ਨਰਮਾ ਪੱਟੀ ''ਚ ਸਹਿਕਾਰੀ ਸਭਾਵਾਂ ਨੂੰ ਸਪਲਾਈ ਕੀਤੀ ਗਈ ਘਟੀਆ ਖਾਦ

11/19/2017 4:24:39 PM

ਬਠਿੰਡਾ— ਨਰਮਾ ਪੱਟੀ 'ਚ ਸਹਿਕਾਰੀ ਸਭਾਵਾਂ ਨੂੰ ਘਟੀਆ ਖਾਦ ਸਪਲਾਈ ਕਰਨ ਦਾ ਰੌਲਾ ਪੈ ਜਾਣ ਕਾਰਨ ਅਫਸਰਾਂ ਨੂੰ ਭਾਜੜਾਂ ਪੈ ਗਈਆਂ। ਜਿਸ ਸਮੇਂ ਸਹਿਕਾਰੀ ਮੁਲਾਜ਼ਮਾਂ ਨੇ ਇਹ ਖਾਦ ਚੈਕ ਕੀਤੀ ਤਾਂ ਉਹ ਪੂਰੀ ਤਰ੍ਹਾਂ ਪੱਥਰ ਬਣ ਚੁੱਕੀ ਸੀ, ਜਿਸ ਕਾਰਨ ਖਰਾਬ ਹੋ ਚੁੱਕੀ ਖਾਦ ਚੁੱਕਣ ਤੋਂ ਕਿਸਾਨਾਂ ਨੇ ਸਾਫ ਇਨਕਾਰ ਕਰ ਦਿੱਤਾ। ਦੂਜੇ ਪਾਸੇ ਇਸ ਖਬਰ ਸੰਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਸਹਿਕਾਰਤਾ ਵਿਭਾਗ ਨੇ ਭੇਜੀ ਖਾਦ ਨੂੰ ਸਹਿਕਾਰੀ ਸਭਾਵਾਂ 'ਚੋਂ ਚੁੱਕਣਾ ਸ਼ੁਰੂ ਕਰ ਦਿੱਤਾ।
ਬਠਿੰਡਾ ਜ਼ਿਲੇ 'ਚ ਕਰੀਬ ਸਵਾ ਸੌ ਸਹਿਕਾਰੀ ਸਭਾਵਾਂ ਨੂੰ ਮਾੜੀ ਖਾਦ ਦਿੱਤੀ ਗਈ, ਜੋ ਕਰੀਬ ਤਿੰਨ ਹਜ਼ਾਰ ਟਨ ਦੇ ਕਰੀਬ ਦੱਸੀ ਜਾ ਰਹੀ ਹੈ। ਵੇਰਵਿਆਂ ਅਨੁਸਾਰ ਇਸ ਵਾਰ ਪੰਜਾਬ 'ਚ 31 ਮਾਰਚ 2018 ਤੱਕ ਦੀ 13.50 ਲੱਖ ਟਨ ਯੂਰੀਆ ਖਾਦ ਦੀ ਮੰਗ ਹੈ, ਜਿਸ 'ਚੋਂ 60 ਫੀਸਦੀ ਸਪਲਾਈ ਹੋ ਚੁੱਕੀ ਹੈ। 31 ਦਸੰਬਰ ਤੱਕ ਪੰਜਾਬ ਭਰ 'ਚ ਕਰੀਬ 10 ਲੱਖ ਟਨ ਯੂਰੀਆ ਖਾਦ ਦੀ ਸਪਲਾਈ ਦਿੱਤੀ ਜਾਣੀ ਹੈ, ਜਿਸ 'ਚੋਂ ਕਰੀਬ 6 ਲੱਖ ਟਨ ਖਾਦ ਦੀ ਸਪਲਾਈ ਦਿੱਤੀ ਹੈ। ਸਹਿਕਾਰੀ ਸਭਾਵਾਂ ਨੂੰ ਮਾਰਕਫੈੱਡ, ਇਫਕੋ ਤੇ ਕਰਿਭਕੋ ਤਰਫ਼ੋਂ ਖਾਦ ਦੀ ਸਪਲਾਈ ਦਿੱਤੀ ਜਾਂਦੀ ਹੈ। ਜੋ ਮਾੜੀ ਖਾਦ ਨਿਕਲੀ ਹੈ, ਉਸ ਦੀ ਸਪਲਾਈ ਕਰਿਭਕੋ ਨੇ ਕੀਤੀ ਹੈ। ਕਰਿਭਕੋ ਵਲੋਂ ਕੁੱਲ ਮੰਗ ਦਾ ਕਰੀਬ 20 ਫੀਸਦੀ ਯੂਰੀਆ ਸਪਲਾਈ ਕੀਤਾ ਜਾਣਾ ਹੈ, ਜੋ ਕਰੀਬ 70 ਹਜ਼ਾਰ ਟਨ ਬਣਦਾ ਹੈ। ਪਤਾ ਲੱਗਿਆ ਹੈ ਕਿ ਕਰਿਭਕੋ ਦਾ ਇਕ ਰੈਕ ਕੁਝ ਹਫ਼ਤੇ ਪਹਿਲਾਂ ਰਾਮਪੁਰਾ ਫੂਲ 'ਚ ਆਇਆ ਸੀ, ਜਿੱਥੋਂ ਜ਼ਿਲ੍ਹੇ ਨੂੰ ਸਪਲਾਈ ਹੋਈ ਹੈ। ਸੂਤਰ ਦੱਸਦੇ ਹਨ ਕਿ ਇਹ ਪੂਰਾ ਰੈਕ ਹੀ ਖਰਾਬ ਨਿਕਲਿਆ।
ਪਿੰਡ ਦਿਉਣ ਦੀ ਸਹਿਕਾਰੀ ਸਭਾ ਦੇ ਸਕੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਜਦੋਂ ਖਾਦ ਲੈਣ ਵੇਲੇ ਦੋ ਬੋਰੀਆਂ ਖੋਲ੍ਹ ਕੇ ਚੈੱਕ ਕੀਤਾ ਤਾਂ ਖਾਦ ਦੇ ਡਲੇ ਬਣੇ ਹੋਏ ਸਨ। ਉਨ੍ਹਾਂ ਉਸ ਵੇਲੇ ਹੀ ਖਾਦ ਲੈਣ ਤੋਂ ਨਾਂਹ ਕਰ ਦਿੱਤੀ। ਪਿੰਡ ਜੱਸੀ ਪੌ ਵਾਲੀ ਦੀ ਸਹਿਕਾਰੀ ਸਭਾ ਦੇ ਸਕੱਤਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਰਿਭਕੋ ਨੇ ਐਤਕੀਂ ਪੱਥਰਾਂ ਵਰਗੀ ਖਾਦ ਦੇ 300 ਗੱਟੇ ਸਪਲਾਈ ਕੀਤੇ ਹਨ, ਜਿਨ੍ਹਾਂ ਨੂੰ ਤਬਦੀਲ ਕਰਨ ਵਾਸਤੇ ਆਖਿਆ ਹੈ। ਗਹਿਰੀ ਭਾਗੀ ਦੀ ਸਭਾ 'ਚ ਵੀ ਕਰੀਬ 600 ਗੱਟੇ ਏਦਾਂ ਦੇ ਪੁੱਜੇ ਹਨ। ਸੂਤਰ ਦੱਸਦੇ ਹਨ ਕਿ ਸਹਿਕਾਰਤਾ ਮਹਿਕਮੇ ਦੀ ਇਕ ਟੀਮ ਨੇ ਵੀ ਖਾਦ ਚੈੱਕ ਕਰਨ ਮਗਰੋਂ ਰਿਪੋਰਟ ਦਿੱਤੀ ਹੈ।
ਸਹਿਕਾਰਤਾ ਵਿਭਾਗ ਦੇ ਡਿਪਟੀ ਰਜਿਸਟਰਾਰ ਬਠਿੰਡਾ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਨਹੀਂ ਹੈ। ਪਿੰਡ ਗੰਗਾ ਦੀ ਸਭਾ 'ਚ ਵੀ ਇਹੋ ਪੱਥਰਾਂ ਵਰਗੀ ਖਾਦ ਪੁੱਜੀ ਹੈ। ਪਿੰਡ ਕੋਟਸ਼ਮੀਰ ਦੀ ਵਾਂਦਰ ਪੱਤੀ ਸਭਾ 'ਚ ਵੀ ਭਿੱਜੀ ਹੋਈ ਖਾਦ ਦੀ ਸਪਲਾਈ ਦੇ ਦਿੱਤੀ ਗਈ ਹੈ। ਪਿੰਡ ਰਾਮਪੁਰਾ ਦੀ ਸਹਿਕਾਰੀ ਸਭਾ ਵਿੱਚ ਕਰੀਬ 600 ਗੱਟਾ ਘਟੀਆ ਖਾਦ ਆਈ ਸੀ, ਜੋ ਹੁਣ ਤਬਦੀਲ ਕਰ ਦਿੱਤੀ ਹੈ। ਕਰਿਭਕੋ ਨੇ ਬਦਨਾਮੀ ਦੇ ਡਰੋਂ ਪਿੰਡ ਗਿੱਦੜ ਦੀ ਸਭਾ 'ਚ ਭੇਜੀ 800 ਗੱਟੇ ਖਾਦ ਵੀ ਬਦਲ ਦਿੱਤੀ ਹੈ। ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ (ਫ਼ਿਰੋਜ਼ਪੁਰ ਡਿਵੀਜ਼ਨ) ਦੇ ਪ੍ਰਧਾਨ ਜਸਕਰਨ ਸਿੰਘ ਕੋਟਸ਼ਮੀਰ ਦਾ ਕਹਿਣਾ ਹੈ ਕਿ ਉਨ੍ਹਾਂ ਪਤਾ ਲੱਗਣ ਮਗਰੋਂ ਮਾੜੀ ਖਾਦ ਦੀ ਵਿਕਰੀ ਰੋਕ ਦਿੱਤੀ ਸੀ।
ਮਾਰਕਫੈੱਡ ਦੇ ਏਐਮਡੀ ਬਾਲ ਮੁਕੰਦ ਸ਼ਰਮਾ ਦਾ ਕਹਿਣਾ ਹੈ ਕਿ ਅਸਲ 'ਚ ਕਰਿਭਕੋ ਵੱਲੋਂ ਸਪਲਾਈ ਕੀਤੀ ਖਾਦ ਦੇ ਇਕ ਰੈਕ 'ਚ ਸਮੱਸਿਆ ਆਈ ਹੈ, ਜਿਸ ਨੂੰ ਫੌਰੀ ਤਬਦੀਲ ਕਰਨ ਦੇ ਹੁਕਮ ਦਿੱਤੇ ਹਨ ਅਤੇ ਕਾਫ਼ੀ ਸਭਾਵਾਂ 'ਚੋਂ ਖਾਦ ਬਦਲ ਦਿੱਤੀ ਹੈ। ਕਰਿਭਕੋ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਭਵਿੱਖ 'ਚ ਇਸ ਤਰ੍ਹਾਂ ਹੋਇਆ ਤਾਂ ਮਾਰਕਫੈੱਡ ਆਪਣੇ ਕਾਰੋਬਾਰੀ ਸਬੰਧ ਤੋੜ ਲਵੇਗਾ। ਸ਼ਰਮਾ ਨੇ ਦੱਸਿਆ ਕਿ ਬੰਦਰਗਾਹ ਤੋਂ ਆਖਰੀ ਰੈਕ ਹੋਣ ਕਰ ਕੇ ਬਚੀ ਹੋਈ ਖਾਦ ਸਪਲਾਈ ਹੋ ਗਈ, ਜੋ ਭਿੱਜੀ ਹੋਈ ਸੀ।