ਕੋਰੋਨਾ ਵਾਇਰਸ ਦਾ ਕਹਿਰ: ਸੰਕਟ ''ਚ ਮਦਦ ਲਈ ਅੱਗੇ ਆਏ ਓਬਰਾਏ

03/26/2020 6:00:47 PM

ਅੰਮ੍ਰਿਤਸਰ/ਚਮਿਆਰੀ (ਸੰਧੂ)- ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਮਾਜ ਸੇਵਕ ਡਾ.ਐੱਸ.ਪੀ.ਸਿੰਘ ਉਬਰਾਏ ਨੇ ਪੂਰੀ ਦੁਨੀਆ ਅੰਦਰ ਦਹਿਸ਼ਤ ਫੈਲਾਉਣ ਵਾਲੇ ਕੋਰੋਨਾ ਵਾਇਰਸ ਦੀ ਲਾਗ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਜੂਝ ਰਹੇ ਸਿਵਲ ਤੇ ਪੁਲਸ ਪ੍ਰਸ਼ਾਸਨ ਦੀ ਔਖੀ ਘੜੀ 'ਚ ਬਾਂਹ ਫੜਦਿਆਂ ਪੰਜਾਬ ਦੇ ਸਮੂਹ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਸ ਮੁਖੀਆਂ ਰਾਹੀਂ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਣ ਲਈ 40 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।  

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਦਾ ਕਹਿਰ: ਪਟਿਆਲਾ ਜ਼ਿਲੇ ਦੇ ਵਸਨੀਕਾਂ ਲਈ ਹੈਲਪ ਨੰਬਰ ਜਾਰੀ

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਹਿਲੇ ਪੜਾਅ ਤਹਿਤ ਪੰਜਾਬ ਦੇ ਸਮੁੱਚੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਸ ਜ਼ਿਲਿਆਂ ਦੇ ਮੁਖੀਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਰਕਮ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੈਸਿਆਂ ਨਾਲ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀ ਲੋੜਵੰਦ ਦਿਹਾੜੀਦਾਰ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਲਈ ਖਰਚ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਪੈਸੇ ਦੀ ਵਰਤੋਂ ਲਈ ਪ੍ਰਸ਼ਾਸਨ ਟਰੱਸਟ ਦੀ ਸਥਾਨਕ ਜ਼ਿਲਾ ਇਕਾਈ ਨਾਲ ਤਾਲਮੇਲ ਕਰੇਗਾ ਅਤੇ ਪ੍ਰਸ਼ਾਸਨ ਵੱਲੋਂ ਖਰੀਦੇ ਸਾਮਾਨ ਦੀ ਜ਼ਿਲਾ ਇਕਾਈ ਵੱਲੋਂ ਪੁਸ਼ਟੀ ਕਰਨ ਉਪਰੰਤ ਪੈਸੇ ਸਪਲਾਇਰ ਦੇ ਖਾਤੇ 'ਚ ਸਿੱਧੇ ਭੇਜ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ 'ਚ ਮਜੀਠਾ,ਬਟਾਲਾ,ਜਗਰਾਉਂ ਅਤੇ ਖੰਨਾ ਪੁਲਸ ਜ਼ਿਲੇ ਨੂੰ ਵੀ ਸ਼ਾਮਲ ਕੀਤਾ ਜਾਵੇਗਾ ।

ਇਹ ਵੀ ਪੜ੍ਹੋ: ਮਜ਼ਦੂਰਾਂ ਤੇ ਦਿਹਾੜੀਦਾਰਾਂ ਲਈ ਮਜੀਠੀਆ ਦੀ ਮੁੱਖ ਮੰਤਰੀ ਕੈਪਟਨ ਨੂੰ ਅਪੀਲ (ਵੀਡੀਓ)

 ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਲੋੜਵੰਦ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਲਈ 40 ਲੱਖ ਰੁਪਏ ਖਰਚਣ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਡਿਪਟੀ ਕਮਿਸ਼ਨਰਾਂ,ਸਿਵਲ ਸਰਜਨਾਂ ਤੇ ਪੁਲਸ ਮੁਖੀਆਂ ਦੀ ਮੰਗ ਤੇ ਟਰੱਸਟ ਵੱਲੋਂ ਲੋੜ ਅਨੁਸਾਰ ਵੈਂਟੀਲੇਟਰ,ਮਰੀਜ਼ ਦੇ ਸਾਹ ਲੈਣ 'ਚ ਸਹਾਈ ਹੋਣ ਵਾਲੇ ਉਪਕਰਨ, ਸੈਨੀਟਾਈਜ਼ਰ,ਮਾਸਕ ਅਤੇ ਹੋਰ ਲੋੜੀਂਦਾ ਸਾਮਾਨ ਵੀ ਭੇਜਿਆ ਜਾ ਰਿਹਾ ਹੈ, ਜਿਸ ਤਹਿਤ ਲਗਭਗ ਹਰੇਕ ਜ਼ਿਲੇ ਦੇ ਪੁਲਸ ਪ੍ਰਬੰਧਨ ਨੂੰ ਸੈਨੀਟਾਈਜ਼ਰ ਭੇਜ ਦਿੱਤੇ ਗਏ ਹਨ ਤੇ ਹੋਰ ਵੀ ਭੇਜੇ ਜਾ ਰਹੇ ਹਨ। ਇਸ ਤੋਂ ਇਲਾਵਾ ਟਰੱਸਟ ਵੱਲੋਂ ਅੰਮ੍ਰਿਤਸਰ, ਗੁਰਦਾਸਪੁਰ ਤੇ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰਾਂ ਦੀ ਮੰਗ ਤੇ ਟਰੱਸਟ ਵੱਲੋਂ 2-2 ਵੈਂਟੀਲੇਟਰਾਂ ਦੀ ਖਰੀਦ ਦਾ ਆਰਡਰ ਵੀ ਕੀਤਾ ਜਾ ਚੁੱਕਾ ਹੈ,ਜੋ ਬਹੁਤ ਹੀ ਜਲਦ ਸਬੰਧਤ ਜ਼ਿਲਿਆਂ ਅੰਦਰ ਪਹੁੰਚ ਜਾਣਗੇ। ਇਸ ਤੋਂ ਬਿਨਾਂ ਕੁਝ ਜ਼ਿਲ੍ਹਿਆਂ ਅੰਦਰ ਟਰੱਸਟ ਵੱਲੋਂ ਇਨਫਰਾਰੈੱਡ ਥਰਮਾਮੀਟਰ ਵੀ ਭੇਜੇ ਗਏ ਹਨ ਅਤੇ ਸਿਵਲ ਸਰਜਨਾਂ ਵੱਲੋਂ ਮੰਗ ਕਰਨ ਤੇ ਹੋਰ ਵੀ ਭੇਜੇ ਜਾ ਰਹੇ ਹਨ ।

ਇਹ ਵੀ ਪੜ੍ਹੋ: ਜਲੰਧਰ ਪੁੱਜਿਆ ਕੋਰੋਨਾ ਵਾਇਰਸ, 70 ਸਾਲਾ ਔਰਤ ਦਾ ਟੈਸਟ ਪਾਜ਼ੇਟਿਵ

ਉਨ੍ਹਾਂ ਇਹ ਵੀ ਦੱਸਿਆ ਕਿ ਬੇਸ਼ੱਕ ਟਰੱਸਟ ਵੱਲੋਂ ਆਪਣੇ ਸਿਲਾਈ ਕੇਂਦਰਾਂ ਅੰਦਰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਪਰ ਫਿਰ ਵੀ ਟਰੱਸਟ ਦੇ ਸਿਲਾਈ ਅਧਿਆਪਕ ਆਪਣੇ ਘਰਾਂ ਅੰਦਰ ਮਾਸਕ ਤਿਆਰ ਕਰਕੇ ਪ੍ਰਸ਼ਾਸ਼ਨ ਰਾਹੀਂ ਲੋੜਵੰਦ ਲੋਕਾਂ ਤੱਕ ਮੁਫਤ ਪਹੁੰਚਾ ਰਹੇ ਹਨ । ਡਾ.ਐਸ.ਪੀ. ਸਿੰਘ ਓਬਰਾਏ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਸਰਕਾਰ ਤੇ ਪ੍ਰਸ਼ਾਸ਼ਨ ਵੱਲੋਂ ਸਮੇਂ-ਸਮੇਂ 'ਤੇ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ 'ਤੇ ਅਮਲ ਕਰਦਿਆਂ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਇਸ ਨਾਮੁਰਾਦ  ਬੀਮਾਰੀ ਤੋਂ ਬਚਾਅ ਕਰਨ।

Shyna

This news is Content Editor Shyna