ਮਾਛੀਵਾੜਾ ''ਚ ਫਿਰ ਕੋਰੋਨਾ ਦੀ ਦਸਤਕ, ਆਪ੍ਰੇਸ਼ਨ ਕਰਾਉਣ ਆਈ ਜਨਾਨੀ ਨਿਕਲੀ ਪਾਜ਼ੇਟਿਵ

07/21/2020 3:23:36 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ’ਚ ਕਾਫ਼ੀ ਦਿਨਾਂ ਬਾਅਦ ਕੋਰੋਨਾ ਨੇ ਫਿਰ ਦਸਤਕ ਦਿੱਤੀ ਹੈ ਅਤੇ ਨੇੜਲੇ ਪਿੰਡ ਜੱਸੋਵਾਲ ਦੀ ਇੱਕ 51 ਸਾਲਾ ਜਨਾਨੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਮਹਿਕਮੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਜਨਾਨੀ ਸੀ. ਐਮ. ਸੀ. ਲੁਧਿਆਣਾ ਵਿਖੇ ਪਿੱਤੇ ਦੀ ਬਿਮਾਰੀ ਸਬੰਧੀ ਦਾਖਲ ਹੋਈ ਸੀ ਅਤੇ ਆਪ੍ਰੇਸ਼ਨ ਤੋਂ ਪਹਿਲਾਂ ਉਸਦਾ ਕਰੋਨਾ ਟੈਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆ ਗਈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਮ. ਓ. ਜਸਪ੍ਰੀਤ ਕੌਰ ਨੇ ਦੱਸਿਆ ਕਿ ਸਿਹਤ ਮਹਿਕਮੇ ਦੀ ਟੀਮ ਵਲੋਂ ਪਿੰਡ ਵਿਖੇ ਜਾ ਕੇ ਕੋਰੋਨਾ ਪਾਜ਼ੇਟਿਵ ਆਈ ਜਨਾਨੀ ਦੇ 4 ਪਰਿਵਾਰਕ ਮੈਂਬਰਾਂ ਦੇ ਨਮੂਨੇ ਲਏ ਗਏ, ਜਿਨ੍ਹਾਂ ਨੂੰ ਫਿਲਹਾਲ ਘਰ 'ਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿਛਲੇ ਜੂਨ ਮਹੀਨੇ ’ਚ ਬਾਹਰਲੇ ਸੂਬਿਆਂ ਤੋਂ ਝੋਨਾ ਲਗਾਉਣ ਆਏ 2 ਪ੍ਰਵਾਸੀ ਮਜ਼ਦੂਰ ਵੀ ਪਾਜ਼ੇਟਿਵ ਆਏ ਸਨ, ਜੋ ਕਿ ਹਸਪਤਾਲ ’ਚ ਇਲਾਜ ਤੋਂ ਬਾਅਦ ਤੰਦਰੁਸਤ ਹੋ ਕੇ ਘਰ ਪਰਤ ਆਏ। ਕਾਫ਼ੀ ਸਮਾਂ ਮਾਛੀਵਾੜਾ ਇਲਾਕੇ 'ਚ ਕੋਈ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ, ਜਿਸ ਕਾਰਨ ਲੋਕ ਬੇਪ੍ਰਵਾਹ ਸਨ ਪਰ ਹੁਣ ਜੱਸੋਵਾਲ ਦੀ ਜਨਾਨੀ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਸਾਵਧਾਨੀ ਵਰਤਣ ਦੀ ਲੋੜ ਹੈ ਤਾਂ ਜੋ ਇਸ ਦਾ ਫੈਲਾਅ ਨਾ ਹੋ ਸਕੇ।  

Babita

This news is Content Editor Babita