ਕਾਂਗਰਸ ਪ੍ਰਧਾਨ ਬੋਲੇ, ਬਦਲੇ ਦੀ ਭਾਵਨਾ ''ਚ ਵਿਸ਼ਵਾਸ ਨਹੀਂ ਰੱਖਦਾ

05/16/2019 3:43:51 PM

ਲੁਧਿਆਣਾ/ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਕਾਫੀ ਬਦਲੇ-ਬਦਲੇ ਜਿਹੇ ਨਜ਼ਰ ਆਉਂਦੇ ਹਨ। ਪ੍ਰੈਕਟੀਕਲ ਗੱਲਾਂ ਤੋਂ ਇਲਾਵਾ ਉਹ ਹੁਣ ਦਾਰਸ਼ਨਿਕ ਗੱਲਾਂ ਜ਼ਿਆਦਾ ਕਰਦੇ ਹਨ। ਸਿਆਸਤ ਉਨ੍ਹਾਂ ਨੂੰ ਰਾਸ ਆਉਣ ਲੱਗੀ ਹੈ ਅਤੇ ਸੰਘਰਸ਼ ਨੂੰ ਜੀਵਨ ਦਾ ਉਨ੍ਹਾਂ ਨੇ ਹਿੱਸਾ ਮੰਨ ਲਿਆ ਹੈ। ਜੋ ਕਿਸਮਤ ਹੈ, ਉਸ ਨੂੰ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਜਨਤਾ ਨੇ ਜੋ ਸੋਚ ਲਿਆ ਹੈ, ਉਹ ਕਰੇਗੀ। ਜਨਤਾ ਹੀ ਮਾਲਕ ਹੈ ਅਤੇ ਮਾਲਕ ਦਾ ਫੈਸਲਾ ਆਖਰੀ ਹੈ, ਇਸ ਲਈ ਸੰਘਰਸ਼ 'ਚ ਲੱਗੇ ਰਹੋ। ਚੋਣ ਪ੍ਰਚਾਰ ਦੌਰਾਨ ਪੂਰੀ ਊਰਜਾ ਨਾਲ ਕੰਮ ਕਰਦੇ ਹਨ ਅਤੇ ਪਲਾਨਿੰਗ ਤੋਂ ਇਲਾਵਾ ਹਾਸੇ-ਮਜ਼ਾਕ ਦਾ ਵੀ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਉਨ੍ਹਾਂ ਪੰਜਾਬ ਕੇਸਰੀ/ਨਵੋਦਯਾ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਅਕੁ ਸ਼੍ਰੀਵਾਸਤਵ ਨਾਲ ਉਨ੍ਹਾਂ ਦੀ ਪੂਰੀ ਗੱਲਬਾਤ :

ਅਮੇਠੀ ਦਾ ਮਿਲਕ ਕੇਕ ਜ਼ਿਆਦਾ ਖਾ ਲੈਂਦਾ ਹਾਂ.....
ਅੱਜਕਲ ਬਹੁਤ ਨਿੱਜੀ ਸਵਾਲ ਹੋ ਰਹੇ ਹਨ ਅਤੇ ਜਵਾਬ ਵੀ ਦਿੱਤੇ ਜਾ ਰਹੇ ਹਨ। ਤੁਸੀਂ ਖਾਂਦੇ ਕੀ ਹੋ? ਤੁਸੀਂ ਸੌਂਦੇ ਕਿੰਨਾ ਹੋ? ਤੁਸੀਂ ਫਿਲਮਾਂ ਕਿੰਨੀਆਂ ਦੇਖਦੇ ਹੋ?


3 ਘੰਟੇ ਨਹੀਂ ਸੌਂਦਾ ਹਾਂ, ਮੈਂ 6-7 ਘੰਟੇ ਸੌਂਦਾ ਹਾਂ। ਚੋਣਾਂ ਸਮੇਂ ਥੋੜ੍ਹਾ ਘੱਟ ਹੋ ਜਾਂਦਾ ਹੈ। 5 ਘੰਟੇ ਹੀ ਸੌਂਦਾ ਹਾਂ। 3 ਘੰਟੇ ਸੌਂ ਕੇ ਮੈਂ ਮੈਨੇਜ ਨਹੀਂ ਕਰ ਸਕਦਾ। ਖਾਣੇ 'ਚ ਮੈਨੂੰ ਸਭ ਕੁਝ ਪਸੰਦ ਹੈ, ਜੋ ਵੀ ਮੈਨੂੰ ਮਿਲਦਾ ਹੈ, ਮੈਂ ਖਾ ਲੈਂਦਾ ਹਾਂ। ਮੇਰੀ ਥੋੜ੍ਹੀ ਆਦਤ ਖਰਾਬ ਹੈ ਮਠਿਆਈ ਦੇ ਮਾਮਲੇ 'ਚ। ਅਮੇਠੀ 'ਚ ਮਿਲਕ ਕੇਕ ਮਿਲਦਾ ਹੈ, ਉਹ ਥੋੜ੍ਹਾ ਜ਼ਿਆਦਾ ਖਾ ਲੈਂਦਾ ਹਾਂ।

ਤੁਸੀਂ ਆਪਣਾ ਸਰੀਰ ਸਿਹਤਮੰਦ ਰੱਖਿਆ ਹੈ। ਕੀ ਰਾਜ਼ ਹੈ?

ਮੈਨੂੰ ਦੌੜਨ ਦਾ ਸ਼ੌਕ ਹੈ ਅਤੇ ਇਹੀ ਮੇਰੀ ਸਿਹਤ ਦਾ ਰਾਜ਼ ਵੀ ਹੈ।

ਭਾਜਪਾ ਮੇਰੇ ਉੱਪਰ ਜੋ ਵੀ ਹਮਲਾ ਕਰੇ, ਮੈਂ ਸਿਰਫ ਪਿਆਰ ਵਾਪਸ ਦਿਆਂਗਾ

ਬਦਲੇ ਦੀ ਸਿਆਸਤ ਦੀ ਬਹੁਤ ਗੱਲ ਹੋ ਰਹੀ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਇਕ-ਇਕ ਗੱਲ ਦਾ ਬਦਲਾ ਲਵਾਂਗੀ। ਮਾਇਆਵਤੀ ਵੀ ਉਸੇ ਤਰ੍ਹਾਂ ਦੀ ਭਾਸ਼ਾ ਬੋਲ ਰਹੀ ਹੈ, ਇਸ 'ਤੇ ਤੁਸੀਂ ਕੀ ਕਹਿਣਾ ਚਾਹੋਗੇ?


ਮੈਂ ਬਦਲੇ ਦੀ ਭਾਵਨਾ 'ਚ ਵਿਸ਼ਵਾਸ ਨਹੀਂ ਰੱਖਦਾ। ਮੈਂ ਇਨਸਾਫ 'ਚ ਵਿਸ਼ਵਾਸ ਰੱਖਦਾ ਹਾਂ। ਜੇਕਰ ਕਿਸੇ ਨੇ ਕਾਨੂੰਨ ਤੋੜਿਆ ਹੈ ਤਾਂ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ। ਬਦਲਾ ਬਿਲਕੁਲ ਨਹੀਂ। ਮੈਂ ਤੁਹਾਨੂੰ ਦੱਸ ਰਿਹਾ ਹਾਂ, ਨਰਿੰਦਰ ਮੋਦੀ ਜੀ ਮੇਰੇ ਵਿਰੁੱਧ ਕੁਝ ਵੀ ਕਰਨ, ਕੋਈ ਵੀ ਝੂਠ ਬੋਲਣ, ਮੇਰੇ ਅੰਦਰ ਕਦੇ ਬਦਲੇ ਦੀ ਭਾਵਨਾ ਨਹੀਂ ਪੈਦਾ ਹੁੰਦੀ। ਭਾਜਪਾ-ਆਰ. ਐੱਸ. ਐੱਸ. ਦੇ ਲੋਕ ਮੇਰੇ ਉੱਪਰ ਜੋ ਵੀ ਹਮਲਾ ਕਰਨ, ਗਲਤ ਗੱਲ ਬੋਲਣ, ਹਿੰਸਾ ਦੀ ਵਰਤੋਂ ਕਰਨ, ਮੈਂ ਵਾਪਸ ਸਿਰਫ ਪਿਆਰ ਦਿਆਂਗਾ। ਮੈਂ ਇਨ੍ਹਾਂ ਨੂੰ ਪਿਆਰ ਨਾਲ ਹਰਾਵਾਂਗਾ। ਦੇਸ਼ ਨਾਲ ਇਨਸਾਫ ਹੋਵੇਗਾ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ।

23 ਮਈ ਨੂੰ ਮਾਲਕ ਬੋਲੇਗਾ ਅਤੇ ਮਾਲਕ ਜੋ ਬੋਲੇਗਾ, ਉਹੀ ਹੋਵੇਗਾ
ਤੀਜਾ ਮੋਰਚਾ ਇਧਰ ਇਕ ਨਵੀਂ ਤਰ੍ਹਾਂ ਦੀ ਰਣਨੀਤੀ ਅਪਣਾ ਰਿਹਾ ਹੈ। ਚੰਦਰਸ਼ੇਖਰ ਰਾਓ ਦਰੁਮਕ ਨੇਤਾ ਸਟਾਲਿਨ ਨੂੰ ਮਿਲ ਰਹੇ ਹਨ ਜਿਨ੍ਹਾਂ ਨਾਲ ਤੁਹਾਡੇ ਪਹਿਲਾਂ ਤੋਂ ਹੀ ਸਬੰਧ ਹਨ। ਉਨ੍ਹਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ? 23 ਤਰੀਕ ਨੂੰ ਮਾਲਕ ਬੋਲੇਗਾ ਅਤੇ ਮਾਲਕ ਜੋ ਬੋਲੇਗਾ, ਉਹੀ ਹੋਵੇਗਾ।

ਕਾਂਗਰਸ ਸਰਕਾਰ ਨੇ ਸ਼ਿਵਰਾਜ ਦੇ ਪਰਿਵਾਰ ਦਾ ਵੀ ਕਰਜ਼ਾ ਮੁਆਫ ਕੀਤਾ

ਕਾਂਗਰਸ ਸ਼ਾਸਤ ਸੂਬਿਆਂ ਖਾਸ ਤੌਰ 'ਤੇ ਜੋ ਤਿੰਨ ਨਵੇਂ ਸੂਬੇ ਹਨ, ਇਨ੍ਹਾਂ ਦੇ ਪ੍ਰਦਰਸ਼ਨ ਨੂੰ ਤੁਸੀਂ ਕਿਵੇਂ ਰੇਟ ਕਰੋਗੇ?
ਪਹਿਲਾ ਕਦਮ, ਕਰਜ਼ਾ ਮੁਆਫੀ ਤੋਂ ਮੈਂ ਸੰਤੁਸ਼ਟ ਹਾਂ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ, ਕਾਂਗਰਸ ਸਰਕਾਰ ਨੇ ਕਰਜ਼ਾ ਮੁਆਫ ਨਹੀਂ ਕੀਤਾ। ਅਸੀਂ ਉਨ੍ਹਾਂ ਨੂੰ ਹਰ ਪਰਿਵਾਰ ਦੇ ਰਿਕਾਰਡ ਦਿਖਾ ਦਿੱਤੇ। ਕਾਂਗਰਸ ਸਰਕਾਰ ਨੇ ਮੱਧ ਪ੍ਰਦਸ਼ 'ਚ ਸਿਰਫ ਕਰਜ਼ਾ ਮੁਆਫ ਨਹੀਂ ਕੀਤਾ ਸਗੋਂ ਸ਼ਿਵਰਾਜ ਸਿੰਘ ਚੌਹਾਨ ਦੇ ਪਰਿਵਾਰ ਦਾ ਕਰਜ਼ਾ ਵੀ ਮੁਆਫ ਕਰ ਦਿੱਤਾ ਹੈ। ਕਰਜ਼ਾ ਮੁਆਫੀ 'ਚ ਬਹੁਤ ਚੰਗਾ ਕੰਮ ਹੋ ਰਿਹਾ ਹੈ ਪਰ ਮੈਂ ਚਾਹੁੰਦਾ ਹਾਂ ਕਿ ਇਹ ਤਿੰਨੋਂ ਸੂਬੇ ਕਿਸਾਨਾਂ ਲਈ ਯੋਜਨਾ ਬਣਾਉਣ- ਫੂਡ ਪ੍ਰੋਸੈਸਿੰਗ ਦੀ ਯੋਜਨਾ ਬਣਾਉਣ, ਵਿਕਾਸ ਦਾ ਕੰਮ ਕਰਨ, ਉਦਯੋਗਿਕੀਕਰਨ ਦਾ ਕੰਮ ਕਰਨ, ਛੋਟੇ ਬਿਜ਼ਨੈੱਸ ਦਾ ਕੰਮ ਕਰਨ। ਅਜੇ ਤਾਂ ਸ਼ੁਰੂਆਤ ਹੋਈ ਹੈ ਪਰ ਜੋ ਪਹਿਲਾ ਕਦਮ ਸੀ ਕਰਜ਼ਾ ਮੁਆਫੀ, ਉਸ 'ਤੇ ਮੈਂ ਉਨ੍ਹਾਂ ਨੂੰ ਪੂਰੇ ਅੰਕ ਦਿਆਂਗਾ।

ਆਪ ਨਾਲ ਸਮਝੌਤਾ ਨਾ ਹੋਣ ਦਾ ਖੁਲਾਸਾ

ਜ਼ੋਰ ਨਾਲ ਵਾਪਸੀ ਕਰ ਰਹੀ ਹੈ ਕਾਂਗਰਸ ਦਿੱਲੀ 'ਚ
ਦਿੱਲੀ 'ਚ ਇਸ ਵਾਰ ਤਾਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਹੋ ਸਕਿਆ। ਕੀ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਗਠਜੋੜ ਦੀ ਕੋਈ ਸੰਭਾਵਨਾ ਹੈ?


ਮੈਂ ਮੰਨਦਾ ਹਾਂ ਕਿ ਕਾਂਗਰਸ ਨੂੰ ਦਿੱਲੀ ਦੇ ਲੋਕਾਂ ਨੇ ਹਮੇਸ਼ਾ ਪਸੰਦ ਕੀਤਾ ਹੈ। ਕਾਂਗਰਸ ਨੂੰ 2014 ਦਾ ਝਟਕਾ ਅਸਥਾਈ ਸੀ। ਉਸ ਦੇ ਵੱਖਰੇ ਕਾਰਨ ਸਨ। ਸਾਡੀਆਂ ਗਲਤੀਆਂ ਸਨ ਪਰ ਹੁਣ ਕਾਂਗਰਸ ਦਿੱਲੀ 'ਚ ਵਾਪਸ ਆ ਰਹੀ ਹੈ ਅਤੇ ਜ਼ੋਰ ਨਾਲ ਆ ਰਹੀ ਹੈ। ਦੇਖਣਾ, ਲੋਕ ਸਭਾ 'ਚ ਤਾਕਤ ਨਾਲ ਵਾਪਸ ਆਏਗੀ। ਰਹੀ ਗੱਲ ਆਮ ਆਦਮੀ ਪਾਰਟੀ ਨਾਲ ਇਸ ਵਾਰ ਸਮਝੌਤਾ ਨਾ ਹੋ ਸਕਣ ਦੀ ਤਾਂ ਮੈਂ ਤੁਹਾਨੂੰ ਸੀਕਵੈਂਸ ਦੱਸਦਾ ਹਾਂ। ਚੋਣਾਂ ਤੋਂ ਪਹਿਲਾਂ ਮੈਂ ਦਿੱਲੀ ਕਾਂਗਰਸ ਦੇ ਨੇਤਾਵਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਇਕੱਲੇ ਲੜਨਾ ਚਾਹੁੰਦੇ ਹੋ ਜਾਂ ਆਮ ਆਦਮੀ ਪਾਰਟੀ ਨਾਲ ਲੜਨਾ ਚਾਹੁੰਦੇ ਹੋ? ਕਾਂਗਰਸ ਦੇ ਸਾਰੇ ਨੇਤਾਵਾਂ ਨੇ ਕਿਹਾ, ਵੱਖਰਾ ਲੜਨਾ ਚਾਹੁੰਦੇ ਹਾਂ। ਮੈਂ ਕਿਹਾ ਠੀਕ ਹੈ। ਕਾਂਗਰਸ ਨੇ ਫੈਸਲਾ ਕੀਤਾ ਕਿ ਗਠਜੋੜ ਸਵੀਕਾਰ ਨਹੀਂ ਕਰਾਂਗੇ। ਉਸ ਤੋਂ ਬਾਅਦ ਵਿਰੋਧੀ ਧਿਰ ਦੇ ਵੱਡੇ ਨੇਤਾਵਾਂ ਦਰਮਿਆਨ ਗੱਲਬਾਤ ਹੋਈ। ਸ਼ਰਦ ਪਵਾਰ ਜੀ ਦੇ ਘਰ ਕੇਜਰੀਵਾਲ ਜੀ ਮੇਰੇ ਨਾਲ ਬੈਠੇ ਸਨ। ਉਨ੍ਹਾਂ ਨੇ ਮੈਨੂੰ ਕਿਹਾ, ਰਾਹੁਲ ਜੀ-ਅਸੀਂ ਦਿੱਲੀ 'ਚ ਗਠਜੋੜ ਕਰਨਾ ਹੈ। ਜੇਕਰ ਨਹੀਂ ਹੋਇਆ ਤਾਂ ਨੁਕਸਾਨ ਹੋ ਜਾਵੇਗਾ। ਮੈਂ ਉਨ੍ਹਾਂ ਨੂੰ ਕਿਹਾ ਦੇਖੋ ਮੇਰੀ ਪੂਰੀ ਪਾਰਟੀ ਕਹਿ ਰਹੀ ਹੈ ਕਿ ਗਠਜੋੜ ਨਹੀਂ ਕਰਨਾ ਚਾਹੀਦਾ। ਤੁਸੀਂ ਕਿਹਾ ਹੈ ਤਾਂ ਮੈਂ ਆਪਣੀ ਪਾਰਟੀ ਤੋਂ ਦੁਬਾਰਾ ਪੁੱਛਾਂਗਾ। ਇਹ ਮੈਂ ਉਥੇ ਹਾਜ਼ਰ ਸਾਰੇ ਆਗੂਆਂ ਦੇ ਸਾਹਮਣੇ ਕਿਹਾ। ਉਸ ਤੋਂ ਬਾਅਦ ਮੈਂ ਆਪਣੇ ਆਗੂਆਂ ਨੂੰ ਕਿਹਾ, 'ਦੇਖੋ ਸੱਚਾਈ ਇਹ ਹੈ ਕਿ ਭਾਜਪਾ ਨੂੰ ਹਰਾਉਣਾ ਜ਼ਰੂਰੀ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਮਝੌਤੇ ਦੇ ਵਿਚਾਰ 'ਤੇ ਦੁਬਾਰਾ ਵਿਚਾਰ ਕਰੋ। ਫਿਰ ਕੇਜਰੀਵਾਲ ਜੀ ਨਾਲ ਮੀਟਿੰਗ ਕੀਤੀ। ਉਸ 'ਚ ਕੇਜਰੀਵਾਲ ਜੀ ਨੇ ਕਿਹਾ 4-3 ਦਾ ਫਾਰਮੂਲਾ ਹੋਵੇਗਾ। 4 ਸੀਟਾਂ 'ਤੇ ਆਮ ਆਦਮੀ ਪਾਰਟੀ ਅਤੇ 3 ਸੀਟਾਂ 'ਤੇ ਕਾਂਗਰਸ ਚੋਣਾਂ ਲੜੇ ਅਤੇ ਇਹ ਚਰਚਾ ਵਿਰੋਧੀ ਧਿਰ ਦੇ ਹੋਰ ਨੇਤਾਵਾਂ ਦੇ ਸਾਹਮਣੇ ਹੋਈ। ਫਿਰ ਜਿਵੇਂ ਹੀ ਅਸੀਂ ਕੇਜਰੀਵਾਲ ਜੀ ਨੂੰ ਕਿਹਾ ਕਿ 4-3 ਸਾਨੂੰ ਮਨਜ਼ੂਰ ਹੈ ਤਾਂ ਕੇਜਰੀਵਾਲ ਜੀ ਹਰਿਆਣਾ, ਪੰਜਾਬ ਦੀ ਗੱਲ ਕਰਨ ਲੱਗੇ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਕੇਜਰੀਵਾਲ ਜੀ ਦਿੱਲੀ 'ਚ ਕਾਂਗਰਸ ਨਾਲ ਗਠਜੋੜ ਕਰਵਾਉਣਾ ਚਾਹੁੰਦੇ ਸਨ। ਮੈਂ ਆਖਰੀ ਮਿੰਟ ਤਕ ਕਿਹਾ ਕਿ ਭਾਜਪਾ ਨੂੰ ਹਰਾਉਣਾ ਹੈ 4 ਸੀਟਾਂ ਤੁਸੀਂ ਲਓ, 3 ਸੀਟਾਂ ਸਾਨੂੰ ਦਿਓ ਅਤੇ ਖਤਮ ਕਰੋ ਪਰ ਉਹ ਨਹੀਂ ਮੰਨੇ।

ਕਾਂਗਰਸ ਮੋਦੀ ਦੀਆਂ ਅਸਫਲਤਾਵਾਂ ਕਾਰਨ ਵਧ ਰਹੀ ਹੈ ਜਾਂ ਆਪਣੀ ਤਾਕਤ ਕਾਰਨ ਵਧ ਰਹੀ ਹੈ?
ਕਾਂਗਰਸ ਆਪਣੀ ਤਾਕਤ ਕਾਰਨ ਵੀ ਵਧ ਰਹੀ ਹੈ ਅਤੇ ਨਰਿੰਦਰ ਮੋਦੀ ਜੀ ਨੇ ਵੀ ਸਾਡੀ ਮਦਦ ਕੀਤੀ ਹੈ। ਕਾਂਗਰਸ ਪਾਰਟੀ ਨੇ ਸਮੇਂ ਦੇ ਨਾਲ ਬਦਲਾਅ ਕਰਨਾ ਸੀ। ਥੋੜ੍ਹਾ ਸਪੱਸ਼ਟ ਕਹਾਂ ਤਾਂ 2014 'ਚ ਕਾਂਗਰਸ ਪਾਰਟੀ 'ਚ ਹੰਕਾਰ ਆ ਗਿਆ ਸੀ। 10 ਸਾਲ ਹਿੰਦੁਸਤਾਨ 'ਤੇ ਸ਼ਾਸਨ ਕੀਤਾ, ਜਿਸ ਕਾਰਨ ਹੰਕਾਰ ਆਇਆ, ਥੋੜ੍ਹੀਆਂ ਗਲਤੀਆਂ ਹੋਈਆਂ ਪਰ ਕਾਂਗਰਸ ਪਾਰਟੀ ਨੇ ਇਸ ਨੂੰ ਸਵੀਕਾਰ ਕੀਤਾ। ਬਹੁਤ ਚੰਗਾ ਹੋਇਆ। ਅਸੀਂ ਸਾਰੇ ਮੰਨਦੇ ਹਾਂ ਕਿ 40-45 ਸੀਟਾਂ ਦੇ ਕੇ ਹਿੰਦੁਸਤਾਨ ਨੇ ਸਾਨੂੰ-ਕਾਂਗਰਸ ਪਾਰਟੀ ਨੂੰ ਸਬਕ ਸਿਖਾਇਆ। ਹੁਣ ਸਬਕ ਸਿੱਖਣਾ ਹੈ ਨਰਿੰਦਰ ਮੋਦੀ ਜੀ ਨੇ। ਹਿੰਦੁਸਤਾਨ ਦੀ ਜਨਤਾ ਉਨ੍ਹਾਂ ਨੂੰ ਸਬਕ ਸਿਖਾਉਣ ਜਾ ਰਹੀ ਹੈ। ਨਰਿੰਦਰ ਮੋਦੀ ਜੀ, ਬੇ. ਜੇ. ਪੀ. ਦੇ ਸਾਹਮਣੇ ਚੈਲੰਜ ਹੈ, ਉਹ ਸਬਕ ਸਿੱਖਣਗੇ ਜਾਂ ਨਹੀਂ ਮੈਨੂੰ ਨਹੀਂ ਪਤਾ, ਅਸੀਂ ਸਿੱਖਿਆ ਲਿਆ।

ਕੀ ਨੋਟਬੰਦੀ ਅਤੇ ਜੀ. ਐੱਸ. ਟੀ. ਸੱਚਮੁੱਚ ਇੰਨੇ ਵੱਡੇ ਮੁੱਦੇ ਸਿੱਧ ਹੋਏ ਜਿਸ ਨਾਲ ਕਾਂਗਰਸ ਦਾ ਵੱਖਰਾ ਰਾਹ ਨਿਕਲਿਆ?

ਨੋਟਬੰਦੀ ਅਤੇ ਜੀ. ਐੱਸ. ਟੀ. ਨੇ, ਜੋ ਹਿੰਦੁਸਤਾਨ ਦੀ ਪਰਚੇਜ਼ਿੰਗ ਕੈਪੇਸਿਟੀ (ਆਮ ਲੋਕਾਂ ਦੀ ਖਰੀਦਦਾਰੀ ਦੀ ਤਾਕਤ) ਹੈ, ਉਸ ਨੂੰ ਬਿਲਕੁਲ ਕਮਜ਼ੋਰ ਕਰ ਦਿੱਤਾ। ਅਜਿਹਾ ਕਿਹਾ ਜਾਂਦਾ ਹੈ ਕਿਉਂਕਿ ਹਿੰਦੁਸਤਾਨ ਨੂੰ ਚੀਨ ਹੀ ਚੈਲੰਜ ਕਰ ਸਕਦਾ ਹੈ ਕਿਉਂਕਿ ਹਿੰਦੁਸਤਾਨ ਅਤੇ ਚੀਨ ਦੇ ਕੋਲ ਪਰਚੇਜ਼ਿੰਗ ਕਪੈਸਿਟੀ ਹੈ, ਕਰੋੜਾਂ ਲੋਕ ਹਨ ਜਿਨ੍ਹਾਂ ਕੋਲ ਜੇਬ 'ਚ ਪੈਸਾ ਹੈ-ਇਕੋਨਾਮਿਕ ਸਟ੍ਰੈਂਥ ਹੈ, ਨਰਿੰਦਰ ਮੋਦੀ ਜੀ ਨੇ ਆਮ ਹਿੰਦੁਸਤਾਨੀ ਦੀ ਉਸ ਤਾਕਤ ਨੂੰ ਖਤਮ ਕਰ ਦਿੱਤਾ।
ਨਰਿੰਦਰ ਮੋਦੀ ਜੀ ਦੇਸ਼ਭਗਤੀ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਨੇ ਸਭ ਤੋਂ ਵੱਡਾ ਨੁਕਸਾਨ ਹਿੰਦੁਸਤਾਨ ਦੀ ਤਾਕਤ, ਅਰਥਵਿਵਸਥਾ ਦੀ ਤਾਕਤ ਦਾ ਕੀਤਾ, ਜਿਸ ਨੂੰ ਅਸੀਂ ਹੌਲੀ-ਹੌਲੀ ਬਣਾਇਆ ਸੀ, ਗ੍ਰੀਨ ਰੈਵੋਲਿਊਸ਼ਨ, ਵ੍ਹਾਈਟ ਰੈਵੋਲਿਊਸ਼ਨ, ਬੈਂਕ ਨੈਸ਼ਨਲਾਈਜ਼ੇਸ਼ਨ, ਲਿਬਰਲਾਈਜ਼ੇਸ਼ਨ, ਕੰਪਿਊਟਰ ਰੈਵੋਲਿਊਸ਼ਨ, ਜਿਸ ਨਾਲ ਹਿੰਦੁਸਤਾਨ ਦੀ ਅਰਥਵਿਵਸਥਾ ਮਜ਼ਬੂਤ ਹੋਈ ਸੀ, ਨਰਿੰਦਰ ਮੋਦੀ ਨੇ ਦੋ ਕੁਹਾੜੀਆਂ ਉਸ 'ਤੇ ਮਾਰ ਦਿੱਤੀਆਂ ਅਤੇ ਉਹ ਵੀ ਬਿਨਾਂ ਕਿਸੇ ਤੋਂ ਪੁੱਛੇ, ਸਲਾਹ ਲਏ।

ਓ ਭਰਾਵਾ ਤੁਹਾਡੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਟੇਲੈਂਟ ਹੈ, ਟੌਪ ਕਲਾਸ ਟੇਲੈਂਟ ਹੈ। ਰਘੁਰਾਮ ਰਾਜਨ ਜੀ ਬੈਠੇ ਹਨ, ਆਰ. ਬੀ. ਆਈ ਹੈ, ਦੁਨੀਆ ਦੇ ਇਕੋਨਾਮਿਸਟ ਹਨ, ਟੌਪ ਬਿਊਰੋਕ੍ਰੇਟਸ ਹਨ, ਤੁਸੀਂ ਕਿਸੇ ਤੋਂ ਵੀ ਪੁੱਛ ਲੈਂਦੇ ਤੁਸੀਂ ਨੋਟਬੰਦੀ ਕੀਤੀ, ਤੁਸੀਂ ਕਿਸੇ ਤੋਂ ਪੁੱਛਿਆ? ਕੈਬਨਿਟ ਤੋਂ ਵੀ ਨਹੀਂ ਪੁੱਛਿਆ, 12 ਵਜੇ ਰਾਤ ਧੂਮਧਾਮ ਨਾਲ ਕੀਤੀ ਪਰ ਤੁਸੀਂ ਕਿਸੇ ਛੋਟੇ ਦੁਕਾਨਦਾਰ ਤੋਂ ਪੁੱਛਿਆ- ਭਰਾਵਾ, ਕੀ ਹੋਵੇਗਾ? ਪੰਜ ਵੱਖ-ਵੱਖ ਟੈਕਸ ਲਗ ਗਏ, 28 ਫੀਸਦੀ ਟੈਕਸ ਲਗ ਗਿਆ, ਹਰ ਮਹੀਨੇ ਤੁਹਾਨੂੰ 10 ਫਾਰਮ ਭਰਨੇ ਪੈਣਗੇ, ਤਾਂ ਕੀ ਹੋਵੇਗਾ? ਤੁਸੀਂ ਜਨਤਾ ਦੀ ਆਵਾਜ਼ ਨਹੀਂ ਸੁਣੀ। ਨਰਿੰਦਰ ਮੋਦੀ ਜੀ ਤੁਸੀਂ ਸਿਰਫ ਤੁਹਾਡੇ ਦਿਲ 'ਚ ਜੋ ਸੀ, ਤੁਸੀਂ ਉਹ ਸੁਣਿਆ। ਤੁਸੀਂ ਆਪਣੇ 'ਮਨ ਕੀ ਬਾਤ' ਸੁਣੀ, ਦੇਸ਼ ਦੇ 'ਮਨ ਕੀ ਬਾਤ' ਕਿਉਂ ਨਹੀਂ ਸੁਣੀ, ਇਸ ਲਈ ਅਸੀਂ ਤੁਹਾਡੇ ਨਾਲ ਲੜ ਰਹੇ ਹਾਂ।

ਬੇਰੋਜ਼ਗਾਰੀ ਦੇ ਮੁੱਦੇ 'ਤੇ ਕੀ ਸਟੈਂਡ ਹੈ, ਹੁਣ ਜੋ ਸਟੱਡੀਜ਼ ਆ ਰਹੀਆਂ ਹਨ, ਉਸ ਵਿਚ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ 40 ਫੀਸਦੀ ਰੋਜ਼ਗਾਰ ਹੋਰ ਘੱਟ ਹੋਣ ਜਾ ਰਿਹਾ ਹੈ। ਇਸ 'ਤੇ ਅਗਲੇ 5 ਸਾਲਾਂ 'ਚ ਕਾਂਗਰਸ ਪਾਰਟੀ ਦਾ ਕੀ ਸਟੈਂਡ ਰਹੇਗਾ? ਤੁਸੀਂ ਜਿਵੇਂ ਕਿਹਾ ਹੈ ਕਿ 22 ਲੱਖ ਲੋਕਾਂ ਨੂੰ ਨੌਕਰੀ ਦਿਆਂਗੇ, ਇਹ ਕਿਵੇਂ ਹੋਵੇਗਾ? ਪੈਸਾ ਕਿੱਥੋਂ ਆਏਗਾ?

ਮੇਰਾ ਟੀਚਾ ਹੈ ਹਿੰਦੁਸਤਾਨ ਦੇ ਜੋ ਛੋਟੇ ਉਦਯੋਗ ਹਨ, ਉਨ੍ਹਾਂ ਦੀ ਪੂਰੀ ਤਰ੍ਹਾਂ ਮਦਦ ਕਰਨਾ, ਆਰਥਿਕ ਮਦਦ ਕਰਨਾ। ਉਨ੍ਹਾਂ ਨੂੰ ਸੁਰੱਖਿਆ ਦੇਣੀ। ਉਨ੍ਹਾਂ ਨੂੰ ਤਕਨੀਕੀ ਮਦਦ ਕਰਨਾ। ਅਸੀਂ ਬਹੁਤ ਚੰਗਾ ਇਕ ਆਇਡੀਆ ਕੱਢਿਆ ਹੈ, ਬਿਜ਼ਨੈੱਸ ਸ਼ੁਰੂ ਕਰਨ ਲਈ 3 ਸਾਲ ਕਿਸੇ ਨੂੰ ਕੋਈ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੋਵੇਗੀ। ਰੈਵੋਲਿਊਸ਼ਨਰੀ ਆਇਡੀਆ- ਨਿਆਂ ਯੋਜਨਾ, ਜੋ ਨਰਿੰਦਰ ਮੋਦੀ ਜੀ ਨੇ ਹਿੰਦੁਸਤਾਨ ਦੀ ਇਕਾਨਮੀ ਨੂੰ ਜਾਮ ਕਰ ਕੇ ਰੱਖਿਆ ਹੈ, ਉਸ ਨੂੰ ਜੰਪ ਸਟਾਰਟ ਦੇਣਾ। ਸਿੱਧੇ ਲੋਕਾਂ ਦੇ ਹੱਥ 'ਚ ਪਰਚੇਜ਼ਿੰਗ ਕਪੈਸਿਟੀ ਪਾਉਣਾ। ਜਦੋਂ ਲੋਕਾਂ ਨੂੰ ਪੈਸਾ ਮਿਲੇਗਾ, ਉਹ ਮਾਲ ਖਰੀਦਣਗੇ ਤਾਂ ਦੁਕਾਨ 'ਚ ਮਾਲ ਵਿਕੇਗਾ। ਫੈਕਟਰੀਆਂ ਚਾਲੂ ਹੋ ਜਾਣਗੀਆਂ। ਲੋਕਾਂ ਨੂੰ ਕੰਮ ਮਿਲੇਗਾ।

ਨਿਆਂ ਯੋਜਨਾ ਅਧੀਨ 72 ਹਜ਼ਾਰ ਰੁਪਏ ਸਾਲ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਨੂੰ ਸਹੀ ਢੰਗ ਨਾਲ ਪ੍ਰਚਾਰਿਤ ਕਰ ਸਕੇ? ਚੋਣਾਂ ਦੇ ਸਾਰੇ ਪੜਾਵਾਂ ਤੋਂ ਬਾਅਦ ਵੀ ਲੋਕਾਂ ਤਕ ਇਹ ਗੱਲ ਪਹੁੰਚ ਗਈ?

ਦੇਖੋ, ਨਰਿੰਦਰ ਮੋਦੀ ਜੀ ਦੇ ਕੋਲ ਪੈਸਾ ਬਹੁਤ ਹੈ। ਸਾਡੇ ਤੋਂ 10-15 ਗੁਣਾ ਵੱਧ ਪੈਸਾ ਹੈ। ਮਾਰਕੀਟਿੰਗ ਉਨ੍ਹਾਂ ਦੀ ਬਹੁਤ ਚੰਗੀ ਹੈ। ਸਾਡੇ ਕੋਲ ਸੀਮਤ ਸੋਮੇ ਸਨ। ਦੇਸ਼ ਭਰ 'ਚ ਸਾਡੇ ਵਰਕਰਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ। ਮੈਨੂੰ ਲੱਗਦਾ ਹੈ ਉਨ੍ਹਾਂ ਨੇ ਨਿਆਂ ਯੋਜਨਾ ਦੀ ਗੱਲ ਦੂਰ-ਦੁਰਾਡੇ ਤਕ ਦੇ ਲੋਕਾਂ ਤਕ ਪਹੁੰਚਾਈ ਹੈ।

ਪੀ. ਐੱਮ. ਨੇ ਰਾਸ਼ਟਰਵਾਦ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ ਹੈ, ਕੀ ਕਾਂਗਰਸ ਨੇ ਸੋਚਿਆ ਸੀ ਕਿ ਮੋਦੀ ਜੀ ਇਹ ਮੁੱਦਾ ਉਠਾਉਣਗੇ? ਕੀ ਫੌਜ 'ਤੇ ਸਿਆਸਤ ਕੀਤੀ ਜਾਣੀ ਚਾਹੀਦੀ ਹੈ ਜਾਂ ਉਸ ਨੂੰ ਲੈ ਕੇ ਸਿਆਸੀ ਬਹਿਸ ਕੀਤੀ ਜਾਣੀ ਚਾਹੀਦੀ ਹੈ?

ਇਕ ਤਾਂ ਸਭ ਤੋਂ ਪਹਿਲਾਂ ਬੀ. ਜੇ. ਪੀ. ਦੇ ਨੇਤਾ ਨੇ ਕਿਹਾ, 'ਮੋਦੀ ਕੀ ਸੈਨਾ' ਪਰ ਸਾਡੀ ਫੌਜ, ਮੋਦੀ ਦੀ ਫੌਜ ਨਹੀਂ ਹੈ, ਹਿੰਦੁਸਤਾਨ ਦੀ ਫੌਜ ਹੈ। ਪੁਲਵਾਮਾ ਹਮਲੇ ਤੋਂ ਬਾਅਦ ਮੈਂ ਸਾਫ ਕਿਹਾ ਕਿ ਅਸੀਂ ਇਸ ਨੂੰ ਸਿਆਸੀ ਮੁੱਦਾ ਨਹੀਂ ਬਣਾਉਣ ਵਾਲੇ ਹਾਂ। ਸਾਡਾ ਪੂਰਾ ਸਮਰਥਨ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੇ ਨਾਲ ਹੈ। ਪੂਰਾ ਸਮਰਥਨ ਸਰਕਾਰ ਨੂੰ ਹੈ।

ਨਰਿੰਦਰ ਮੋਦੀ ਜੀ ਨੇ ਇਸ ਦਾ ਸਿਆਸੀਕਰਨ ਕੀਤਾ, ਉਸ ਦਾ ਸਿਆਸੀ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਇਸ ਦੇ ਵਿਰੋਧ 'ਚ ਹਾਂ। ਮੁੱਖ ਗੱਲ ਇਹ ਹੈ ਕਿ ਨਰਿੰਦਰ ਮੋਦੀ ਜੀ ਨੇ ਤਿੰਨ-ਚਾਰ ਵਾਅਦੇ ਕੀਤੇ ਸਨ। 2 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ, 15 ਲੱਖ ਹਰ ਬੈਂਕ ਖਾਤੇ 'ਚ, ਕਿਸਾਨਾਂ ਨੂੰ ਸਹੀ ਕੀਮਤ, ਭ੍ਰਿਸ਼ਟਾਚਾਰ ਵਿਰੁੱਧ ਲੜਾਈ, ਉਨ੍ਹਾਂ ਬਾਰੇ ਉਹ ਕੁਝ ਕਹਿ ਨਹੀਂ ਰਹੇ ਹਨ, ਕਿਉਂਕਿ ਉਨ੍ਹਾਂ ਸਾਰਿਆਂ 'ਚ ਉਹ ਫੇਲ ਹੋ ਗਏ। ਕੌਮੀ ਸੁਰੱਖਿਆ ਦੀ ਗੱਲ ਕਰਦੇ ਹਾਂ ਤਾਂ ਰਾਫੇਲ ਦੀ ਗੱਲ ਕਰਦਾ ਹਾਂ। ਫਰਾਂਸ ਦੇ ਰਾਸ਼ਟਰਪਤੀ ਨੇ ਦੱਸਿਆ ਕਿ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕਿਹਾ ਕਿ ਅਨਿਲ ਅੰਬਾਨੀ ਨੂੰ ਕਾਂਟ੍ਰੈਕਟ ਮਿਲਣਾ ਚਾਹੀਦਾ। ਨਰਿੰਦਰ ਮੋਦੀ ਜੀ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਰਾਫੇਲ ਮਾਮਲੇ 'ਚ ਉਨ੍ਹਾਂ ਨੇ ਚੋਰੀ ਕਿਉਂ ਕਰਵਾਈ, ਅਨਿਲ ਅੰਬਾਨੀ ਨੂੰ ਠੇਕਾ ਕਿਉਂ ਦਿੱਤਾ? ਅਨਿਲ ਅੰਬਾਨੀ 'ਤੇ 45,000 ਕਰੋੜ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਨੂੰ ਜੇਲ ਜਾਣ ਤੋਂ ਉਨ੍ਹਾਂ ਦੇ ਭਰਾ ਨੇ ਬਚਾਇਆ। ਅਜਿਹਾ ਆਦਮੀ ਦੁਨੀਆ ਦਾ ਸਭ ਤੋਂ ਵੱਡਾ ਡਿਫੈਂਸ ਦਾ ਕਾਂਟ੍ਰੈਕਟ ਕਿਵੇਂ ਪੂਰਾ ਕਰੇਗਾ? ਖਰੀਦਦਾਰੀ ਨੂੰ ਲੈ ਕੇ ਵੀ ਹਵਾਈ ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਨਰਿੰਦਰ ਮੋਦੀ ਬਰਾਬਰੀ ਵਾਲੀ ਗੱਲਬਾਤ ਕਰ ਰਹੇ ਸਨ। ਮੈਨੂੰ ਇਹ ਸਮਝਾਓ ਨਾ, ਤੁਸੀਂ ਕੌਮੀ ਸੁਰੱਖਿਆ ਦੀ ਗੱਲ ਕਰਦੇ ਹੋ, ਕੀ ਰਾਫੇਲ ਕੌਮੀ ਸੁਰੱਖਿਆ ਨਹੀਂ ਹੈ? ਮੈਂ ਕਿਹਾ ਮੇਰੇ ਨਾਲ ਡਿਬੇਟ ਕਰੋ। ਆਓ ਮੈਨੂੰ 15 ਮਿੰਟ ਦਿਓ, ਤੁਸੀਂ 2 ਘੰਟੇ ਬਹਿਸ ਕਰ ਲੈਣਾ। ਮੈਂ ਗਾਰੰਟੀ ਦਿੰਦਾ ਹਾਂ ਕਿ ਇਸ ਤੋਂ ਬਾਅਦ ਨਰਿੰਦਰ ਮੋਦੀ ਮੂੰਹ ਨਹੀਂ ਦਿਖਾ ਸਕਣਗੇ।

DIsha

This news is Content Editor DIsha