ਕੋਰੋਨਾ ਆਫ਼ਤ ਦੌਰਾਨ ਕੈਪਟਨ ਨੇ ਸਪੱਸ਼ਟ ਕੀਤੀ ਸਥਿਤੀ, ਫਿਲਹਾਲ ਨਹੀਂ ਲੱਗੇਗੀ ਤਾਲਾਬੰਦੀ

06/29/2020 6:50:16 PM

ਚੰਡੀਗੜ੍ਹ : ਪੰਜਾਬ ਵਿਚ ਵੱਧਦੇ ਕੋਵਿਡ-19 ਦੇ ਮਾਮਲਿਆਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਸੂਬੇ ਵਿਚ ਫਿਲਹਾਲ ਤਾਲਾਬੰਦੀ ਨਹੀਂ ਲਗਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਸਥਿਤੀ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਬਿਹਤਰ ਹੈ ਅਤੇ ਇਥੇ ਮੌਤ ਦਰ ਵੀ ਘੱਟ ਹੈ। ਕੈਪਟਨ ਨੇ ਕਿਹਾ ਕਿ ਤਾਲਾਬੰਦੀ 'ਤੇ ਫਿਲਹਾਲ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਅਤੇ ਮਾਹਰਾਂ ਦੀ ਰਾਏ ਤੋਂ ਬਾਅਦ ਹੀ ਇਸ 'ਤੇ ਕੋਈ ਐਲਾਨ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਆਖਿਆ ਕਿ ਕੋਈ ਨਹੀਂ ਜਾਣਦਾ ਕਿ ਕੋਰੋਨਾ ਕਦੋਂ ਜਾਵੇਗਾ ਇਸ ਲਈ ਲੋਕਾਂ ਨੂੰ ਵਧੇਰੇ ਅਹਿਤਿਆਤ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦਾ ਪੀਕ ਅਜੇ ਆਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ `ਚ ਰੋਜ਼ਾਨਾ 150 ਕੋਰੋਨਾ ਦੇ ਕੇਸ ਆ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਹੁਣ ਤਕ 2 ਲੱਖ 90 ਹਜ਼ਾਰ ਟੈਸਟ ਕੀਤੇ ਜਾ ਚੁੱਕੇ ਹਨ। ਜੋ ਕਿ ਨੈਸ਼ਨਲ ਟੈਸਟਿੰਗ ਤੋਂ ਵੱਧ ਹਨ। ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਸਰਕਾਰ ਟੈਸਟਾਂ ਵਿਚ ਤੇਜ਼ੀ ਲਿਆਉਣ ਲਈ ਚਾਰ ਹੋਰ ਲੈਬਾਂ ਦਾ ਨਿਰਮਾਣ ਕਰਨ ਜਾ ਰਹੀ ਹੈ, ਇਸ ਲਈ ਬਕਾਇਦਾ ਫੰਡ ਵੀ ਜਾਰੀ ਕਰ ਦਿੱਤਾ ਗਿਆ ਹੈ, ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਜੁਲਾਈ ਵਿਚ ਇਹ ਚਾਰ ਲੈਬਾਂ ਸ਼ੁਰੂ ਹੋ ਜਾਣਗੀਆਂ ਤਾਂ ਜਾਂਚ ਵਿਚ ਹੋਰ ਤੇਜ਼ੀ ਲਿਆਂਦੀ ਜਾ ਸਕੇ। 

ਕੈਪਟਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਖੰਘ, ਜ਼ੁਕਾਮ, ਬਦਨ ਸਰੀਰ ਵਰਗੀ ਮਾਮੂਲੀ ਸ਼ਿਕਾਇਤ ਵੀ ਹੁੰਦੀ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ। ਉਨ੍ਹਾਂ ਕਿਹਾ ਕਿ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਜਿਸ ਕਾਰਨ ਕੋਵਿਡ-19 ਦੇ ਕੇਸਾਂ ਵਿਚ ਵਾਧਾ ਹੋ ਰਿਹਾ ਹੈ। ਲੋਕ ਅਣਗਹਿਲੀ ਕਾਰਣ ਹਸਪਤਾਲ ਜਾਣ ਵਿਚ ਦੇਰ ਲਗਾ ਦਿੰਦੇ ਹਨ, ਜਿਸ ਕਾਰਣ ਮੌਤ ਦਰ ਵੀ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਦੋਂ ਖ਼ਤਮ ਹੋਵੇਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਇਸ ਲਈ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ।

Gurminder Singh

This news is Content Editor Gurminder Singh