ਪ੍ਰਧਾਨ ਮੰਤਰੀ ਨੇ ਪੰਜਾਬ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਸਰਪੰਚ ਦੀਆਂ ਸਿਫਤਾਂ ਦੇ ਬੰਨ੍ਹੇ ਪੁੱਲ

04/24/2020 9:37:13 PM

ਚੰਡੀਗੜ੍ਹ/ਪਠਾਨਕੋਟ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਿੰਡਾਂ ਦੇ ਸਰਪੰਚਾਂ ਨਾਲ ਕੀਤੀ ਵੀਡੀਓ ਕਾਨਫਰੰਸ ਦੌਰਾਨ ਪੰਜਾਬ ਦੀ ਸਭ ਤੋਂ ਘੱਟ ਉਮਰ ਦੀ ਨੌਜਵਾਨ ਮਹਿਲਾ ਸਰਪੰਚ ਪੱਲਵੀ ਠਾਕੁਰ ਦੀਆਂ ਸਿਫਤਾਂ ਦੇ ਪੁੱਲ ਬੰਨ੍ਹੇ। ਦੱਸਣਯੋਗ ਹੈ ਕਿ ਪੱਲਵੀ ਠਾਕੁਰ ਪਠਾਨਕੋਟ ਜ਼ਿਲੇ ਦੇ ਧਾਰਕਲਾਂ ਬਲਾਕ ਦੇ ਪਿੰਡ ਹਾਰਾ ਦੀ ਸਰਪੰਚ ਹੈ ਅਤੇ ਪੰਜਾਬ ਵਿਚ ਸਭ ਤੋਂ ਘੱਟ ਉਮਰ ਦੀ ਮਹਿਲਾ ਸਰਪੰਚ ਹੈ।

ਪੱਲਵੀ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਕਿਵੇਂ ਪੰਜਾਬ ਵਿਚ ਕਿਸਾਨਾਂ ਲਈ ਮੰਡੀਆਂ ਵਿਚ ਜਿਣਸ ਲਿਆਉਣ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਕੀ ਪੈਮਾਨਾ ਤੈਅ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਚਾਰ ਪਿੰਡਾਂ ਦੀ ਇਕ ਮੰਡੀ ਬਣਾਈ ਗਈ ਹੈ ਤੇ ਕਿਸਾਨ ਹੋਲੋਗ੍ਰਾਮ ਵਾਲੀ ਪਰਚੀ ਲੈ ਕੇ ਹੀ ਮੰਡੀ ਵਿਚ ਜਾ ਸਕਦਾ ਹੈ। ਇਸ ਤੋਂ ਇਲਾਵਾ ਟਰਾਲੀ ਵਿਚ ਸਿਰਫ 50 ਕੁਇੰਟਲ ਕਣਕ ਲਿਜਾ ਸਕਦਾ ਹੈ ਅਤੇ ਟਰੈਕਟਰ ਚਾਲਕ ਦੇ ਨਾਲ ਇਕ ਹੀ ਹੈਲਪਰ ਲਿਜਾਣ ਦੀ ਇਜਾਜ਼ਤ ਹੈ ਅਤੇ ਦੋਵਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ। 

ਮੋਦੀ ਨੇ ਪੱਲਵੀ ਦੀ ਗੱਲ ਸੁਣ ਕੇ ਉਸਦੀ ਤਾਰੀਫ ਕਰਦਿਆਂ ਆਖਿਆ ਕਿ ਉਸਨੇ ਬਹੁਤ ਵਧੀਆ ਢੰਗ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਸਨੇ ਬਹੁਤ ਵਧੀਆ ਤਰੀਕੇ ਨਾਲ ਸੰਕਟ ਵੇਲੇ ਪਿੰਡ ਨੂੰ ਸੰਭਾਲਿਆ ਹੈ ਤੇ ਪਿੰਡ ਵਾਲੇ ਉਸਦਾ ਕਹਿਣਾ ਮੰਨਦੇ ਹਨ। ਉਨ੍ਹਾਂ ਕਿਹਾ ਕਿ ਉਹ ਪੱਲਵੀ ਦੇ ਹੌਂਸਲੇ ਦੀ ਸ਼ਲਾਘਾ ਕਰਦੇ ਹਨ।

ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਖਾਸ ਕਰ ਪੰਜਾਬ ਦੇ ਕਿਸਾਨਾਂ ਨੇ ਕਰੜੀ ਮੁਸ਼ੱਕਤ ਕਰ ਕੇ ਦੇਸ ਦਾ ਅੰਨ ਭੰਡਾਰ ਭਰਿਆ ਹੈ।ਉਨ੍ਹਾਂ ਨੇ ਕਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿੱਤੀ ਦੌਰਾਨ ਕਿਸਾਨਾਂ ਵਲੋਂ ਦੇਸ਼ ਦੇ ਲੋਕਾਂ ਨੂੰ ਖਾਣਾ ਪਹੁੰਚਾਉਣ ਤੋਂ ਇਲਾਵਾ ਦੁੱਧ ਅਤੇ ਫਲ ਪਹੁੰਚਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਧਰਤੀ ਮਾਂ ਨੂੰ ਬਚਾਉਣ ਲਈ ਕਿਸਾਨਾਂ ਨੂੰ ਯੂਰੀਏ ਦੀ ਖਪਤ ਅੱਧੀ ਕਰਨ ਦੀ ਅਪੀਲ ਵੀ ਕੀਤੀ। 

Gurminder Singh

This news is Content Editor Gurminder Singh