ਕਿਸਾਨ ਵੀਰਾਂ ਲਈ ਅਹਿਮ ਖਬਰ : ਜਾਣਨ ਸੀਡਰ ਡਰਿੱਲ ਨਾਲ ਕਿਵੇਂ ਕਰਨ ਝੋਨੇ ਦੀ ਬਿਜਾਈ

04/21/2020 12:23:54 PM

ਗੁਰਬਿੰਦਰ ਸਿੰਘ ਬਾਜਵਾ

ਇਹ ਸਵਾਲ ਸਾਰੇ ਕਿਸਾਨ ਵੀਰਾਂ ਦੇ ਅੱਗੇ ਖੜ੍ਹਾ ਹੈ ਕਿ ਕੋਰੋਨਾ ਸੰਕਟ ਦੇ ਸਮੇਂ ਝੋਨੇ ਦੀ ਬਿਜਾਈ ਕਿਵੇਂ ਹੋਵੇ। ਦੱਸ ਦੇਈਏ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਵੱਖੋ-ਵੱਖ ਤਰੀਕਿਆਂ ਉਪਰ ਕੰਮ ਚੱਲ ਰਿਹਾ ਸੀ, ਜਿਨ੍ਹਾਂ ’ਚੋਂ ਲੱਕੀ ਡਰਿੱਲ ਇਕ ਹੈ। ਲੱਕੀ ਸੀਡਰ ਡਰਿੱਲ ਨਾਲ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਤੋਂ ਪਹਿਲਾਂ ਕੁਝ ਨੁਕਤੇ ਅਜਿਹੇ ਹਨ, ਜਿਨ੍ਹਾਂ ਦੀ ਮੌਜੂਦਾ ਹਲਾਂਤਾਂ ’ਚ ਜ਼ਰੂਰਤ ਆਣ ਪਈ ਹੈ। ਭਾਰੀਆਂ ਅਤੇ ਦਰਮਿਆਨੀਆਂ ਚੀਕਣੀਆਂ ਜ਼ਮੀਨਾਂ ਇਸ ਕਰਕੇ ਬਹੁਤ ਢੁਕਵੀਆਂ ਹੋ ਗਈਆਂ ਹਨ।

ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ’ਚ ਹੋ ਸਕਦੀ ਹੈ। ਬਾਸਮਤੀ ਜੂਨ ਦੂਜੇ ਹਫਤੇ ਤੋਂ ਆਖਰੀ ਹਫਤੇ ਤੱਕ ਹੋ ਸਕਦੀ ਹੈ। ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਗਾਓ, ਫਿਰ ਤਰ ਵੱਤਰ ’ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਅਤੇ ਕਿਆਰੇ ਪਾ ਲਓ । ਉਸਦੇ ਤੁਰੰਤ ਬਾਅਦ ਡਰਿੱਲ ਨਾਲ ਲਾਈਨ ਤੋਂ ਲਾਈਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨੂੰ ਬਿਜਾਈ ਕਰਦੇ ਆਓ। ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ। ਇਸੇ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਅਦ ਪਾਣੀ ਦਿਓ, ਜਿੰਨੇ ’ਚ ਇਸ ਸਮੇਂ ਤੋਂ ਬਾਅਦ ਬਿਜਾਈ ਹੋ ਸਕੇ।

ਲੱਕੀ ਸੀਡਰ ਡਰਿੱਲ ’ਚ ਲੱਗੇ ਹੋਏ ਦੋ ਸੌ ਲੀਟਰ ਦੀ ਟੈਂਕੀ ’ਚ ਪ੍ਰਤੀ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਦੀ ਵਰਤੋਂ ਕਰਨੀ ਚਾਹੀਦੀ ਹੈ। ਓਰਿਜਨਲ ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ’ਚ ਡੋਬਣਾ ਹੈ ਅਤੇ ਬਾਅਦ ’ਚ ਛਾਂਵੇ ਹੀ ਸੁਕਾਉਣਾ ਹੈ। ਡਰਿੱਲ ’ਚ ਪਾਉਣ ਲਈ ਬੀਜ ਦੀ ਮਾਤਰਾ 8-10 ਕਿਲੋ ਦੇ ਕਰੀਬ ਹੈ। 

ਡਰਿੱਲ ਪਿੱਛੇ ਨਹੀਂ ਚੱਲਣਾ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ। ਝੋਨਾ ਸੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਅਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ। ਖਾਦ ਚਾਰ ਕਿਸ਼ਤਾਂ ’ਚ 130 ਕਿਲੋ ਵਰਾਣੀ ਹੈ। ਡਾਇਆ ਦੀ ਜਰੂਰਤ ਨਹੀਂ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਕ ਪਾਉਣੇ ਹਨ।

ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ ਡੀ.ਐੱਸ.ਆਰ ਡਰਿਲ ਵਰਤ ਲਓ। ਉਸ ਪ੍ਰਕਿਰਿਆਂ ’ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ। ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ। 

ਜੇ ਲੱਕੀ ਸੀਡਰ ਅਤੇ ਡੀ.ਐੱਸ.ਆਰ. ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ’ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇ ਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ। ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ-ਸਾਥੀ ਸਪਰੇਅ ਕਰ ਦਿਓ। ਇਸ ਦੌਰਾਨ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਪੈਲੀ ’ਚ ਪਿਛਲੇ ਸਾਲ, ਜੋ ਬੀਜ ਕਿਸਮ ਬੀਜੀ ਸੀ ਉਸੇ ਬੀਜ ਨੂੰ ਪਹਿਲ ਦਿਓ। ਅਜਿਹਾ ਕਰਨ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ। ਜੇਕਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾਉਣ ਤੋਂ ਬਾਅਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉੱਗਣ ਦਾ ਮੌਕਾ ਦੇ ਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ। 

ਕੁਝ ਜ਼ਮੀਨਾਂ ਵਿਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ, ਜੋ ਅਸਲ ਕਿਸਮ ਨੂੰ ਨੱਪ ਲੈਂਦਾ ਹੈ। ਇਸ ਦਾ ਕੋਈ ਇਲਾਜ ਨਹੀਂ, ਇਸੇ ਕਰਕੇ ਇਸ ਨੂੰ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ, ਉਗਾ ਕੇ ਨਸ਼ਟ ਕਰਨਾ ਪਵੇਗਾ। ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਅਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ, ਬੀਜਾਂ, ਵਾਇਰਸਾਂ ਨੂੰ ਸਖਤ ਧੁੱਪ (ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ। 
ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸ ਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ,ਉਸ ਨੂੰ ਇਹ ਕਣਕ ਬੀਜਣ ਵਾਂਗ ਹੀ ਆਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ। ਇਸ ਨਾਲ ਲੇਬਰ ਤੋਂ ਛੁਟਕਾਰਾ ਮਿਲ ਜਾਵੇਗਾ ਅਤੇ ਤੂੜੀ ਬਣਾਉਣ ਤੋਂ ਬਾਅਦ ਅੱਗ ਲਾਉਣ ਦੀ ਜਰੂਰਤ ਨਹੀਂ ਪਵੇਗੀ।

ਆਪਣੇ ਘਰ ਵਿਚ ਮੌਜੂਦ ਜ਼ੀਰੋ ਡਰਿੱਲ ਅਤੇ ਹੈਪੀਸੀਡਰ ਡਰਿੱਲਾਂ ਦੀ ਮੋਡੀਫਿਕੇਸ਼ਨ ਕਰਵਾ ਕੇ ਵੀ ਝੋਨੇ ਦੀ ਬਿਜਾਈ ਕੀਤੀ ਜਾ ਸਕਦੀ ਹੈ। ਕਿਸਾਨ ਵੀਰੋ ਅੱਜ ਨਹੀਂ ਤਾਂ ਕੱਲ ਸਾਨੂੰ ਇਸ ਪਾਸੇ ਤੁਰਨਾ ਹੀ ਪੈਣਾ ਹੈ, ਕਿਉਂਕਿ ਜਦ ਤੱਕ ਸਰਕਾਰ MSP ਦੇ ਰਹੀ ਹੈ, ਉਦੋਂ ਤੱਕ ਝੋਨਾ ਲਾਉਣਾ ਕਿਸਾਨ ਦੀ ਮਜ਼ਬੂਰੀ ਹੈ ਪਰ ਆਪਣਾ ਪਾਣੀ ਅਤੇ ਸਾਧਨ ਬਚਾਉਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। 

ਕੱਦੂ ’ਚੋਂ ਨਿਕਲਿਆਂ ਸਾਡੀਆਂ ਹੋਰ ਫਸਲਾਂ ਦੀ ਕੁਆਲਿਟੀ ਅਤੇ ਜੀਵਣ ਚੱਕਰ ਉੱਤੇ ਸਾਰਥਿਕ ਪ੍ਰਭਾਵ ਪਏਗਾ, ਨਾਲੇ ਵਾਧੂ ਦੀਆਂ ਖਾਂਦਾ ਅਤੇ ਜ਼ਹਿਰੀਲੀਆਂ ਦਵਾਈਆਂ ਤੋਂ ਬਚਾਅ ਅਤੇ ਬੱਚਤ ਹੋਵੇਗੀ। ਖਾਦਾਂ ਦਵਾਈਆਂ ਵਾਲੀਆਂ ਕੰਪਨੀਆਂ ਅਤੇ ਉਨ੍ਹਾਂ ਦੁਆਰਾ ਫੰਡਿਡ ਮਾਹਿਰਾਂ ਨੇ ਤੁਹਾਨੂੰ ਇਸ ਕੁਚੱਕਰ ’ਚੋਂ ਛੇਤੀ ਨਿਕਲਣ ਨਹੀਂ ਦੇਣਾ। ਇਸ ਕਰਕੇ ਇਸ ਵਾਰ ਭਾਂਵੇ ਥੋੜੀ ਜਗਾ ’ਚ ਉਪਰੋਕਤ ਸਿੱਧੀ ਬਿਜਾਈ ਦਾ ਤਜ਼ਰਬਾ ਕਰਕੇ ਜਰੂਰ ਵੇਖ ਲਓ। ਇਹ ਪ੍ਰਕਿਰਿਆ ਤੁਹਾਨੂੰ ਭਵਿੱਖ ਲਈ ਤਿਆਰ ਹੋਣ ’ਚ ਸਹਾਈ ਹੋਵੇਗੀ। 

ਕੱਦੂ ਅਤੇ ਹੁੰਮਸ ਨਾ ਹੋਣ ਕਰਕੇ ਜ਼ਮੀਨ ਭੁਰਭੁਰੀ ਅਤੇ ਹਵਾਦਾਰ ਰਹਿੰਦੀ ਹੈ। ਜੜ ਜ਼ਿਆਦਾ ਫੈਲਦੀ ਹੈ ਅਤੇ ਫਸਲ ਨੂੰ ਜਰੂਰਤ ਪੈਣ ’ਤੇ ਕਿਸੇ ਵੀ ਕਮੀ ਦੀ ਭਰਪਾਈ ਸਪਰੇਅ ਦੁਆਰਾ ਕੀਤੀ ਜਾ ਸਕਦੀ ਹੈ। ਵੇਸਟ ਡੀਕੰਪੋਜ਼ਰ, ਫਟਕੜੀ, ਹਿੰਗ, ਨਿੰਮ, ਗੁੜ ਜਲ ਅੰਮ੍ਰਿਤ, ਕਾਲਾ ਲੂਣ, ਗਾਰਬੇਜ਼ ਐੱਨਜ਼ਾਈਮ, ਪੁਰਾਣੀ ਖੱਟੀ ਲੱਸੀ ਅਤੇ ਸਰੋਂ ਖਲ ਦਾ ਵਧੀਆ ਇਸਤੇਮਾਲ ਹੋ ਸਕਦਾ ਹੈ। ਫਾਲਤੂ ਦੇ ਉੱਲੀਨਾਸ਼ਕ, ਕੀਟਨਾਸ਼ਕ ਜ਼ਹਿਰਾਂ ਅਤੇ ਗਰੋਥ ਪ੍ਰਮੋਟਰਾਂ ਦੀ ਮਹਿੰਗੀ ਵਰਤੋਂ ਤੋਂ ਬਚਿਆ ਜਾ ਸਕਦਾ ਹੈ। ਜੇਕਰ ਤੁਹਾਡੇ ਕੋਲ ਲੇਬਰ ਹੈ ਤਾਂ ਫਿਰ ਡਾ.ਦਲੇਰ ਸਿੰਘ ਵਾਲੀ ਵੱਟਾਂ ਉਪਰ ਝੋਨੇ ਦੀ ਬਿਜਾਈ ਵਾਲੀ ਵਿਧੀ ਨੂੰ ਅਪਣਾ ਕੇ ਬਿਜਾਈ ਕੀਤੀ ਜਾ ਸਕਦੀ ਹੈ। ਸਿਆੜ ਕੱਢ ਕੇ ਪਹਿਲੇ ਦਿਨ ਪਾਣੀ ਰੇਅ ਤੱਕ ਲਗਾਉਣਾ ਹੈ ਫਿਰ ਅਗਲੇ ਦਿਨ ਪਾਣੀ ਛੱਡ ਕੇ ਪੰਦਰਾਂ ਦਿਨ ਦੀ ਪਨੀਰੀ ਵੱਟਾਂ ਉੱਪਰ ਲਗਾ ਕਿ ਅਗਾਂਊ ਨਦੀਨ ਨਾਸ਼ਕ (ਪ੍ਰਟੀਲਾਕਲੋਰ+ਸਾਥੀ) ਦੀ ਸਪਰੇਅ ਕੀਤੀ ਜਾ ਸਕਦੀ ਹੈ। ਉਪਰੋਕਤ ਸਾਰੀਆਂ ਜਾਣਕਾਰੀਆਂ ਸਾਡੇ ਕਿਸਾਨ ਗਰੁੱਪ ਦੇ ਗੁਰਦਾਸਪੁਰ, ਅੰਮ੍ਰਤਿਸਰ, ਤਰਨਤਾਰਨ, ਮੋਗਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਬਠਿੰਡਾ, ਲੁਧਿਆਣਾ, ਸੰਗਰੂਰ, ਪਟਿਆਲਾ ਆਦਿ ਜ਼ਿਲਿਆਂ ’ਚ ਬੈਠੇ ਕਿਸਾਨ ਮੈਬਰਾਂ ਦੇ ਤਜ਼ਰਬਿਆਂ ’ਤੇ ਆਧਾਰਿਤ ਹੈ।

‘‘ਜਬ ਲਗ ਦੁਨੀਆ ਰਹੀਐ ਨਾਨਕ..

ਕੁਛ ਸੁਣੀਐ ਕੁਛ ਕਹੀਐ..’’

ਦੇ ਗੁਰ ਸੰਦੇਸ਼ ਮੁਤਾਬਕ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਮਨ ਕੀਤਾ ਹੈ। ਉਮੀਦ ਹੈ ਕਿ ਕਿਸਾਨ ਵੀਰਾਂ ਨੂੰ ਸਮਝ ਆਏਗੀ, ਜ਼ਿਆਦਾ ਜਾਣਕਾਰੀ ਲਈ ਆਪਣੇ ਨਜ਼ਦੀਕ ਖੇਤੀ ਦਫਤਰ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਿਰ ਜਿਹੜੇ ਕਿਸਾਨ ਵੀਰ ਪਹਿਲਾਂ ਤੋਂ ਇਹ ਵਿਧੀ ਅਪਣਾ ਰਹੇ ਹਨ। ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ। ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਾਰੇ ਕਿਸਾਨ ਵੀਰਾਂ ਦੇ ਇਲਾਕੇ ਅਤੇ ਸੰਪਰਕ ਨੰਬਰ ਦਿੱਤੇ ਜਾਣ। ਕ੍ਰਿਪਾ ਕਰਕੇ ਹਰ ਕਿਸਾਨ ਵੀਰ ਇਸ ਪਾਸੇ ਜਰੂਰ ਤੁਰੇ..ਮਾਯੂਸੀ ਨਹੀਂ ਹੋਣਗੇ।
ਜੈ ਕਿਸਾਨ

ਜੈ ਜਵਾਨ

ਜੈ ਵਿਗਿਆਨ

rajwinder kaur

This news is Content Editor rajwinder kaur