਈ ਲਿਆਂਦੀ ਗਈ ਨਵੀਂ ਪਾਲਿਸੀ ਆਉਂਦੇ ਹੀ ਮਹਾਮਾਰੀ ਕੰਮਿਊਨਿਟੀ 'ਚ ਪਹੁੰਚ ਗਈ। ਖੈਰ, ਮਰਨ ਵਾਲਿਆਂ 'ਚ ਇੱਕ ਦਾ ਨਾਂ ਸਤਪਾਲ ਸ਼ਰਮਾ, ਦੂਜੇ ਦਾ ਅਰਜੁਨ ਕੁਮਾਰ ਅਤੇ ਤੀਜਾ ਗੋਪਾਲਪੁਰਾ ਕੱਥੂਨੰਗਲ ਦਾ 8 ਮਹੀਨਿਆਂ ਦਾ ਬੱਚਾ ਸੁਖਦੀਪ ਸਿੰਘ ਦਾ ਨਾਂ ਸ਼ਾਮਲ ਹੈ। 

ਇਹ ਵੀ ਪੜ੍ਹੋ : ਵੱਡੀ ਖਬਰ: ਅੰਮ੍ਰਿਤਸਰ 'ਚ ਕੋਰੋਨਾ ਕਾਰਨ 8 ਮਹੀਨਿਆਂ ਦੇ ਬੱਚੇ ਦੀ ਮੌਤ

ਸਤਪਾਲ ਸ਼ਰਮਾ ਨੂੰ ਐਤਵਾਰ ਨੂੰ ਗੰਭੀਰ ਹਾਲਤ 'ਚ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ ਸੀ। 78 ਸਾਲਾ ਸ਼ਰਮਾ ਕਲੋਨੀ ਵਾਸੀ ਸ਼ਰਮਾ ਸ਼ੂਗਰ ਦੇ ਮਰੀਜ਼ ਸਨ। ਇਸੇ ਤਰ੍ਹਾਂ ਦੂਜੇ ਮ੍ਰਿਤਕ ਅਰੁਣ ਕੁਮਾਰ ਦੀ ਉਮਰ 60 ਸਾਲਾ ਦੱਸੀ ਜਾ ਰਹੀ ਸੀ ਅਤੇ ਉਹ ਵੀ ਸ਼ੂਗਰ ਦੇ ਨਾਲ-ਨਾਲ ਹਾਈਪ੍ਰਟੈਂਸ਼ਨ ਦੇ ਮਰੀਜ਼ ਸਨ। ਇੰਨ੍ਹਾਂ ਨੂੰ 4 ਮਾਰਚ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਆਂਦਾ ਗਿਆ ਸੀ। ਤੀਜਾ ਮ੍ਰਿਤਕ ਸੁਖਦੀਪ ਸਿੰਘ ਨੂੰ ਦੋ ਦਿਨ ਪਹਿਲਾਂ ਇਸ ਦੇ ਪਰਿਵਾਰ ਵਾਲੇ ਸਾਹ ਅਤੇ ਹਾਰਟ ਦੀ ਸਮੱਸਿਆ ਕਾਰਨ ਇਲਾਜ ਕਰਵਾਉਣ ਲਈ ਇੱਥੇ ਲਿਆਏ ਸਨ ਅਤੇ ਜਾਂਚ 'ਚ ਉਹ ਐਤਵਾਰ ਨੂੰ ਪਾਜ਼ਟਿਵ ਆਇਆ ਸੀ, ਉਥੇ ਹੀ ਦੂਜੇ ਪਾਸੇ ਸੋਮਵਾਰ ਨੂੰ ਕੋਰੋਨਾ ਦੇ 18 ਪਾਜ਼ੇਟਿਵ ਮਰੀਜ਼ ਆਏ ਸਨ। ਇਸ 'ਚੋਂ 12 ਕਮਿਊਨਿਟੀ ਦੇ ਹਨ। ਇਸ 'ਚ ਇੱਕ ਸ਼ਰਮਾ ਕਲੋਨੀ, ਇੱਕ ਕਾਜੀਕੋਟ, ਇੱਕ ਸ਼ਾਸਤਰੀ ਨਗਰ, ਇੱਕ ਗੁਰੂ ਹਰ ਰਾਏ ਐਵੀਨਿਊ, ਇੱਕ ਗੇਟ ਹਕੀਮਾ, ਇੱਕ ਲਾਰੈਂਸ ਰੋਡ, ਇੱਕ ਸ਼ਰੀਫਪੁਰਾ, ਇੱਕ ਕਟੜਾ ਖਜ਼ਾਨਾ, ਇੱਕ ਹਾਥੀ ਗੇਟ, ਇੱਕ ਕਟੜਾ ਸ਼ੇਰ ਸਿੰਘ, ਇੱਕ ਹੋਲੀ ਸਿਟੀ, ਇੱਕ ਕਟੜਾ ਦੂਲੋ ਦੇ ਮਰੀਜ ਸ਼ਾਮਲ ਹਨ। ਇਸੇ ਤਰ੍ਹਾਂ ਨਾਲ ਸੰਪਰਕ ਵਾਲੇ 6 ਮਰੀਜ਼ ਹਨ। ਇੰਨ੍ਹਾਂ 'ਚ ਕਟੜਾ ਭਾਈ ਸੰਤ ਸਿੰਘ ਤੋਂ 2, ਕਟੜਾ ਖਜ਼ਾਨਾ ਤੋਂ 2, 1 ਕੋਟ ਹਰਨਾਮ ਦਾਸ ਤੋਂ ਅਤੇ 1 ਗੰਡਾ ਸਿੰਘ ਕਲੋਨੀ ਤੋਂ ਹੈ, ਜਦੋਂ ਕਿ ਇੱਕ ਮਰੀਜ ਦੁਬਈ ਤੋਂ ਆਇਆ ਹੋਇਆ ਪਾਜ਼ੇਟਿਵ ਪਾਇਆ ਗਿਆ ਹੈ। 

ਜ਼ਿਲ੍ਹੇ 'ਚ ਕੁਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 502
ਫਿਲਹਾਲ ਹੁਣ ਤੱਕ ਜ਼ਿਲ੍ਹੇ 'ਚ ਕੁਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 502 ਪਹੁੰਚ ਗਈ ਹੈ। ਇਸ 'ਚੋਂ 363 ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ, ਜਦੋਂ ਕਿ ਹੁਣ 130 ਸਰਗਰਮ ਮਰੀਜ਼ਾਂ ਦਾ ਹਸਪਤਾਲਾਂ 'ਚ ਇਲਾਜ ਜਾਰੀ ਹੈ।  ਇੱਕ ਹੀ ਦਿਨ 'ਚ ਹੋਈਆਂ ਤਿੰਨ ਮੌਤਾਂ ਦੇ ਅੰਕੜਿਆਂ ਕਾਰਨ ਸ਼ਾਸਨ-ਪ੍ਰਸ਼ਾਸਨ ਅਤੇ ਸਿਹਤ ਮਹਿਕਮੇ ਦੇ ਹੱਥ-ਪੈਰ ਫੂਲਣ ਲੱਗੇ ਹਨ, ਉਥੇ ਹੀ ਦੂਜੇ ਪਾਸੇ ਇਸ ਘਟਨਾਵਾਂ ਨੂੰ ਲੈ ਕੇ ਵੀ ਲੋਕ ਗੰਭੀਰ ਨਜ਼ਰ ਨਹੀਂ ਆ ਰਹੇ ਹਨ। ਲੋਕ ਸਮਾਜਿਕ ਦੂਰੀ ਅਤੇ ਮਾਸਕ ਲਾਉਣ ਦੀਆਂ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਕਰ ਰਹੇ ਹਨ। 

ਇਹ ਵੀ ਪੜ੍ਹੋ : ਪਠਾਨਕੋਟ 'ਚ ਕੋਰੋਨਾ ਦਾ ਕਹਿਰ, 3 ਨਵੇਂ ਮਾਮਲਿਆਂ ਦੀ ਪੁਸ਼ਟੀ

ਸਿਵਲ ਸਰਜਨ ਨੇ ਲੋਕਾਂ ਨੂੰ ਕੀਤੀ ਅਪੀਲ 
ਕੋਰੋਨਾ ਨੇ ਭਰਿਆ 16 ਦਿਨਾਂ 'ਚ 25 ਲੱਖ 16 ਹਜ਼ਾਰ 300 ਰੁਪਏ ਤੋਂ ਸਿਹਤ ਵਿਭਾਗ ਦਾ ਖਜਾਨਾ ਕੋਰੋਨਾ ਵਾਇਰਸ ਨੇ ਸਿਹਤ ਮਹਿਕਮੇ ਦਾ ਖਾਲੀ ਖਜਾਨਾ 16 ਦਿਨਾਂ 'ਚ ਭਰ ਦਿੱਤਾ ਹੈ। ਮਹਿਕਮੇ ਵਲੋਂ ਕੋਰੋਨਾ ਸਬੰਧੀ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਤੋਂ ਸਿਰਫ਼ 16 ਦਿਨਾਂ 'ਚ 25 ਲੱਖ 16 ਹਜ਼ਾਰ 300 ਰੁਪਏ ਜੁਰਮਾਨਾ ਕੀਤਾ ਹੈ। ਸਿਹਤ ਮਹਿਕਮੇ ਵਲੋਂ ਇਸ ਸਬੰਧ 'ਚ ਪੁਲਸ ਪ੍ਰਸ਼ਾਸਨ ਨੂੰ ਚਲਾਨ ਬੁੱਕ ਦਿੱਤੀ ਗਈ ਸੀ, ਜਿਸ ਦੇ ਨਾਲ ਪੁਲਸ ਵਲੋਂ ਚਲਾਨ ਕਰਕੇ ਸਿਹਤ ਮਹਿਕਮੇ ਨੂੰ ਪੈਸੇ ਜਮ੍ਹਾ ਕਰਵਾ ਦਿੱਤੇ ਗਏ ਹਨ। ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਸਮਾਜਿਕ ਦੂਰੀ, ਮਾਸਕ ਨਾ ਲਾਉਣਾ, ਇਕਾਂਤਵਾਸ ਦੀ ਉਲੰਘਣਾ ਕਰਨ ਵਾਲਿਆ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰੋ। 

ਕੋਰੋਨਾ ਦੇ ਟੈਸਟ ਦੇ ਬਿਨਾਂ ਨਹੀਂ ਹੋਵੇਗਾ ਹੁਣ ਦੰਦਾਂ ਦਾ ਸਰਕਾਰੀ ਹਸਪਤਾਲਾਂ 'ਚ ਇਲਾਜ 
ਕੋਰੋਨਾ ਵਾਇਰਸ ਦੇ ਟੈਸਟ ਤੋਂ ਬਿਨਾਂ ਹੁਣ ਸਰਕਾਰੀ ਹਸਪਤਾਲਾਂ 'ਚ ਦੰਦਾਂ ਦਾ ਇਲਾਜ ਨਹੀਂ ਹੋਵੇਗਾ। ਸਿਹਤ ਮਹਿਕਮੇ ਦੀ ਡਿਪਟੀ ਡਾਇਰੈਕਟਰ ਡੈਂਟਲ ਡਾ. ਸ਼ਰਨਜੀਤ ਕੌਰ ਸਿੱਧੂ ਨੇ ਦੱਸਿਆ ਕਿ ਮਹਾਮਾਰੀ ਦੌਰਾਨ ਫਰੰਟ ਲਾਈਨ 'ਤੇ ਡੈਂਟਲ ਡਾਕਟਰ ਕੰਮ ਕਰ ਰਹੇ ਹਨ। ਦੰਦਾਂ ਦੇ ਇਲਾਜ ਦੌਰਾਨ ਡਾਕਟਰਾਂ ਨੂੰ ਮਰੀਜ਼ ਦੇ ਮੂੰਹ ਦੇ ਕੋਲ ਜਾ ਕੇ ਕਿੱਤੇ ਬਾਹਰ ਕੰਮ ਕਰਨਾ ਪੈਂਦਾ ਹੈ, ਜਿਸ ਕਾਰਨ ਡਾਕਟਰ ਵੀ ਕੋਰੋਨਾ ਦੀ ਜਕੜ 'ਚ ਆ ਸਕਦੇ ਹਨ। ਮਹਿਕਮੇ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਜੋ ਮਰੀਜ਼ ਕੋਰੋਨਾ ਜਾਂਚ ਕਰਵਾ ਕੇ ਆਵੇਗਾ, ਉਸ ਦੇ ਦੰਦਾਂ ਦਾ ਇਲਾਜ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਨਿਯਮਾਂ ਦੀ ਪਾਲਣਾ ਕਰੋ ਅਤੇ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ 'ਚ ਸਾਥ ਦਿੱਤਾ ਜਾਵੇ।

Anuradha

This news is Content Editor Anuradha