ਨਾਜ਼ੁਕ ਹਾਲਾਤ ''ਚ ਦਿੱਤੀ ਗਈ ਛੋਟ ਕਿਤੇ ਬਣ ਨਾ ਜਾਵੇ ਮੁਸੀਬਤ, ਸਰਕਾਰ ਦੁਬਾਰਾ ਕਰੇ ਵਿਚਾਰ

05/15/2020 7:17:11 PM

ਕਪੂਰਥਲਾ (ਮਹਾਜਨ) : ਕੋਰੋਨਾ ਦੇ ਪ੍ਰਕੋਪ ਤੋਂ ਬਚਾਉਣ ਲਈ ਭਾਵੇਂ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਕੰਮਕਾਜ ਬੰਦ ਰੱਖਣ ਤੋਂ ਬਾਅਦ ਪੇਸ਼ ਆ ਰਹੀਆਂ ਭਾਰੀ ਦਿੱਕਤਾਂ ਨੂੰ ਦੇਖਦੇ ਹੋਏ ਢਿੱਲ ਦੇ ਹੁਕਮ ਜਾਰੀ ਕੀਤੇ ਹਨ ਪਰ ਢਿੱਲ ਦੇ ਹੁਕਮਾਂ ਕਾਰਨ ਪੰਜਾਬ 'ਚ ਵੱਧ ਰਹੇ ਕੋਰੋਨਾ ਸੰਕਰਮਣ ਦੇ ਮਰੀਜ਼ਾਂ ਦੀ ਗਿਣਤੀ ਨਾਲ ਲੋਕਾਂ ਸਮੇਤ ਦੁਕਾਨਦਾਰਾਂ 'ਚ ਡਰ ਦਾ ਮਾਹੌਲ ਹੈ। ਇਹ ਡਰ ਲੋਕਾਂ 'ਚ ਵਧਣਾ ਵੀ ਜਾਇਜ਼ ਹੈ ਕਿਉਂਕਿ ਕੋਰੋਨਾ ਪੀੜਤਾਂ 'ਚ ਨਵੇਂ-ਨਵੇਂ ਲੱਛਣ ਸਾਹਮਣੇ ਆ ਰਹੇ ਹਨ। ਹੁਣ ਤਾਂ ਮਰੀਜ਼ ਨੂੰ ਇਹ ਪਤਾ ਹੀ ਨਹੀ ਚੱਲਦਾ ਕਿ ਉਹ ਇਸ ਬੀਮਾਰੀ ਨਾਲ ਪੀੜਤ ਹਨ ਜਾਂ ਨਹੀ। ਟੈਸਟਿੰਗ ਤੋਂ ਬਾਅਦ ਵੀ ਮਰੀਜ਼ ਨੂੰ ਇਸ ਦੀ ਪੁਸ਼ਟੀ ਹੁੰਦੀ ਹੈ। ਅਜਿਹੇ 'ਚ ਜੇਕਰ ਕੋਈ ਕੋਰੋਨਾ ਪੀੜਤ ਮਰੀਜ਼ ਖੁਲ੍ਹੇਆਮ ਘੁੰਮਦਾ ਹੈ ਤਾਂ ਵੱਡੇ ਪੱਧਰ 'ਤੇ ਕੋਰੋਨਾ ਵਿਸਫੋਟ ਹੋ ਸਕਦਾ ਹੈ। ਅਜਿਹੇ ਨਾਜ਼ੁਕ ਹਾਲਾਤ 'ਚ ਆਏ ਦਿਨ ਸਰਕਾਰ ਵੱਲੋਂ ਢਿੱਲ ਦੇ ਹੁਕਮਾਂ 'ਚ ਬਦਲਾਅ ਕਰਕੇ ਸਮਾਂ ਵਧਾਉਣਾ ਇਸ ਬੀਮਾਰ ਨੂੰ ਵਧਾ ਸਕਦਾ ਹੈ ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਢਿੱਲ ਦੇ ਜਾਰੀ ਹੁਕਮਾਂ 'ਤੇ ਦੁਬਾਰਾ ਵਿਚਾਰ ਕਰੇ ਤਾਂ ਜੋ ਭਵਿੱਖ 'ਚ ਹਾਲਾਤ ਹੋਰ ਖਰਾਬ ਨਾ ਹੋਣ। 

ਦੁਕਾਨਦਾਰ ਸਾਹਿਲ ਕੁਮਾਰ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਪੈਦਾ ਹੋਏ ਮੁਸ਼ਕਿਲ ਹਾਲਾਤ ਤੋਂ ਬਾਅਦ ਸਾਡੀਆਂ ਸਰਕਾਰਾਂ ਨੇ ਤੁਰੰਤ ਇਹਤਿਹਾਤ ਵਰਤਦੇ ਹੋਏ ਸਖਤ ਹੁਕਮ ਜਾਰੀ ਕੀਤੇ ਸਨ ਪਰ ਹੌਲੀ-ਹੌਲੀ ਸਮਾਂ ਬੀਤਣ ਤੋਂ ਬਾਅਦ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਸਰਕਾਰਾਂ ਨੂੰ ਮਜਬੂਰਨ ਢਿੱਲ ਦੇ ਹੁਕਮ ਜਾਰੀ ਕਰਨੇ ਪਏ ਤਾਂ ਜੀਵਨ ਪੱਟਰੀ 'ਤੇ ਦੁਬਾਰਾ ਪਰਤ ਆਏ। ਭਾਵੇਂ ਸਰਕਾਰ ਦੇ ਹੁਕਮਾਂ 'ਤੇ ਜ਼ਿਲਾ ਪ੍ਰਸ਼ਾਸਨ ਨੇ ਕੈਟਾਗਰੀ ਦੇ ਹਿਸਾਬ ਨਾਲ ਦੁਕਾਨਾਂ ਖੋਲ੍ਹਣ ਦੇ ਹੁਕਮ ਦਿੱਤੇ ਹਨ ਪਰ ਵੱਖ-ਵੱਖ ਦਿਨਾਂ 'ਚ ਖੁੱਲਣ ਵਾਲੀਆਂ ਅਲੱਗ-ਅਲੱਗ ਦੁਕਾਨਾਂ ਕਾਰਨ ਲੋਕਾਂ ਨੂੰ ਰੋਜ਼ਾਨਾ ਆਪਣੇ ਕੰਮਕਾਜ ਲਈ ਬਾਜ਼ਾਰਾਂ ਦੇ ਚੱਕਰ ਲਗਾਉਣੇ ਪੈਂਦੇ ਹਨ। ਅਜਿਹੇ 'ਚ ਸਰਕਾਰ ਵੱਲੋਂ ਜਾਰੀ ਸੋਸ਼ਲ ਡਿਸਟੈਂਸ ਤੇ ਘਰ ਬੈਠਣ ਦੇ ਹੁਕਮ ਅਸਫਲ ਸਾਬਤ ਹੁੰਦੇ ਨਜ਼ਰ ਆ ਰਹੇ ਹਨ।

ਦੁਕਾਨਦਾਰ ਵਿਨੈ ਆਨੰਦ ਦਾ ਕਹਿਣਾ ਹੈ ਕਿ ਕੋਰੋਨਾ ਨੇ ਜਿੱਥੇ ਸਮੂਹ ਜਨ ਜੀਵਨ ਨੂੰ ਆਪਣੀ ਲਪੇਟ 'ਚ ਲੈ ਕੇ ਜ਼ਿੰਦਗੀ ਦੇ ਪਹੀਏ ਨੂੰ ਹੌਲੀ ਕਰ ਦਿੱਤਾ ਹੈ ਉੱਥੇ ਹੀ ਸਰਕਾਰਾਂ ਵੱਲੋਂ ਵੀ ਇਨ੍ਹਾਂ ਹਾਲਾਤ 'ਤੇ ਕਾਬੂ ਪਾਉਣ ਲਈ ਪੂਰੀ ਜੱਦੋ ਜਹਿਦ ਕੀਤੀ ਜਾ ਰਹੀ ਹੈ। ਕਪੂਰਥਲਾ ਜ਼ਿਲੇ ਦੀ ਗੱਲ ਕਰੀਏ ਤਾਂ ਜ਼ਿਲੇ Ýਚ ਵੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਭਾਵੇਂ ਇਹ ਸਭ ਮਰੀਜ਼ ਬਾਹਰੀ ਸੂਬਿਆਂ ਤੋਂ ਆਏ ਹਨ ਪਰ ਫਿਰ ਵੀ ਚਿੰਤਾ ਬਰਕਰਾਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਰਫਿਊ 'ਚ ਢਿੱਲ ਦੇ ਸਮੇਂ ਨੂੰ ਵਧਾ ਕੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਕਰ ਦਿੱਤਾ ਹੈ, ਜੋ ਆਉਣ ਵਾਲੇ ਸਮੇਂ 'ਚ ਵੱਡੀ ਮੁਸ਼ਕਿਲ ਖੜ੍ਹੀ ਕਰ ਸਕਦਾ ਹੈ।

Gurminder Singh

This news is Content Editor Gurminder Singh