ਧਰਮ ਤੇ ਸਿਆਸਤ ਦਾ ਰਲੇਵਾ ਐੱਸ. ਜੀ. ਪੀ. ਸੀ. ਨੂੰ ਢਾਹ ਲਾਏਗਾ : ਕਾਂਗਰਸ

06/27/2017 9:19:10 AM

ਚੰਡੀਗੜ੍ਹ (ਬਿਊਰੋ) — ਪੰਜਾਬ ਕਾਂਗਰਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਵਲੋਂ ਹਾਲ ਹੀ ਦੀਆਂ ਸੂਬਾ ਵਿਧਾਨ ਸਭਾ ਵਿਚਲੀਆਂ ਘਟਨਾਵਾਂ ਦੇ ਸਬੰਧ 'ਚ ਧਾਰਮਿਕ ਸੰਸਥਾ ਦੇ ਸਿਆਸੀਕਰਨ  ਕਰਨ ਦੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਧਰਮ ਤੇ ਸਿਆਸਤ ਨੂੰ ਰਲਗੱਡ ਕਰਨ ਨਾਲ ਇਸ ਧਾਰਮਿਕ ਸੰਸਥਾ ਨੂੰ ਵੱਡੀ ਢਾਹ ਲੱਗੇਗੀ।
ਇਥੇ ਜਾਰੀ ਇਕ ਬਿਆਨ 'ਚ ਪੰਜਾਬ ਕਾਂਗਰਸ ਨੇ ਬਡੂੰਗਰ 'ਤੇ ਆਪਣੀਆਂ ਖਾਹਿਸ਼ਾਂ ਵਾਸਤੇ ਸਿਆਸੀ ਫਾਇਦਾ ਲੈਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਵਲੋਂ ਲੰਮੇ ਸਮੇਂ ਤੋਂ ਐੱਸ. ਜੀ. ਪੀ. ਸੀ. 'ਤੇ ਕੰਟਰੋਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਦੀ ਗਵਾਹੀ ਭਰਦਾ ਹੈ ਤੇ ਐੱਸ. ਜੀ. ਪੀ. ਸੀ. ਨੇ ਹੁਣ ਸਿਆਸੀ ਖੇਤਰ  'ਚ ਸ਼ਾਮਲ  ਹੋਣ ਦਾ ਰਸਮੀ ਫੈਸਲਾ ਕਰ ਲਿਆ ਹੈ। ਇਹ ਬਿਆਨ ਪੰਜਾਬ ਪ੍ਰਦੇਸ਼ ਕਾਂਗਰਸ ਕਾਂਗਰਸ ਕਮੇਟੀ ਦੇ ਆਗੂਆਂ ਸੁਖਜਿੰਦਰ ਸਿੰਘ ਰੰਧਾਵਾ, ਸੁਖਬੀਰ  ਸਿੰਘ ਸਰਕਾਰੀਆਂ, ਰਮਨਜੀਤ ਸਿੰਘ ਸਿੱਕੀ, ਸੁਖਜੀਤ ਸਿੰਘ ਕਾਕਾ ਲੌਹਗੜ੍ਹ ਤੇ ਦਰਸ਼ਨ ਸਿੰਘ ਬਰਾੜ ਨੇ ਜਾਰੀ ਕੀਤਾ। ਕਾਂਗਰਸੀ  ਆਗੂਆਂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਸਪਸ਼ੱਟ ਹੋ ਚੁੱਕਾ ਹੈ ਕਿ ਬਡੂੰਗਰ ਨੇ ਖੁਦ ਹੀ ਅਕਾਲੀ ਦਲ ਦੀ ਅਗਵਾਈ ਕਰਨ 'ਤੇ ਆਪਣੀਆਂ ਅੱਖਾਂ ਗੱਡੀਆਂ ਹੋਈਆਂ ਹਨ ਜੋ ਕਿ ਇਸ ਵੇਲੇ ਸ਼ਕਤੀਸ਼ਾਲੀ ਲੀਡਰਸ਼ਿਪ ਤੋਂ ਪੂਰੀ ਤਰ੍ਹਾਂ ਵਿਹੁਣੀ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਜੇ. ਐੱਸ. ਜੀ. ਪੀ. ਸੀ. ਪੰਜਾਬ 'ਚ ਸਿੱਖਾਂ ਦੇ ਅਧਿਕਾਰਾਂ ਤੇ ਹਿੱਤਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਚਿੰਤਤ ਸੀ ਤਾਂ ਇਸ ਅਕਾਲੀ ਦਲ ਦੇ ਸ਼ਾਸਨ ਦੌਰਾਨ ਪੈਦਾ ਹੋਏ ਗੰਭੀਰ ਸੰਕਟਾਂ ਦੌਰਾਨ ਸਿੱਖਾਂ ਨੂੰ ਆਪਣਾ ਸਮਰਥਨ ਦੇਣਾ ਚਾਹੀਦਾ ਸੀ, ਜਿਸ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗੇ ਮਾਮਲੇ ਸ਼ਾਮਲ ਹਨ।