ਹੈਰੋਇਨ ਸਣੇ ਦੋ ਕਾਬੂ

09/06/2017 6:59:38 AM

ਤਰਨਤਾਰਨ/ਖੇਮਕਰਨ,  (ਰਾਜੂ, ਗੁਰਮੇਲ, ਅਵਤਾਰ, ਸ਼ਰਮਾ)-   ਪੁਲਸ ਥਾਣਾ ਖੇਮਕਰਨ ਵੱਲੋਂ ਹੈਰੋਇਨ ਸਣੇ ਦੋ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਖੇਮਕਰਨ ਮਨਜਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ ਬਲਦੇਵ ਰਾਜ ਦੀ ਅਗਵਾਈ ਹੇਠ ਰੱਤੋਕੇ ਰੋਡ ਉਪਰ ਪੁਲਸ ਪਾਰਟੀ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਪਿੰਡ ਮਾਛੀਕੇ ਨੇੜੇ ਦੋ ਨੌਜਵਾਨ ਪੈਦਲ ਆਉਂਦੇ ਹੋਏ ਦਿਖਾਈ ਦਿੱਤੇ ਜੋ ਪੁਲਸ ਪਾਰਟੀ ਨੂੰ ਵੇਖ ਕੇ ਪਿੱਛੇ ਵੱਲ ਨੂੰ ਮੁੜ ਪਏ ਤੇ ਆਪਣੀਆਂ ਜੇਬਾਂ 'ਚੋਂ ਕਾਲੇ ਲਿਫਾਫੇ ਸੁੱਟ ਕੇ ਭੱਜਣ ਲੱਗੇ ਤਾਂ ਪੁਲਸ ਪਾਰਟੀ ਨੇ ਉਕਤ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰ ਲਿਆ। 
ਪੁਲਸ ਵੱਲੋਂ ਕਾਬੂ ਕੀਤੇ ਜਾਣ ਮਗਰੋਂ ਇਨ੍ਹਾਂ ਵੱਲੋਂ ਸੁੱਟੇ ਗਏ ਗਏ ਲਿਫਾਫਿਆਂ ਨੂੰ ਖੋਲ੍ਹ ਕੇ ਵੇਖਿਆ ਗਿਆ ਤਾਂ ਉਸ ਵਿਚ ਹੈਰੋਇਨ ਅਤੇ ਇਕ ਇਲੈਕਟ੍ਰਾਨਿਕ ਕੰਡਾ ਬਰਾਮਦ ਹੋਇਆ। ਉਕਤ ਵਿਅਕਤੀਆਂ ਦੀ ਪਛਾਣ ਚਰਨ ਸਿੰਘ ਉਰਫ ਸ਼ੇਰਾ ਪੁੱਤਰ ਦੀਦਾਰ ਸਿੰਘ ਵਾਸੀ ਖੇਮਕਰਨ ਅਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਸਰਦੂਲ ਸਿੰਘ ਵਾਸੀ ਖੇਮਕਰਨ ਵਜੋਂ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਚਰਨ ਸਿੰਘ ਕੋਲੋਂ 7 ਗ੍ਰਾਮ ਅਤੇ ਸ਼ਮਸ਼ੇਰ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਨ੍ਹਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।