ਕੋਰੋਨਾ ਵਾਇਰਸ ਦਾ ਡਰ : ਨਾਨਵੈੱਜ ਦੇ ਸ਼ੌਕੀਨਾਂ ਨੇ ਕੀਤੀ ਚਿਕਨ ਤੋਂ ਤੌਬਾ

03/12/2020 6:32:06 PM

ਜਲੰਧਰ (ਸੋਮਨਾਥ) -  ਕੇਂਦਰ ’ਚ ਮੋਦੀ ਸਰਕਾਰ 2024 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵੇ ਕਰ ਰਹੀ ਹੈ। ਮੌਜੂਦਾ ਸਮੇਂ ’ਚ ਭਾਰਤ ’ਚ ਪੋਲਟਰੀ ਫਾਰਮ ਇੰਡਸਟਰੀ 105000 ਕਰੋੜ ਰੁਪਏ ਹੈ। ਰਿਸਕਚ ਐਂਡ ਮਾਰਕੀਟ ਸੰਗਠਨ ਮੁਤਾਬਕ 16.2 ਫੀਸਦੀ ਕੁਲ ਸਾਲਾਨਾ ਵਾਧਾ ਦਰ ਨਾਲ ਵੱਧ ਰਹੇ ਇਸ ਉਦਯੋਗ ਦੇ 2024 ਤੱਕ 434000 ਕਰੋੜ ਵਧਣ ਦੀ ਆਸ ਪ੍ਰਗਟਾਈ ਜਾ ਰਹੀ ਹੈ ਪਰ ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ’ਚ ਕਾਫੀ ਡਰ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਇਰਸ ਨਾਲ ਇਨਫੈਰਸ਼ਨ ਨਾ ਹੋ ਜਾਵੇ, ਇਸ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਬਚਾਅ ਕਰ ਰਹੇ ਹਨ। ਇਸ ਦਾ ਸਭ ਤੋਂ ਜ਼ਿਆਦਾ ਅਸਰ ਚਿਕਨ ਦੇ ਕਾਰੋਬਾਰ ’ਤੇ ਪਿਆ ਹੈ। ਆਲ ਇੰਡੀਆ ਪੋਲਟਰੀ ਬ੍ਰੀਡਸ ਐਸੋਸੀਏਸ਼ਨ ਮੁਤਾਬਕ ਪੋਲਟਰੀ ਫਾਰਮ ਉਦਯੋਗ ਨਾਲ ਜੁੜੇ ਕਾਰੋਬਾਰੀਆਂ ਨੂੰ ਇਕ ਮਹੀਨੇ ’ਚ 1750 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਉਠਾਉਣਾ ਪਿਆ ਹੈ। ਹਾਲਤ ਇਹ ਹੈ ਕਿ ਬਾਇਲਰ ਮੁਰਗਾ ਖਰੀਦਣ ਵਾਲੇ ਗਾਹਕ ਹੀ ਨਹੀਂ ਮਿਲ ਰਹੇ। ਉਨ੍ਹਾਂ ਦੀਆਂ ਕੀਮਤਾਂ ’ਚ ਭਾਰੀ ਕਮੀ ਆਈ ਹੈ। ਹੋਲੀ ਦੇ ਸੀਜ਼ਨ ਦੌਰਾਨ ਬ੍ਰਾਇਲਰ ਮੁਰਗਾ ਪ੍ਰਤੀ ਕਿਲੋ 90 ਤੋਂ 100 ਰੁਪਏ ਤੱਕ ਦੀ ਦਰ ਨਾਲ ਵਿਕਦਾ ਹੈ, ਜੋ ਮੌਜੂਦਾ ਸਮੇਂ ’ਚ 25 ਰੁਪਏ ਕਿਲੋ ਵਿਕ ਰਿਹਾ ਹੈ ਪਰ ਇਸ ਦੇ ਬਾਵਜੂਦ ਗਾਹਕ ਨਹੀਂ ਹਨ। 

45 ਦਿਨ ਤੱਕ ਮੁਰਗਾ ਵੇਚਣਾ ਜ਼ਰੂਰੀ
ਪੋਲਟਰੀ ਕਾਰੋਬਾਰ ਨਾਲ ਜੁੜੇ ਇਕ ਕਾਰੋਬਾਰੀ ਨੇ ਦੱਸਿਆ ਕਿ ਖਰੀਦਣ ਦੇ 30 ਦਿਨ ਬਾਅਦ ਮੁਰਗਾ ਵੇਚ ਦਿੱਤਾ ਜਾਂਦਾ ਹੈ। 30 ਦਿਨ ਬਾਅਦ ਮੁਰਗਾ ਜ਼ਿਆਦਾ ਫੀਡ ਲੈਣੀ ਸ਼ੁਰ ਕਰ ਦਿੰਦਾ ਹੈ। 45 ਦਿਨ ਦਾ ਹੋਣ ਤੱਕ ਮੁਰਗੇ ਦੇ ਖੰਡ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਉਸ ਨੂੰ ਵੇਚਣਾ ਮੁਸ਼ਕਲ ਹੋ ਜਾਂਦਾ ਹੈ। ਫੀਡ ਜ਼ਿਆਦਾ ਖਾਣ ਕਾਰਨ ਫਾਇਦੇ ਦੀ ਥਾਂ ਕਾਰੋਬਾਰੀ ਨੂੰ ਨੁਕਸਾਨ ਜ਼ਿਆਦਾ ਉਠਾਉਣਾ ਪੈਂਦਾ ਹੈ।

ਪੜ੍ਹੋ ਇਹ ਖਬਰ ਵੀ - ਕੋਰੋਨਾ ਵਾਇਰਸ ਨੇ ਤੋੜਿਆ ਪੋਲਟਰੀ ਉਦਯੋਗ ਦਾ ਲੱਕ, ਮੂਧੇ ਮੂੰਹ ਡਿੱਗੇ ਅੰਡਿਆਂ ਤੇ ਮੁਰਗਿਆਂ ਦੇ ਰੇਟ

ਡਰ ਦੇ ਅੱਗੇ ਅਪੀਲ ਬੇਅਸਰ
ਚਿਕਨ ਖਾਣ ਨਾਲ ਕੋਰੋਨਾ ਵਾਇਰਸ ਨਹੀਂ ਫੈਲਦਾ, ਕੇਂਦਰ ਸਰਕਾਰ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ ਦੀ ਇਸ ਅਪੀਲ ਦੇ ਬਾਵਜੂਦ ਲੋਕ ਚਿਕਨ ਖਾਣ ਤੋਂ ਤੌਬਾ ਕਰਨ ਲੱਗੇ ਹਨ। ਲੋਕਾਂ ਵਲੋਂ ਸੋਸ਼ਲ ਮੀਡੀਆ ’ਤੇ ਆਂਡੇ ਅਤੇ ਪੋਲਟਰੀ ਪ੍ਰੋਡਕਟਸ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਕਾਰਨ ਜਿਥੇ ਨਾਨਵੈੱਜ ਦੇ ਸ਼ੌਕੀਨਾਂ ਨੇ ਤੌਬਾ ਕੀਤੀ ਹੈ, ਉਥੇ ਹੀ ਆਂਡਿਆ ਦੇ ਰੋਟ ਵੀ 3.75-3.30 ਰੁਪਏ ਪ੍ਰਤੀ ਆਂਡੇ ਤੋਂ ਡਿੱਗ ਕੇ 2.60-2.80 ਰੁਪਏ ਤੱਕ ਆ ਗਏ ਹਨ। ਪੋਲਟਰੀ ਪ੍ਰੋਡਕਟਸ ਦੀ ਡਿਮਾਂਡ 50 ਫੀਸਦੀ ਤੱਕ ਡਿੱਗ ਗਈ ਹੈ। ਪੰਜਾਬ, ਹਰਿਆਣਾ, ਦਿੱਲੀ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕਰਨਾਟਕ ’ਚ ਬ੍ਰਾਇਲਰ ਦੇ ਰੇਟ ਕਾਫੀ ਡਿੱਗ ਗਏ ਹਨ। ਪੰਜਾਬ ਦੇ ਜ਼ਿਲਾ ਲੁਧਿਆਣਾ, ਸੰਗਰੂਰ, ਬਰਨਾਲਾ, ਅੰਮ੍ਰਿਤਸਰ ਅਤੇ ਜਲੰਧਰ ’ਚ 90 ਰੁਪਏ ਕਿਲੋ ਵਿਕਣ ਵਾਲਾ ਮੁਰਗਾ 25-30 ਰੁਪਏ ਕਿਲੋ ਵਿਕਣ ਲੱਗਾ ਹੈ। ਇਸ ਦੀਆਂ ਕੀਮਤਾਂ ’ਚ 43 ਤੋਂ 64 ਫੀਸਦੀ ਦੀ ਗਿਰਾਵਟ ਆਈ ਹੈ। ਪੰਜਾਬ ਪੋਲਟਰੀ ਫਾਰਮਸ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਗਰਗ, ਜਿਨ੍ਹਾਂ ਦਾ ਸੰਗਰੂਰ ’ਚ ਆਪਣਾ ਪੋਲਟਰੀ ਫਾਰਮ ਹੈ, ਦੇ ਮੁਤਾਬਕ ਕੋਰੋਨਾ ਵਾਇਰਸ ਕਾਰਣ ਪੋਲਟਰੀ ਫਾਰਮ ਉਦਯੋਗ ਨੂੰ ਕਾਫੀ ਧੱਕਾ ਲੱਗਾ ਹੈ। ਉਨ੍ਹਾਂ ਮੁਤਾਬਕ ਚਿਕਨ ਅਤੇ ਆਂਡੇ ਦਾ ਕਾਰੋਬਾਰ ਕਾਫੀ ਪ੍ਰਭਾਵਿਤ ਹੋਇਆ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਬੀਤੇ ਸਾਲ ਹੜ੍ਹ ਕਾਰਨ ਪੋਲਟਰੀ ਫਾਰਮ ਉਦਯੋਗ ਤਬਾਹ ਹੋ ਗਿਆ ਸੀ। ਪੰਜਾਬ ਤੋਂ ਭਾਰੀ ਮਾਤਰਾ ’ਚ ਚਿਕਨ ਅਤੇ ਆਂਡਿਆਂ ਦੀ ਸਪਲਾਈ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਹੁੰਦੀ ਸੀ ਪਰ ਇਸ ਵਾਇਰਸ ਦੇ ਕਾਰਨ ਕਾਫੀ ਨੁਕਸਾਨ ਉਠਾਉਣਾ ਪੈ ਰਿਹਾ ਹੈ।

ਪੜ੍ਹੋ ਇਹ ਖਬਰ ਵੀ - ਕੋਰੋਨਾ ਦੀ ਦਹਿਸ਼ਤ ਪਰ ਇਨ੍ਹਾਂ ਬਿਮਾਰੀਆਂ ਨਾਲ ਵੀ ਹਰ ਸਾਲ ਮਰਦੇ ਹਨ ਲੋਕ

ਕੋਰੋਨਾ ਵਾਇਰਸ ਨੂੰ ਸਵਾਈਨ ਫਲੂ ਨਾਲ ਜੋੜ ਰਹੇ ਹਨ ਲੋਕ
ਪੋਲਟਰੀ ਫਾਰਮ ਦੇ ਤਬਾਹ ਹੋਣ ਦਾ ਇਤ ਕਾਰਨ ਇਹ ਵੀ ਹੈ ਕਿ ਲੋਕ ਕੋਰੋਨਾ ਵਾਇਰਸ ਨੂੰ ਸਵਾਈਨ ਫਲੂ ਨਾਲ ਜੋੜ ਰਹੇ ਹਨ। ਇਸੇ ਕਾਰਨ ਉਹ ਮੁਰਗਾ ਖਾਣ ਤੋਂ ਪ੍ਰਹੇਜ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਵਾਈਨ ਫਲੂ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ। ਇਸੇ ਕਾਰਨ ਲੱਖਾਂ ਅਪੀਲਾਂ ਕਰਨ ਦੇ ਬਾਵਜੂਦ ਲੋਕਾਂ ਦਾ ਮਨ ਤੋਂ ਡਰ ਦੂਰ ਨਹੀਂ ਹੋ ਰਿਹਾ।

ਸੂਬਾ ਹਿੱਸੇਦਾਰੀ ਫੀਸਦੀ
ਆਂਧਰਾ ਪ੍ਰਦੇਸ਼ 30
ਤਾਮਿਲਨਾਡੂ 15
ਕਰਨਾਟਕ 08
ਪੰਜਾਬ ਅਤੇ ਹਰਿਆਣਾ 14

30 ਫੀਸਦੀ ਤੱਕ ਵੱਧ ਗਏ ਫੀਡ ਦੇ ਰੇਟ
ਅੰਮ੍ਰਿਤਸਰ ਤੋਂ ਪੋਲਟਰੀ ਕਾਰੋਬਾਰ ਨਾਲ ਜੁੜੇ ਜੀ.ਐੱਸ.ਬੇਦੀ ਨੇ ਦੱਸਿਆ ਕਿ ਪੋਲਟਰੀ ਫਾਰਮ ਉਦਯੋਗ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਫੀਡ ਦੇ ਰੇਟ 30 ਫੀਸਦੀ ਤੱਕ ਵਧ ਗਏ ਹਨ, ਜਦਕਿ ਗਾਹਕ ਨਾ ਮਿਲਣ ਕਾਰਨ ਅੰਮ੍ਰਿਤਸਰ ’ਚ ਹੀ 25 ਫੀਸਦੀ ਤੱਕ ਉਦਯੋਗ ਤਬਾਹ ਹੋ ਗਿਆ ਹੈ।
 

rajwinder kaur

This news is Content Editor rajwinder kaur