ਕੋਰੋਨਾ ਦੀ ਆਫਤ ''ਚ ਇਕ ਹੋਰ ਰਾਹਤ, ਕੋਵਿਡ-19 ਨੂੰ ਮਾਤ ਦੇ ਘਰ ਆਇਆ ਮਾਨਸਾ ਦਾ ਵਿਅਕਤੀ

04/25/2020 8:57:15 PM

ਮਾਨਸਾ (ਸੰਦੀਪ ਮਿੱਤਲ) : ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਮਾਨਸਾ ਜ਼ਿਲੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਕੋਰੋਨਾ ਦਾ ਇਲਾਜ ਕਰਵਾ ਰਹੇ ਇਕ ਹੋਰ ਮਰੀਜ਼ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਉਮਰ 40 ਸਾਲ ਹੈ ਅਤੇ ਇਸ ਵਿਅਕਤੀ ਨੂੰ ਸਿਵਲ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਚਹਿਲ ਨੇ ਦੱਸਿਆ ਕਿ ਇਸ ਤਰ੍ਹਾਂ ਸਿਵਲ ਹਸਪਤਾਲ 'ਚੋਂ ਤੀਜਾ ਕੋਰੋਨਾ ਮਰੀਜ਼ ਤੰਦਰੁਸਤ ਹੋ ਕੇ ਵਾਪਸ ਜਾ ਰਿਹਾ ਹੈ ਅਤੇ ਹੁਣ ਹਸਪਤਾਲ 'ਚ 10 ਕੋਰੋਨਾ ਦੇ ਮਰੀਜ਼ ਰਹਿ ਗਏ ਹਨ, ਜਿਨ੍ਹਾਂ ਦਾ ਮਾਹਿਰ ਡਾਕਟਰਾਂ ਦੀ ਦੇਖ-ਰੇਖ ਹੇਠ ਇਲਾਜ ਚੱਲ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਜਿਸ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਦੀ 14 ਦਿਨਾਂ ਬਾਅਦ ਸੈਂਪਲਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮਰੀਜ਼ ਦੀ ਰਿਪੋਰਟ ਫਿਰ ਤੋਂ ਪਾਜ਼ੇਟਿਵ ਆਈ ਅਤੇ ਦੁਬਾਰਾ ਫਿਰ ਤੋਂ 14 ਦਿਨਾਂ ਬਾਅਦ ਇਨ੍ਹਾਂ ਦੀ ਰਿਪੋਰਟ ਚੈੱਕ ਕਰਨ ਲਈ ਭੇਜੀ ਜਾਵੇਗੀ। ਇਸ ਦੌਰਾਨ ਤੰਦਰੁਸਤ ਹੋਏ ਵਿਅਕਤੀ ਨੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਜ ਦੌਰਾਨ ਉਨ੍ਹਾਂ ਨੂੰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਬਹੁਤ ਸਹਿਯੋਗ ਮਿਲਿਆ ਹੈ।

Gurminder Singh

This news is Content Editor Gurminder Singh