700 ਕਰੋੜ ਰੁਪਏ ਦੀ ਕਣਕ ਦੀ ਬਰਬਾਦੀ ਦੀ ਜ਼ਿੰਮੇਵਾਰ ਐੱਫ. ਸੀ. ਆਈ. : ਪ੍ਰਕਾਸ਼ ਸਿੰਘ ਬਾਦਲ

08/06/2017 2:34:16 PM

ਮੁਕਤਸਰ (ਤਰਸੇਮ ਢੁੱਡੀ) — ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਿੱਜੀ ਹਲਕੇ ਲੰਬੀ ਦਾ ਦੌਰਾ ਕੀਤਾ ਤੇ ਪਿਛਲੇ ਦਿਨੀਂ ਹੋਈਆਂ ਮੌਤਾਂ ਦਾ ਅਫਸੋਸ ਕਰਨ ਲਈ ਘਰ-ਘਰ ਜਾ ਕੇ ਲੋਕਾਂ ਨੂੰ ਮਿਲੇ। ਜਿਥੇ ਉਨ੍ਹਾਂ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਾਂਗਰਸ ਸਰਕਾਰ 'ਤੇ ਕਈ ਨਿਸ਼ਾਨੇ ਸਾਧੇ। ਪੰਜਾਬ 'ਚ ਕਰਜਾ ਕੁਰਕੀ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਰਜਾ ਮੁਆਫੀ ਨੂੰ ਲੈ ਕੇ ਹਰ ਰੋਜ਼ ਇਨ੍ਹਾਂ ਵਲੋਂ ਕੋਈ ਨਾ ਕੋਈ ਨਵਾਂ ਬਿਆਨ ਆ ਜਾਂਦਾ ਹੈ, ਕਾਂਗਰਸ ਨੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਪਿੱਛੇ ਲਗਾ ਕੇ ਵੋਟ ਹਾਸਲ ਕੀਤੇ ਹਨ ਤੇ ਸਰਕਾਰ ਬਣਾਈ ਹੈ। 
ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਸਰਕਾਰ ਵਲੋਂ ਕੋਈ ਫਾਊਡੇਸ਼ਨ ਬਣਾਉਣਾ ਚਾਹੀਦਾ ਹੈ ਜਾਂ ਨਹੀਂ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਚੰਦਾ ਕੌਣ ਦਿੰਦਾ ਹੈ, ਇਹ ਕੰਮ ਸਰਕਾਰ ਦਾ ਹੈ, ਇਸ ਲਈ ਸਰਕਾਰ ਅੱਗੇ ਆਵੇ।
ਯੂ.ਪੀ. ਦੇ ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਵਲੋਂ ਯੂ.ਪੀ. 'ਚ ਸਿੱਖ ਵਿਆਹ ਐਕਟ ਲਾਗੂ ਕੀਤੇ ਜਾਣ 'ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਇਹ ਐਕਟ ਪੰਜਾਬ 'ਚ ਪਹਿਲਾਂ ਹੀ ਲਾਗੂ ਹੈ, ਲੋਕ ਚਾਹੁਣ ਤਾਂ ਇਸ ਐਕਟ 'ਚ ਵਿਆਹ ਕਰਵਾ ਸਕਦੇ ਹਨ। 
ਪੰਜਾਬ 'ਚ ਪੰਜਾਬ ਪੁਲਸ 'ਤੇ ਅਕਾਲੀ ਦਲ ਦੇ ਦਬਾਅ ਨੂੰ ਲੈ ਕੇ ਬੋਲਦਿਆਂ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਕਿਸੇ 'ਤੇ ਦਬਾਅ ਨਹੀਂ ਬਣਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਸਰਕਾਰ ਦੇ ਸਮੇਂ ਕਿਸੇ ਨੂੰ ਵੀ ਧਮਕੀ ਨਹੀਂ ਦਿੱਤੀ।
ਕਾਂਗ ਦੀ ਰਿਪੋਰਟ ਵਲੋਂ ਕੀਤੇ ਗਏ ਖੁਲਾਸੇ 700 ਕਰੋੜ ਦੀ ਕਣਕ ਦੀ ਬਰਬਾਦੀ 'ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਇਹ ਸਾਰੀ ਜ਼ਿੰਮੇਵਾਰੀ ਐੱਫ. ਸੀ. ਆਈ. ਵਿਭਾਗ ਦੀ ਹੈ , ਰਾਜ ਸਰਕਾਰ ਜੋ ਵੀ ਅਨਾਜ ਦੀ ਖਰੀਦ ਕੀਤੀ ਜਾਂਦੀ ਹੈ ਉਹ ਐੱਫ. ਸੀ. ਆਈ. ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਵਿਭਾਗ ਇਸ ਦੀ ਸਹੀ ਢੰਗ ਨਾਲ ਸੰਭਾਲ ਕਰੇ।