ਬੇਅਦਬੀ ਦੇ ਮੁੱਦੇ ’ਤੇ ਕਾਂਗਰਸ ਨੇ ਸਿਰਫ ਸਿਆਸਤ ਹੀ ਕੀਤੀ : ਸੁਖਬੀਰ

12/25/2021 9:19:35 PM

ਜਲੰਧਰ(ਲਾਭ ਸਿੰਘ ਸਿੱਧੂ)– ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਿਰਫ ਸਿਆਸਤ ਹੀ ਕੀਤੀ ਹੈ। ਕਾਂਗਰਸ ਸਰਕਾਰ ਪਿਛਲੇ 5 ਸਾਲਾਂ ਤੋਂ ਇਹ ਯਤਨ ਕਰ ਰਹੀ ਹੈ ਕਿ ਬੇਅਦਬੀ ਦੇ ਮਾਮਲੇ ਵਿਚ ਕਿਸੇ ਨਾ ਕਿਸੇ ਤਰੀਕੇ ਨਾਲ ਅਕਾਲੀ ਲੀਡਰਾਂ ਨੂੰ ਫਸਾਇਆ ਜਾ ਸਕੇ ਅਤੇ ਇਸ ਮੁੱਦੇ ’ਤੇ ਫਿਰ ਲੋਕਾਂ ਨੂੰ ਗੁੰਮਰਾਹ ਕਰ ਕੇ ਸਰਕਾਰ ਬਣਾਈ ਜਾਵੇ ਪਰ ਇਹ ਕਾਂਗਰਸ ਦੀ ਗਲਤਫਹਿਮੀ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਹੀ।

ਇਹ ਵੀ ਪੜ੍ਹੋ : ਕੇਜਰੀਵਾਲ ਵੱਲੋਂ ਆਂਗਣਵਾੜੀ ਤੇ ਆਸ਼ਾ ਵਰਕਰਾਂ ਨਾਲ ਮੁਲਾਕਾਤ, ਕਿਹਾ-‘ਆਪ’ ਸਰਕਾਰ ਬਣਨ ’ਤੇ ਮੰਗਾਂ ਕਰਾਂਗੇ ਪੂਰੀਆਂ
ਸੁਖਬੀਰ ਬਾਦਲ ਨੇ ਕਿਹਾ ਕਿ ਬੇਅਦਬੀ ਦੇ ਮਾਮਲੇ ’ਤੇ ਜਿੰਨੀ ਵੀ ਅੱਜ ਤੱਕ ਜਾਂਚ ਹੋਈ ਹੈ, ਕਿਸੇ ਵੀ ‘ਸਿਟ’ ਜਾਂ ਏਜੰਸੀ ਨੇ ਅਕਾਲੀ ਲੀਡਰਾਂ ਦੀ ਸ਼ਮੂਲੀਅਤ ਬਾਰੇ ਇਕ ਵੀ ਲਫਜ਼ ਨਹੀਂ ਲਿਖਿਆ ਅਤੇ ਜਿਹੜਾ ਚਲਾਨ ‘ਸਿਟ’ ਨੇ ਪੇਸ਼ ਕੀਤਾ, ਉਸ ਦੀਆਂ ਹਾਈ ਕੋਰਟ ਨੇ ਧੱਜੀਆਂ ਉਡਾ ਦਿੱਤੀਆਂ। ਕਾਂਗਰਸ ਦੇ ਪੌਣੇ 5 ਸਾਲਾਂ ਦੇ ਰਾਜ ਵਿਚ ਅਣਗਿਣਤ ਬੇਅਦਬੀਆਂ ਹੋਈਆਂ ਪਰ ਕਾਂਗਰਸ ਸਰਕਾਰ ਕਿਸੇ ਵੀ ਦੋਸ਼ੀ ਨੂੰ ਫੜ ਨਹੀਂ ਸਕੀ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਹੁਣ ਮੁੱਖ ਮੰਤਰੀ ਚੰਨੀ ਦੀ ਨਾਲਾਇਕੀ ਕਰ ਕੇ ਬੇਅਦਬੀਆਂ ਹੋ ਰਹੀਆਂ ਹਨ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਬੇਅਦਬੀ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮੰਗ ਰਹੇ ਹਨ ਪਰ ਸਿੱਧੂ ਪਹਿਲਾਂ 84 ਵਿਚ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੇ ਦੋਸ਼ੀ ਗਾਂਧੀ ਪਰਿਵਾਰ ਵਿਰੁੱਧ ਕਾਰਵਾਈ ਕਿਉਂ ਨਹੀਂ ਕਰਵਾਉਂਦੇ?

ਬਿਕਰਮ ਮਜੀਠੀਆ ’ਤੇ ਝੂਠਾ ਕੇਸ ਦਰਜ ਕਰਨ ਲਈ ਮੁੱਖ ਮੰਤਰੀ ਚੰਨੀ ਅਤੇ ਕਾਂਗਰਸ ਪ੍ਰਧਾਨ ਸਿੱਧੂ ਨੂੰ ਲੰਮੇ ਹੱਥੀਂ ਲੈਂਦਿਆਂ ਬਾਦਲ ਨੇ ਕਿਹਾ ਕਿ ਜਿੰਨੇ ਮਰਜ਼ੀ ਝੂਠੇ ਪਰਚੇ ਦਰਜ ਕਰ ਲਓ, ਲੋਕ ਚੋਣਾਂ ਵਿਚ ਤੁਹਾਨੂੰ ਮੂੰਹ-ਤੋੜਵਾਂ ਜਵਾਬ ਦੇਣਗੇ। ਅਕਾਲੀ ਲੀਡਰ ਪਰਚਿਆਂ ਤੋਂ ਨਹੀਂ ਡਰਦੇ ਅਤੇ ਇਸ ਪਰਚੇ ਦਾ ਅਕਾਲੀ ਦਲ ਹਰ ਪੱਧਰ ’ਤੇ ਵਿਰੋਧ ਕਰੇਗਾ। ਸੁਖਬੀਰ ਨੇ ਕਿਹਾ ਕਿ ਪਹਿਲਾਂ ਵੀ ਸਾਡੇ ’ਤੇ ਪਰਚੇ ਦਰਜ ਹੋਏ ਹਨ। ਸਾਨੂੰ ਅਦਾਲਤਾਂ ’ਤੇ ਪੂਰਾ ਭਰੋਸਾ ਹੈ। ਪਹਿਲੇ ਪਰਚਿਆਂ ਵਿਚ ਵੀ ਅਸੀਂ ਬਰੀ ਹੋਏ ਹਾਂ ਅਤੇ ਇਸ ਵਿਚੋਂ ਵੀ ਪਾਕ-ਸਾਫ ਨਿਕਲਾਂਗੇ।

ਇਹ ਵੀ ਪੜ੍ਹੋ :  ਭਾਜਪਾ ਨੇਤਾ RP ਸਿੰਘ ਨੇ ਪਾਕਿ ਹਾਈ ਕਮਿਸ਼ਨਰ ਨੂੰ ਪੱਤਰ ਲਿਖ ਸਿੱਖਾਂ ਦੇ ਕਿਰਪਾਨ ਮਸਲੇ ’ਤੇ ਜਤਾਇਆ ਸਖ਼ਤ ਇਤਰਾਜ਼

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਕਾਂਗਰਸ ਦੀ ਇਸ ਭ੍ਰਿਸ਼ਟ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾ ਲਿਆ ਹੈ। ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਹੋ ਰਹੀਆਂ ਵਿਸ਼ਾਲ ਰੈਲੀਆਂ ਇਸ ਗੱਲ ਦੀ ਪ੍ਰੋੜਤਾ ਕਰਦੀਆਂ ਹਨ। ਹਰ ਹਲਕੇ ਵਿਚ ਹੋ ਰਹੀ ਰੈਲੀ ਇਕ-ਦੂਜੀ ਨਾਲੋਂ ਵੱਡੀ ਹੋ ਰਹੀ ਹੈ, ਜਿਸ ਕਰ ਕੇ ਕਾਂਗਰਸ ਪੂਰੀ ਤਰ੍ਹਾਂ ਘਬਰਾਈ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹੁਣ ਚੰਦ ਦਿਨਾਂ ਦੀ ਰਹਿ ਗਈ ਹੈ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ

Bharat Thapa

This news is Content Editor Bharat Thapa