ਕੋਰੋਨਾ ਆਫਤ ਦੇ ਚੱਲਦੇ ਸਿਹਤ ਵਿਭਾਗ ਤੇ ਪੁਲਸ ਮੁਲਾਜ਼ਮਾਂ ਲਈ ਡਾ. ਓਬਰਾਏ ਦੀ ਵੱਡੀ ਪਹਿਲਕਦਮੀ

04/13/2020 6:55:21 PM

ਚੰਡੀਗੜ੍ਹ/ਅੰਮ੍ਰਿਤਸਰ (ਸੰਧੂ) : ਵੱਡੇ ਸੇਵਾ ਕਾਰਜਾਂ ਕਾਰਨ ਪੂਰੀ ਦੁਨੀਆਂ ਅੰਦਰ ਵੱਖਰੀ ਪਛਾਣ ਬਣਾ ਚੁੱਕੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਅੱਜ ਪੀ. ਜੀ.ਆਈ.ਤੋਂ ਇਲਾਵਾ ਜਲੰਧਰ, ਨਵਾਂ ਸ਼ਹਿਰ, ਫਗਵਾੜਾ ਅਤੇ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਵੱਡੀ ਗਿਣਤੀ 'ਚ ਪੀ. ਪੀ. ਈ. ਕਿੱਟਾਂ, ਐੱਨ-95 ਮਾਸਕ ਅਤੇ ਟ੍ਰਿਪਲ ਲੇਅਰ ਸਰਜੀਕਲ ਮਾਸਕ ਭੇਜੇ ਗਏ ਹਨ, ਜਿਸ ਸਦਕਾ ਕੋਰੋਨਾ ਵਾਇਰਸ ਦੀ ਲਾਗ ਤੋਂ ਲੋਕਾਂ ਨੂੰ ਬਚਾਉਣ ਲਈ ਜੂਝ ਰਹੇ ਇਨ੍ਹਾਂ ਜ਼ਿਲਿਆਂ ਦੇ ਸਿਹਤ, ਸਿਵਲ ਤੇ ਪੁਲਸ ਪ੍ਰਸ਼ਾਸਨ ਨੂੰ ਵੱਡੀ ਰਾਹਤ ਮਿਲੇਗੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਆਪਣੇ ਪਹਿਲੇ ਪੜਾਅ ਤਹਿਤ ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਫਗਵਾੜਾ, ਕਪੂਰਥਲਾ ਤੇ ਟਾਂਡਾ ਦੇ ਪ੍ਰਸ਼ਾਸਨ ਨੂੰ ਮੰਗ ਅਨੁਸਾਰ 1000 ਪੀ. ਪੀ. ਈ. ਕਿੱਟਾਂ, 1000 ਐੱਨ-95 ਮਾਸਕ, 5000 ਧੋਣ ਉਪਰੰਤ ਮੁੜ ਵਰਤੋਂ 'ਚ ਆਉਣ ਵਾਲਾ ਸਰਜੀਕਲ ਟ੍ਰਿਪਲ ਲੇਅਰ ਭੇਜੇ ਗਏ ਹਨ ਜਦ ਕਿ ਜਲੰਧਰ ਪੁਲਸ ਪ੍ਰਸ਼ਾਸਨ ਨੂੰ ਦੋ ਬਕਸੇ ਸੈਨੇਟਾਈਜ਼ਰ ਵੀ ਭੇਜਿਆ ਗਿਆ ਹੈ। 

ਇਹ ਵੀ ਪੜ੍ਹੋ : ਹਾੜੀ ਦੇ ਸੀਜ਼ਨ ਦੌਰਾਨ ਕਿਸਾਨਾਂ ਲਈ ਅਹਿਮ ਖਬਰ, ਸਰਕਾਰ ਨੇ ਸਹੂਲਤ ਲਈ ਚੁੱਕਿਆ ਇਹ ਵੱਡਾ ਕਦਮ    

ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਭੇਜਿਆ ਗਿਆ ਇਹ ਸਾਮਾਨ ਸਬੰਧਤ ਜ਼ਿਲਿਆਂ ਦੇ ਸਿਵਲ ਪ੍ਰਸ਼ਾਸਨ ਵੱਲੋਂ ਆਪਣੇ ਖੇਤਰ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਅਤੇ ਕਰਫਿਊ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਪੁਲਸ ਦੇ ਕਰਮਚਾਰੀਆਂ ਨੂੰ ਲੋੜ ਅਨੁਸਾਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਪੀ.ਜੀ.ਆਈ. ਚੰਡੀਗੜ੍ਹ ਦੇ ਕਾਰਡੀਓ ਵਿੰਗ ਦੇ ਮੁਖੀ ਡਾ. ਯਸ਼ਪਾਲ ਹੁਣਾਂ ਦੀ ਮੰਗ 'ਤੇ ਉਨ੍ਹਾਂ ਨੂੰ ਵੀ ਲੋੜੀਂਦਾ ਸਾਮਾਨ ਟਰੱਸਟ ਵੱਲੋਂ ਭੇਜ ਦਿੱਤਾ ਗਿਆ ਹੈ ਜਦ ਕਿ ਬਾਕੀ ਰਹਿੰਦੇ ਜ਼ਿਲਿਆਂ ਅੰਦਰ ਵੀ ਲੋੜੀਂਦਾ ਸਾਰਾ ਸਾਮਾਨ ਬਹੁਤ ਜਲਦ ਪਹੁੰਚ ਜਾਵੇਗਾ।

ਇਹ ਵੀ ਪੜ੍ਹੋ : ਪੁਲਸ ਦੀ ਘੁਰਕੀ ਤੋਂ ਡਰੇ ਵਟਸਐਪ ਗਰੁੱਪਾਂ ਦੇ ਐਡਮਿਨ, ਆਪਣੇ ਤਕ ਸੀਮਤ ਕੀਤੇ ਪੋਸਟ ਪਾਉਣ ਦੇ ਅਧਿਕਾਰ

ਡਾ. ਓਬਰਾਏ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਨਾਲ ਪੈਦਾ ਹੋਏ ਹਾਲਾਤ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਟਰੱਸਟ ਦੇ ਬਜਟ ਵਿਚ ਵਾਧਾ ਕਰਦਿਆਂ ਹੋਇਆਂ ਵੱਡੀ ਰਕਮ ਸਿਹਤ ਤੇ ਪੁਲਸ ਕਰਮਚਾਰੀਆਂ ਲਈ ਲੋੜੀਂਦੇ ਸਾਮਾਨ ਮੁਹੱਈਆ ਕਰਾਉਣ ਤੋਂ ਇਲਾਵਾ ਕਰਫਿਊ ਕਾਰਨ ਬੇਰੁਜ਼ਗਾਰ ਹੋਏ ਦਿਹਾੜੀਦਾਰ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਦੇਣ ਲਈ ਖਰਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਟਰੱਸਟ ਵੱਲੋਂ ਕੀਤੀ ਜਾਣ ਵਾਲੀ ਇਹ ਸਾਰੀ ਸੇਵਾ ਸੂਬੇ ਦੇ ਵੱਖ-ਵੱਖ ਜ਼ਿਲਿਆਂ ਦੇ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਢੁੱਕਵੀਆਂ ਥਾਵਾਂ 'ਤੇ ਹੀ ਕੀਤੀ ਜਾ ਰਹੀ ਹੈ। ਜਿਸ ਲਈ ਟਰੱਸਟ ਦੀਆਂ ਸਮੁੱਚੀਆਂ ਜ਼ਿਲਾ ਇਕਾਈਆਂ ਦੇ ਸੇਵਾਦਾਰ ਵੀ ਆਪਣਾ ਵੱਡਾ ਯੋਗਦਾਨ ਪਾ ਰਹੇ ਹਨ।

ਇਹ ਵੀ ਪੜ੍ਹੋ : ਸਿਹਤ ਵਿਭਾਗ ਦਾ ਐਕਸ਼ਨ, 43 ਟੀਮਾਂ ਵਲੋਂ 17000 ਲੋਕਾਂ ਦੀ ਸਕਰੀਨਿੰਗ

ਡਾ. ਓਬਰਾਏ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਦੀ ਮੰਗ ਅਨੁਸਾਰ ਵੈਂਟੀਲੇਟਰ, ਪੀ. ਪੀ. ਈ., ਕਿੱਟਾਂ, ਐੱਨ-95 ਮਾਸਕ, ਸਰਜੀਕਲ ਟ੍ਰਿਪਲ ਲੇਅਰ ਮਾਸਕ ਤੇ ਹੋਰ ਲੋੜੀਂਦੇ ਜ਼ਰੂਰੀ ਸਮਾਨ ਤੋਂ ਇਲਾਵਾ ਲੋੜਵੰਦਾਂ ਨੂੰ ਰਾਸ਼ਨ ਦੇਣ ਦਾ ਕੰਮ ਆਉਣ ਵਾਲੇ ਸਮੇਂ 'ਚ ਵੀ ਨਿਰੰਤਰ ਜਾਰੀ ਰਹੇਗੀ।

ਇਹ ਵੀ ਪੜ੍ਹੋ : ਪਟਿਆਲਾ ''ਚ ਪਾਜ਼ੀਟਿਵ ਆਏ ਦੂਜੇ ਕੇਸ ਦਾ ''ਜਗ ਬਾਣੀ'' ਕੋਲ ਵੱਡਾ ਖੁਲਾਸਾ    

Gurminder Singh

This news is Content Editor Gurminder Singh