ਕੋਰੋਨਾ ਵਾਇਰਸ ਦੀ ਦਹਿਸ਼ਤ ਦਰਮਿਆਨ ਉਮੀਦ ਭਰੀ ਖ਼ਬਰ, ਲੱਖ ਤੋ ਵਧੇਰੇ ਠੀਕ ਹੋਏ ਮਰੀਜ਼

03/23/2020 6:57:11 PM

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਕੋਰੋਨਾ ਵਾਇਰਸ ਦੀ ਦਹਿਸ਼ਤ ਨੇ ਸਮੁੱਚੀ ਦੁਨੀਆਂ ਨੂੰ ਖੌਫਜ਼ਦਾ ਕੀਤਾ ਹੋਇਆ ਹੈ। ਮੌਜੂਦਾ ਸਮੇਂ ਦੌਰਾਨ ਦੁਨੀਆ ਦੇ ਹਰ ਕੋਨੇ ਵਿਚੋਂ ਕੋਰੋਨਾ ਵਾਇਰਸ ਦੇ ਕਹਿਰ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਇਸ ਸਭ ਦੌਰਾਨ ਹੈਰਾਨੀ ਦੀ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਨੂੰ ਕਿਧਰੇ ਵੀ ਰਿਪੋਰਟ ਨਹੀਂ ਕੀਤਾ ਜਾ ਰਿਹਾ, ਜਦਕਿ ਇਸ ਨਾ ਮੁਰਾਦ ਬਿਮਾਰੀ ਦਾ ਮੁਕਾਬਲਾ ਕਰਕੇ ਠੀਕ ਹੋਣ ਵਾਲਿਆਂ ਦੀ ਵੀ ਵੱਡੀ ਗਿਣਤੀ ਹੈ। ਅਮਰੀਕਨ ਵੈੱਬਸਾਈਟ ਵਰਲਡਓਮੀਟਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਜਿੱਥੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 15,315 ਹੈ, ਉੱਥੇ ਹੀ ਇਸ ਬਿਮਾਰੀ ਨਾਲ ਲੜ ਕੇ ਠੀਕ ਹੋਣ ਵਾਲਿਆਂ ਦੀ ਗਿਣਤੀ 1,00 345 ਹੈ। ਇਸ ਨਾਮੁਰਾਦ ਬਿਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਦਰ 87 ਫੀਸਦੀ, ਜਦਕਿ ਇਸਦੇ ਸਾਹਮਣੇ ਹਾਰ ਜਾਣ ਵਾਲੇ ਮਰੀਜ਼ਾਂ ਦੀ ਦਰ ਸਿਰਫ 13 ਫੀਸਦੀ ਹੈ।
ਇਨ੍ਹਾਂ ਰਿਪੋਰਟਾਂ ਮੁਤਾਬਕ ਦੇਖਿਆ ਜਾਵੇ ਤਾਂ ਇਹ ਵਾਇਰਸ ਮਨੁੱਖ ਦੀ ਬਿਮਾਰੀ ਨਾਲ ਲੜਨ ਦੀ ਸ਼ਕਤੀ ਸਾਹਮਣੇ ਵੱਡਾ ਨਹੀਂ ਹੈ ਅਤੇ ਨਾ ਹੀ ਇਹ ਬਿਮਾਰੀ ਪੂਰੀ ਤਰ੍ਹਾਂ ਲਾ-ਇਲਾਜ ਹੈ। ਬਾਵਜੂਦ ਇਸ ਦੇ ਕਿ ਇਸ ਬਿਮਾਰੀ ਦੀ ਕੋਈ ਕਾਰਗਰ ਦਵਾਈ ਵੀ ਸਾਡੇ ਕੋਲ ਨਹੀਂ ਸੀ, ਫਿਰ ਠੀਕ ਹੋਣ ਵਾਲੇ ਮਰੀਜ਼ਾਂ ਦੀ ਵੱਡੀ ਗਿਣਤੀ ਹੈ। ਜਦੋਂ ਤੋਂ ਕੋਰੋਨਾ ਮਹਾਮਾਰੀ ਦਾ ਮਨੁੱਖ ’ਤੇ ਹਮਲਾ ਹੋਇਆ ਸਿਹਤ ਮਾਹਰਾਂ ਨੇ ਅਨੇਕਾਂ ਤਜ਼ਰਬੇ ਕੀਤੇ ਅਤੇ ਵੱਖ-ਵੱਖ ਵਾਇਰਸ ਰੋਕੋ ਦਵਾਈਆਂ ਨਾਲ ਮਰੀਜ਼ਾਂ ਦਾ ਇਲਾਜ ਕਰਨ ਦਾ ਯਤਨ ਕੀਤਾ, ਜਿਸ ਵਿਚ ਉਨ੍ਹਾਂ ਨੂੰ ਕਾਫੀ ਹੱਦ ਤੱਕ ਸਫਲਤਾ ਵੀ ਮਿਲੀ। ਇਸ ਦਰਮਿਆਨ ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਰਾਹਤ ਭਰੀ ਰਿਪੋਰਟ ਪੇਸ਼ ਕੀਤੀ ਹੈ। ਰਿਪੋਰਟ ਮੁਤਾਬਕ ਚੀਨ ‘ਚ ਲਗਪਗ 89 ਪ੍ਰਤੀਸ਼ਤ ਕੋਰੋਨਾਵਾਇਰਸ ਨਾਲ ਪੀੜਤ ਲੋਕ ਠੀਕ ਹੋ ਕੇ ਆਪੋ-ਆਪਣੇ ਘਰਾਂ ਨੂੰ ਚਲੇ ਗਏ ਹਨ। ਇਸ ਸਭ ਦੌਰਾਨ ਫਿਕਰਮੰਦੀ ਵਾਲੀ ਗੱਲ ਸਿਰਫ ਇਹ ਹੈ ਕਿ ਮਾਰਚ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਕਾਫਈ ਵਾਧਾ ਹੋਇਆ ਹੈ। ਇਸ ਦੇ ਨਾਲ-ਨਾਲ ਇਹ ਵੀ ਸੱਚਾਈ ਹੈ ਕਿ ਇਹ ਵਾਇਰਸ ਵਧੇਰੇ ਕਰਕੇ ਵਡੇਰੀ ਉਮਰ ਦੇ ਲੋਕਾਂ ਵੱਧ ਪ੍ਰਭਾਵਿਤ ਕਰ ਰਿਹਾ ਹੈ।
ਇਹ ਵੀ ਹੈ ਰਾਹਤ ਦੀ ਖ਼ਬਰ 
 ਜਿੱਥੇ ਚਾਰੇ ਚੁਫੇਰੇ ਵਾਇਰਸ ਦੀ ਦਹਿਸ਼ਤ ਫੈਲੀ ਹੋਈ ਹੈ, ਉੱਥੇ ਹੀ ਇਸ ਦਰਮਿਆਨ ਇਕ ਰਾਹਤ ਦੀ ਖ਼ਬਰ ਇਹ ਵੀ ਸਾਹਮਣੇ ਆਈ ਹੈ। ਬੀਤੇ ਦਿਨੀਂ ਇਟਲੀ ਦੇ ਸ਼ਹਿਰ ਮਿਲਾਨ ਤੋਂ ਭਾਰਤ ਪਰਤੇ 215 ਲੋਕਾਂ ਦੇ ਟੈਸਟ ਦੀ ਰਿਪੋਰਟ ਨੈਗੇਵਿਟ ਆਈ ਹੈ ਭਾਵ ਇਨ੍ਹਾਂ ਨੂੰ ਕੋਰੋਨਾ ਨਹੀਂ ਹੈ। ਇਹ ਸਾਰੇ ਲੋਕ ਦਿੱਲੀ ਸਥਿਤ ਇੰਡੋ-ਤਿੱਬਤੀ ਬਾਰਡਰ ਪੁਲਸ ਦੇ ਛਾਲਵਾ ਕੈਂਪ ਵਿਚ ਰਹਿ ਰਹੇ ਹਨ। ਇਸ ਗਰੁੱਪ ਵਿਚ 151 ਮਰਦ ਅਤੇ 64 ਔਰਤਾਂ ਹਨ। ਇਨ੍ਹਾਂ ਵਿਚ ਜ਼ਿਆਦਾਤਰ ਸ਼ੱਕੀ ਵਿਦਿਆਰਥੀ ਹਨ। ਇਹ ਪੜ੍ਹਾਈ ਲਈ ਇਟਲੀ ਗਏ ਹੋਏ ਸਨ। ਇਨ੍ਹਾਂ ਸਾਰੇ ਲੋਕਾਂ ਦਾ ਦੂਜਾ ਅਤੇ ਆਖਰੀ ਟੈਸਟ ਹੋਵੇਗਾ, ਜੋ ਕਿ 14ਵੇਂ ਦਿਨ ਕੀਤਾ ਜਾਵੇਗਾ। ਜੇਕਰ ਉਹ ਰਿਪੋਰਟ ਵੀ ਨੈਗੇਟਿਵ ਆਉਂਦੀ ਹੈ ਤਾਂ ਇਹ ਸਾਰੇ 215 ਲੋਕ ਘਰਾਂ ਨੂੰ ਭੇਜ ਦਿੱਤੇ ਜਾਣਗੇ।

ਇਹ ਵੀ ਪੜ੍ਹ :  ਕੀ ਕੋਰੋਨਾ ਵਾਇਰਸ ਨਾਲ ਲੜ ਸਕੇਗੀ ਮਨੁੱਖੀ ਨਸਲ ?

ਇਹ ਵੀ ਪੜ੍ਹ : ਕੋਰੋਨਾ ਵਾਇਰਸ ਦੇ ਨਵੇਂ ਲੱਛਣ ਆਏ ਸਾਹਮਣੇ, ਵਿਗਿਆਨੀ ਵੀ ਹੋਏ ਪਰੇਸ਼ਾਨ

jasbir singh

This news is News Editor jasbir singh