ਚੋਰੀ ਦੀਆਂ ਮੱਝਾਂ ਸਮੇਤ 3 ਕਾਬੂ

07/20/2017 1:50:12 AM

ਦਸੂਹਾ, (ਝਾਵਰ)—   ਥਾਣਾ ਦਸੂਹਾ ਦੇ ਪਿੰਡ ਸੁਰੀਆ ਦੇ ਜ਼ਿੰਮੇਵਾਰ ਗੁਰਮੀਤ ਸਿੰਘ ਪੁੱਤਰ ਸ਼ੰਕਰ ਸਿੰਘ ਦੀਆਂ 7 ਜੁਲਾਈ ਨੂੰ ਉਸ ਦੀ ਹਵੇਲੀ ਵਿਚੋਂ 2 ਮੱਝਾਂ ਤੇ ਇਕ ਕੱਟਾ ਚੋਰ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਦਸੂਹਾ ਪੁਲਸ ਵੱਲੋਂ ਧਾਰਾ 379 ਆਈ. ਪੀ. ਸੀ. ਅਧੀਨ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਐੱਸ. ਐੱਸ. ਪੀ. ਹੁਸ਼ਿਆਰਪੁਰ ਡੀ. ਐੱਸ. ਪੀ. ਦਸੂਹਾ ਵੱਲੋਂ ਸਖਤ ਆਦੇਸ਼ ਦਿੱਤੇ ਗਏ ਹਨ ਕਿ ਚੋਰਾਂ ਨੂੰ ਜਲਦੀ ਫੜਿਆ ਜਾਵੇ।
ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਏ. ਐੱਸ. ਆਈ. ਰਵਿੰਦਰ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਸੱਗਰਾਂ ਪੁਲ 'ਤੇ ਨਾਕਾ ਲਾਇਆ ਗਿਆ ਸੀ ਕਿ ਇਕ ਬਲੈਰੋ ਗੱਡੀ ਪੀ ਬੀ 35, ਕਿਊ 9557, ਜੋ ਘੋਗਰਾਂ ਵੱਲੋਂ ਆ ਰਹੀ ਸੀ, ਉਸ ਵਿਚੋਂ 2 ਮੱਝਾਂ ਤੇ ਇਕ ਕੱਟਾ ਤਲਾਸ਼ੀ ਦੌਰਾਨ ਬਰਾਮਦ ਹੋਇਆ। ਗੱਡੀ ਵਿਚ ਬੈਠੇ ਮੁਸ਼ਤਾਕ ਪੁੱਤਰ ਅਲੀ ਨਿਵਾਸੀ ਟੇਰਕਿਆਣਾ, ਅਮਰ ਕਾਸਬ ਨਿਵਾਸੀ ਜੰਮੂ ਕਸ਼ਮੀਰ ਅਤੇ
ਯੂਨਸ ਨਿਵਾਸੀ ਗੁਰਦਾਸਪੁਰ ਨੂੰ ਗ੍ਰਿਫਤਾਰ ਕੀਤਾ ਅਤੇ ਚੋਰੀ ਕੀਤੀਆਂ ਮੱਝਾਂ ਤੇ ਗੱਡੀ ਨੂੰ ਕਬਜ਼ੇ  'ਚ ਲੈ ਗਿਆ ਹੈ।
ਜਾਂਚ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਦਸੂਹਾ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।