ਕਾਂਗਰਸ ਨੂੰ ਆਪਣੇ ਵਿਧਾਇਕਾਂ ’ਤੇ ਨਹੀਂ ਭਰੋਸਾ, ਡਰ ਕਾਰਨ ਰਾਜਸਥਾਨ ਦੇ ਰਿਜ਼ੋਰਟ ’ਚ ਭੇਜੇ : ਚੁੱਘ

03/05/2022 7:56:42 PM

ਅੰਮ੍ਰਿਤਸਰ (ਬਿਊਰੋ)-ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਸੂਬੇ ’ਚ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਵਿਧਾਨ ਸਭਾ ਚੋਣਾਂ ’ਚ ਹਾਰ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ। ਕਾਂਗਰਸ ਹਾਈਕਮਾਂਡ ਨੇ ਜਿਸ ਤਰ੍ਹਾਂ ਆਪਣੇ ਜੇਤੂ ਉਮੀਦਵਾਰਾਂ ਨੂੰ ਰਾਜਸਥਾਨ ਦੇ ਰਿਜ਼ੋਰਟ ’ਚ ਪਰਿਵਾਰ ਸਮੇਤ ਠਹਿਰਨ ਦੀ ਵਿਵਸਥਾ ਕਰਨੀ ਸ਼ੁਰੂ ਕਰ ਦਿੱਤੀ ਹੈ, ਇਸ ਤੋਂ ਇਕ ਸੰਕੇਤ ਤਾਂ ਇਹ ਹੈ ਕਿ ਪਾਰਟੀ ਨੂੰ ਆਪਣੇ ਵਿਧਾਇਕਾਂ ’ਤੇ ਭਰੋਸਾ ਨਹੀਂ ਹੈ ਕਿ ਉਨ੍ਹਾਂ ਦੀ ਵਫ਼ਾਦਾਰੀ ਪਾਰਟੀ ਨਾਲ ਰਹੇਗੀ ਜਾਂ ਨਹੀਂ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਨੂੰ ਲੈ ਕੇ PM ਮੋਦੀ ਨੂੰ ਭਗਵੰਤ ਮਾਨ ਨੇ ਕੀਤੀ ਵੱਡੀ ਅਪੀਲ

ਦੂਜੇ ਸੂਬਿਆਂ ਦੇ ਆਗੂਆਂ ਨੂੰ ਇਸ ਗੱਲ ਦੀ ਚਿੰਤਾ ਸਤਾਉਣ ਲੱਗੀ ਹੈ ਕਿ ਕਾਂਗਰਸ ਪਾਰਟੀ ਦੇ ਹੱਥਾਂ ’ਚੋਂ ਸੱਤਾ ਖੁੱਸਣ ਤੋਂ ਬਾਅਦ ਇਹ ਵਿਧਾਇਕ ਆਪਣਾ ਧੜਾ ਬਦਲ ਕੇ ਹੋਰ ਸਿਆਸੀ ਪਾਰਟੀਆਂ ਨੂੰ ਸਮਰਥਨ ਦੇਣ ਦਾ ਐਲਾਨ ਨਾ ਕਰ ਦੇਣ। ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਚੋਣ ਤੋਂ ਬਾਅਦ ਚੁੱਪੀ ਕਈ ਸਿਆਸੀ ਸੰਕੇਤ ਦੇ ਰਹੀ ਹੈ।

ਇਹ ਵੀ ਪੜ੍ਹੋ : ਰੂਸੀ ਫ਼ੌਜ ਵੱਲੋਂ ਬੰਧਕ ਬਣਾਏ ਆਦਮਪੁਰ ਦੇ ਵਿਦਿਆਰਥੀਆਂ ਦੇ ਆਏ ਫੋਨ, ਦੱਸੀਆਂ ਦਿਲ ਹਲੂਣ ਦੇਣ ਵਾਲੀਆਂ ਗੱਲਾਂ

ਚੁੱਘ ਨੇ ਕਿਹਾ ਕਿ ਸੂਬੇ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਹੁਣ ਤੋਂ ਹੀ ਈ. ਵੀ. ਐੱਮਜ਼ ’ਤੇ ਨਿਸ਼ਾਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਪਾਰਟੀ ਨੂੰ ਜਦੋਂ ਕਦੇ ਹਾਰ ਦਾ ਡਰ ਸਤਾਉਣ ਲੱਗਦਾ ਹੈ ਤਾਂ ਉਨ੍ਹਾਂ ਦੇ ਨੇਤਾ ਈ. ਵੀ. ਐੱਮ. ’ਤੇ ਠੀਕਰਾ ਭੰਨਣ ਲਈ ਨਤੀਜਿਆਂ ਤੋਂ ਪਹਿਲਾਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਹਨ। ਬੀਬੀ ਭੱਠਲ ਨੂੰ ਯਾਦ ਰੱਖਣਾ ਹੋਵੇਗਾ ਕਿ 2017 ਵਿਚ ਕਾਂਗਰਸ ਪਾਰਟੀ ਨੇ ਇਨ੍ਹਾਂ ਈ. ਵੀ. ਐੱਮਜ਼ ’ਚ ਪਈਆਂ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਬੇਸ਼ੱਕ ਬੀਤੇ ਪੰਜ ਸਾਲਾਂ ਵਿਚ  ਕਾਂਗਰਸ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਜ਼ੀਰੋ ਰਹੀ ਹੋਵੇ, ਇਸ ’ਤੇ ਟਿੱਪਣੀ ਕਰਨ ਦੀ ਬਜਾਏ ਸੂਬੇ ਦੇ ਕਾਂਗਰਸੀ ਆਗੂ ਈ. ਵੀ. ਐੱਮ. ਤੋਂ ਡਰਨ ਲੱਗ ਪਏ ਹਨ। ਚੋਣਾਂ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਅੰਦਰਲਾ ਅੰਦਰੂਨੀ ਕਲੇਸ਼ ਸਾਹਮਣੇ ਆ ਜਾਵੇਗਾ। ਕਾਂਗਰਸ ਪਾਰਟੀ ਦੇ ਪ੍ਰਧਾਨ ਸਮੇਤ ਚਾਰ ਕਾਰਜਕਾਰੀ ਪ੍ਰਧਾਨਾਂ ਸਮੇਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਚਾਰ ਵੱਡੇ ਆਗੂਆਂ ਦੀ ਚੁੱਪ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਤਾਂ ਨਹੀਂ ਹੈ।

ਇਹ ਵੀ ਪੜ੍ਹੋ : ਭਾਰਤੀਆਂ ਦੀ ਮਦਦ ਲਈ ਪੋਲੈਂਡ ਪਹੁੰਚੇ ਸੰਸਦ ਮੈਂਬਰ ਗੁਰਜੀਤ ਔਜਲਾ, ਵਿਦਿਆਰਥੀਆਂ ਤੋਂ ਜਾਣੇ ਯੂਕ੍ਰੇਨ ਦੇ ਹਾਲਾਤ

ਚੁੱਘ ਨੇ ਕਿਹਾ ਕਿ ਇਸ ਵਾਰ ਪੰਜਾਬੀਆਂ ਨੇ ਬਦਲਾਅ ਲਈ ਵੋਟਾਂ ਪਾਈਆਂ ਹਨ। ਇਹ ਤਬਦੀਲੀ ਭਾਜਪਾ ਦੀ ਹਮਾਇਤ ਵਾਲੇ ਗੱਠਜੋੜ ਲਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਯੂਕ੍ਰੇਨ ’ਚ ਫਸੇ ਪੰਜਾਬੀਆਂ ਲਈ ਹਮਦਰਦੀ ਨਹੀਂ ਸਗੋਂ ਹੰਝੂ ਵਹਾ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਰ ਕੇਂਦਰੀ ਮੰਤਰੀਆਂ ਸਮੇਤ ਏਅਰਫੋਰਸ ਅਤੇ ਏਅਰਲਾਈਨਜ਼ ਕੰਪਨੀਆਂ ਨੂੰ ਇਸ ਮੁਹਿੰਮ ਨਾਲ ਜੋੜਿਆ ਹੋਇਆ ਹੈ। ਵਾਪਸ ਪਰਤ ਰਹੇ ਵਿਦਿਆਰਥੀ ਦੱਸ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੇ ਅਕਸ ਕਾਰਨ ਦੂਜੇ ਦੇਸ਼ਾਂ ਦੇ ਲੋਕ ਭਾਰਤੀਆਂ ਨੂੰ ਯੂਕ੍ਰੇਨ ’ਚੋਂ ਬਾਹਰ ਕੱਢਣ ਲਈ ਸਹਿਯੋਗ ਕਰ ਰਹੇ ਹਨ।

Manoj

This news is Content Editor Manoj