ਹੈਰੋਇਨ ਸਮੇਤ 4 ਕਾਬੂ, 2 ਫਰਾਰ

08/17/2017 1:06:28 AM

ਬਟਾਲਾ,   (ਬੇਰੀ)-  ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ ਹੈਰੋਇਨ ਸਮੇਤ 3 ਨੌਜਵਾਨਾਂ ਦੇ ਗ੍ਰਿਫਤਾਰ ਹੋਣ ਅਤੇ 2 ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਥਾਣਾ ਰੰਗੜ ਨੰਗਲ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਅੰਮੋਨੰਗਲ ਅਤੇ ਰੰਗੜ ਨੰਗਲ ਖੇਤਰਾਂ ਵੱਲ ਜਾ ਰਹੇ ਸਨ ਤੇ ਪਿੰਡ ਰੰਗੜ ਨੰਗਲ ਸ਼ਮਸ਼ਾਨਘਾਟ ਦੇ ਨੇੜੇ ਪਹੁੰਚੇ ਤਾਂ ਇਕ ਨੌਜਵਾਨ ਇਥੇ ਬੈਠਾ ਦਿਖਾਈ ਦਿੱਤਾ, ਜੋ ਆਪਣੇ ਹੱਥ ਵਿਚ ਸਿਲਵਰ ਪੇਪਰ ਦਾ ਇਕ ਟੁੱਕੜਾ ਅਤੇ ਦੂਜੇ ਹੱਥ ਵਿਚ ਲਾਈਟਰ ਨੂੰ ਸਿਲਵਰ ਪੇਪਰ ਦੇ ਹੇਠਾਂ ਬਾਲ ਕੇ ਧੂੰਏਂ ਨੂੰ ਸੁੰਘ ਰਿਹਾ ਸੀ। ਇਸ ਤੋਂ ਤੁਰੰਤ ਬਾਅਦ ਪੁਲਸ ਕਰਮਚਾਰੀਆਂ ਨੇ ਨੌਜਵਾਨ ਨੂੰ ਹੈਰੋਇਨ 56 ਮਿਲੀਗ੍ਰਾਮ ਅਤੇ ਇਕ ਲਾਈਟਰ ਸਮੇਤ ਗ੍ਰਿਫਤਾਰ ਕੀਤਾ। ਏ. ਐੱਸ. ਆਈ. ਨੇ ਦੱਸਿਆ ਕਿ ਉਕਤ ਨੌਜਵਾਨ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਥਾਣਾ ਫਤਿਹਗੜ੍ਹ ਚੂੜੀਆਂ ਦੇ ਏ. ਐੱਸ. ਆਈ. ਦਰਸ਼ਨ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਬਦੋਵਾਲ ਕਲਾਂ ਵਿਚ ਵਿਸ਼ੇਸ਼ ਚੈਕਿੰਗ ਨਾਕੇ ਦੌਰਾਨ ਮੋਟਰਸਾਈਕਲ 'ਤੇ ਸਵਾਰ ਆਉਂਦੇ ਦੇਖ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਕ ਨੌਜਵਾਨ ਪੁਲਸ ਪਾਰਟੀ ਨੂੰ ਦੇਖ ਕੇ ਦੌੜ ਗਿਆ ਜਦਕਿ ਮੋਟਰਸਾਈਕਲ ਚਾਲਕ ਨੌਜਵਾਨ ਨੂੰ ਪੁਲਸ ਕਰਮਚਾਰੀਆਂ ਨੇ ਦਬੋਚ ਲਿਆ, ਜਿਸ ਕੋਲੋਂ ਤਲਾਸ਼ੀ ਲੈਣ 'ਤੇ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਅਨੁਸਾਰ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰਦੇ ਹੋਏ ਮੋਟਰਸਾਈਕਲ ਕਬਜ਼ੇ ਵਿਚ ਲੈ ਲਿਆ ਹੈ ਅਤੇ ਉਕਤ ਨੌਜਵਾਨ ਅਤੇ ਇਸ ਦੇ ਫਰਾਰ ਹੋਏ ਦੂਜੇ ਸਾਥੀ ਵਿਰੁੱਧ ਵੀ ਥਾਣਾ ਫਤਿਹਗੜ੍ਹ ਚੂੜੀਆਂ ਵਿਚ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਗਿਆ ਹੈ।
ਉਧਰ ਐੱਸ. ਆਈ. ਰਾਮ ਸਿੰਘ ਗਸ਼ਤ ਦੌਰਾਨ ਰਸੂਲਪੁਰ ਟਪਰੀਆਂ, ਬੋਰੀਆਂਵਾਲ ਅਤੇ ਮੰਜਿਆਂਵਾਲੀ ਆਦਿ ਖੇਤਰਾਂ ਤੋਂ ਹੁੰਦੇ ਹੋਏ ਜਦੋਂ ਅਨਾਜ ਮੰਡੀ ਫਤਿਹਗੜ੍ਹ ਚੂੜੀਆਂ ਨੇੜੇ ਪਹੁੰਚੇ ਤਾਂ ਇਥੇ ਦੋ ਮੋਟਰਸਾਈਕਲ ਸਵਾਰਾਂ ਨੂੰ ਸ਼ੱਕੀ ਹਾਲਤ ਵਿਚ ਆਉਂਦੇ ਦੇਖ ਚੈਕਿੰਗ ਲਈ ਰੋਕਿਆ ਤਾਂ ਇਕ ਨੌਜਵਾਨ ਮੌਕੇ ਤੋਂ ਖਿਸਕ ਗਿਆ ਜਦਕਿ ਦੂਜਾ ਕਾਬੂ ਆ ਗਿਆ, ਜਿਸ ਦੀ ਪਛਾਣ ਹਰਪਾਲ ਸਿੰਘ ਭਾਲਾ ਪੁੱਤਰ ਸੁਰਜਨ ਸਿੰਘ ਵਾਸੀ ਪਿੰਡ ਨਵਾਂ ਪਿੰਡ ਥਾਣਾ ਝੰਡੇਰ ਜ਼ਿਲਾ ਅੰਮ੍ਰਿਤਸਰ ਰੂਲਰ ਦੇ ਰੂਪ ਵਿਚ ਹੋਈ ਹੈ। ਇਸ ਦੀ ਤਲਾਸ਼ੀ ਦੌਰਾਨ 5 ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ। ਇਨ੍ਹਾਂ ਦੋਵਾਂ ਨੌਜਵਾਨਾਂ ਵਿਰੁੱਧ ਥਾਣਾ ਫਤਿਹਗੜ੍ਹ ਚੂੜੀਆਂ 'ਚ ਕੇਸ ਦਰਜ ਕਰ ਲਿਆ ਹੈ।ਇਸੇ ਤਰ੍ਹਾਂ ਥਾਣਾ ਰੰਗੜ ਨੰਗਲ ਦੇ ਐੱਸ. ਆਈ. ਹਰਬੰਸ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਹਰਜਗਦੇਵ ਸਿੰਘ ਪੁੱਤਰ ਰੂਢ ਸਿੰਘ ਵਾਸੀ ਬੂੜੇਨੰਗਲ ਕੋਲੋਂ 36 ਮਿਲੀਗ੍ਰਾਮ ਹੈਰੋਇਨ, ਸਿਲਵਰ ਪੇਪਰ ਅਤੇ ਲਾਈਟਰ ਸਮੇਤ ਕਾਬੂ ਕਰਨ ਤੋਂ ਬਾਅਦ ਇਸ ਵਿਰੁੱਧ ਕੇਸ ਦਰਜ ਕਰ ਲਿਆ ਹੈ।